For the best experience, open
https://m.punjabitribuneonline.com
on your mobile browser.
Advertisement

ਤਾਜਾ ਰਾਗੀ ਬੰਗਿਆਂ ਵਾਲਾ

12:06 PM Oct 19, 2024 IST
ਤਾਜਾ ਰਾਗੀ ਬੰਗਿਆਂ ਵਾਲਾ
Advertisement

ਹਰਦਿਆਲ ਸਿੰਘ ਥੂਹੀ

ਲਹਿੰਦੇ ਪੰਜਾਬ ਵਿੱਚ ਤੂੰਬੇ ਜੋੜੀ ਦੀ ਗਾਇਕੀ ਦੀ ਲੁਧਿਆਣਾ ਸ਼ੈਲੀ ਨਾਲ ਬਹੁਤ ਸਾਰੇ ਗਾਇਕ ਜੁੜੇ ਹੋਏ ਹਨ। ਉਨ੍ਹਾਂ ਵਿੱਚੋਂ ਬਹੁ-ਗਿਣਤੀ ਦਾ ਪਿਛੋਕੜ ਚੜ੍ਹਦੇ ਪੰਜਾਬ ਦਾ ਹੈ। ਉਨ੍ਹਾਂ ਦੇ ਪੁਰਖਿਆਂ ਨੂੰ ਦੇਸ਼ ਵੰਡ ਵੇਲੇ ਨਾ ਚਾਹੁੰਦੇ ਹੋਏ ਵੀ ਓਧਰ ਜਾਣਾ ਪਿਆ। ਅਜਿਹੇ ਇੱਕ ਪਰਿਵਾਰ ਵਿੱਚੋਂ ਹੀ ਇੱਕ ਗਾਇਕ ਹੈ ਤਾਜਾ ਰਾਗੀ ਬੰਗਿਆਂ ਵਾਲਾ।
ਤਾਜੇ ਰਾਗੀ ਦਾ ਪੂਰਾ ਨਾਂ ਤਾਜਦੀਨ ਹੈ। ਉਸ ਦਾ ਜਨਮ ਪੱਛਮੀ ਪੰਜਾਬ ਦੇ ਚੱਕ ਨੰ: 105 ਬੰਗੇ, ਜੜ੍ਹਾਂਵਾਲਾ ਰੋਡ, ਫੈਸਲਾਬਾਦ ਵਿਖੇ 1965 ਵਿੱਚ ਪਿਤਾ ਅਹਿਮਦ ਦੀਨ ਤੇ ਮਾਤਾ ਬਸ਼ੀਰਾਂ ਬੀਬੀ ਦੇ ਘਰ ਹੋਇਆ। ਇਹ ਪਰਿਵਾਰ ਘੁਮਿਆਰ ਬਰਾਦਰੀ ਨਾਲ ਸਬੰਧ ਰੱਖਦਾ ਹੈ। ਤਾਜੇ ਦੇ ਪਰਿਵਾਰ ਦਾ ਪਿਛੋਕੜ ਸਾਂਝੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਜੈਤੇ ਵਾਲੀ ਦਾ ਹੈ, ਜਿੱਥੋਂ ਇਹ ਪਰਿਵਾਰ 1947 ਦੀ ਦੇਸ਼ ਵੰਡ ਦੇ ਉਜਾੜੇ ਸਮੇਂ ਓਧਰ ਗਿਆ ਸੀ। ਸਕੂਲੀ ਪੜ੍ਹਾਈ ਤੋਂ ਉਹ ਕੋਰਾ ਹੀ ਰਿਹਾ, ਬਾਅਦ ਵਿੱਚ ਆਪਣੀ ਮਿਹਨਤ ਨਾਲ ਬਸ ਅੱਖਰ ਉਠਾਲਣ ਜੋਗਾ ਹੀ ਹੋਇਆ। ਤਾਜੇ ਦਾ ਬਚਪਨ ਮਿਹਨਤ ਮਜ਼ਦੂਰੀ ਕਰਨ ਵਾਲੇ ਆਮ ਪਰਿਵਾਰਾਂ ਦੇ ਬੱਚਿਆਂ ਵਾਂਗ ਹੀ ਬੀਤਿਆ। ਉਸ ਦਾ ਚਾਚਾ ਗੁਲਾਮ ਮੁਹੰਮਦ ਕਿੰਗ ਖੜਤਾਲ ਨਾਲ ਗਾਉਂਦਾ ਸੀ। ਚਾਚੇ ਨੂੰ ਦੇਖ ਤੇ ਸੁਣ ਕੇ ਤਾਜੇ ਨੂੰ ਗਾਉਣ ਦੀ ਚੇਟਕ ਲੱਗ ਗਈ। ਉਸ ਦੀ ਰੁਚੀ ਨੂੰ ਦੇਖ ਕੇ ਚਾਚੇ ਨੇ ਉਸ ਨੂੰ 12-13 ਸਾਲ ਦੀ ਉਮਰ ਤੋਂ ਸਿਖਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਗਾਇਕੀ ਦੀ ਮੁੱਢਲੀ ਤਾਲੀਮ ਉਸ ਨੇ ਘਰ ਤੋਂ ਹੀ ਪ੍ਰਾਪਤ ਕੀਤੀ।
ਫੈਸਲਾਬਾਦ ਤੂੰਬੇ ਜੋੜੀ ਦੀ ਗਾਇਕੀ ਦਾ ਗੜ੍ਹ ਹੋਣ ਕਾਰਨ ਇੱਥੇ ਆਏ ਦਿਨ ਕਿਸੇ ਨਾ ਕਿਸੇ ਰਾਗੀ (ਗਾਇਕ) ਦਾ ਅਖਾੜਾ ਲੱਗਿਆ ਹੀ ਰਹਿੰਦਾ ਸੀ। ਈਦ ਨੂੰ ਤਾਂ ਇੱਥੇ ਪੂਰੇ ਪੰਜਾਬ ਦੇ ਰਾਗੀ ਇਕੱਤਰ ਹੁੰਦੇ ਸਨ। ਇੱਥੇ ਹੀ ਤਾਜੇ ਨੇ ਉਸਤਾਦ ਸ਼ਰੀਫ ਰਾਗੀ ਨੂੰ ਸੁਣਿਆ। ਉਸਤਾਦ ਸ਼ਰੀਫ ਦੀ ਦਿੱਖ ਅਤੇ ਗਾਇਕੀ ਨੇ ਉਸ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਕੁਝ ਸਮੇਂ ਬਾਅਦ ਹੀ ਉਹ ਉਸਤਾਦ ਸ਼ਰੀਫ ਦਾ ਸ਼ਾਗਿਰਦ ਬਣ ਗਿਆ। ਲਗਾਤਾਰ ਪੰਜ ਸਾਲ ਉਸਤਾਦ ਦੀ ਛਤਰ ਛਾਇਆ ਹੇਠ ਰਿਹਾ। ਪਹਿਲਾਂ ਉਸ ਨੇ ਢੱਡ ਵਜਾਉਣੀ ਸਿੱਖੀ, ਫਿਰ ਤੂੰਬਾ ਅਤੇ ਚਿਮਟਾ ਵਜਾਉਣਾ ਸਿੱਖਿਆ। ਇਸ ਦੇ ਨਾਲ ਨਾਲ ਬਹੁਤ ਸਾਰਾ ‘ਗੌਣ’ ਕੰਠ ਕੀਤਾ। ਛੇਤੀ ਹੀ ਉਹ ਇੱਕ ਚੰਗਾ ਪਾਛੂ ਬਣ ਗਿਆ। ਆਵਾਜ਼ ਸੁਰੀਲੀ ਤੇ ਦਮਦਾਰ ਹੋਣ ਕਾਰਨ ਕਦੇ ਕਦਾਈਂ ਉਸਤਾਦ ਉਸ ਤੋਂ ਇੱਕ ਅੱਧ ‘ਰੰਗ’ ਬਤੌਰ ਆਗੂ ਵੀ ਲੁਆ ਦਿੰਦਾ। ਇਸ ਤਰ੍ਹਾਂ ਤਾਜੇ ਦਾ ਹੌਸਲਾ ਅਤੇ ਵਿਸ਼ਵਾਸ ਵਧਦਾ ਗਿਆ।
ਪੱਕੇ ਪੈਰੀਂ ਹੋਣ ਅਤੇ ਉਸਤਾਦ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਤਾਜੇ ਨੇ ਆਪਣੇ ਗੁਰਭਾਈ ਰਾਗੀ ਵਲਾਇਤ ਅਲੀ ਨਾਲ ਸਾਂਝਾ ਗਰੁੱਪ ਬਣਾ ਲਿਆ। ਇਸ ਗਰੁੱਪ ਵਿੱਚ ਉਸ ਨੇ ਆਗੂ ਪਾਛੂ ਦੋਵੋਂ ਤਰ੍ਹਾਂ ਗਾਉਣਾ ਸ਼ੁਰੂ ਕਰ ਦਿੱਤਾ। ਇਸ ਗਰੁੱਪ ਵਿੱਚ ਮੁਹੰਮਦ ਅਲੀ ਜੋੜੀ ’ਤੇ ਅਤੇ ਵਲਾਇਤ ਅਲੀ ਦੇ ਦੋ ਪੁੱਤਰ ਰਫ਼ਾਕਤ ਅਲੀ ਉਰਫ਼ ਤੋਤਾ ਢੱਡ ’ਤੇ ਅਤੇ ਆਰਫ਼ ਅਲੀ ਤੂੰਬੇ ’ਤੇ ਸਾਥ ਨਿਭਾ ਰਹੇ ਹਨ। ਇਸ ਗਰੁੱਪ ਨਾਲ ਤਾਜਾ ਪੂਰੇ ਪੰਜਾਬ ਵਿੱਚ ਆਪਣੀ ਕਲਾ ਦਾ ਮੁਜ਼ਾਹਰਾ ਕਰ ਚੁੱਕਾ ਹੈ।
ਤਾਜੇ ਨੂੰ ਬਹੁਤ ਸਾਰਾ ‘ਗੌਣ’ ਕੰਠ ਹੈ। ਇਸ ਵਿੱਚ ਪੀਰ ਮੁਰਾਦੀਆ, ਪੀਰ ਗੌਂਸ ਪਾਕ, ਸ਼ਾਹ ਮਨਸੂਰ, ਹਜ਼ਰਤ ਇਬਰਾਹਿਮ, ਸ਼ਾਹ ਦਹੂਦ, ਦੁੱਲਾ ਭੱਟੀ, ਮਿਰਜ਼ਾ, ਹੀਰ, ਸੱਸੀ, ਢੋਲ ਸੰਮੀ, ਕੀਮਾ ਮਲਕੀ ਆਦਿ ਲੜੀਬੱਧ ਗਾਥਾਵਾਂ ਤੋਂ ਇਲਾਵਾ ਬਹੁਤ ਸਾਰੇ ‘ਰੰਗ’ ਸ਼ਾਮਲ ਹਨ। ਨਮੂਨੇ ਵਜੋਂ ਲੋਕ ਗਾਥਾ ਮਲਕੀ ਵਿੱਚੋਂ ਇੱਕ ਰੰਗ ਪੇਸ਼ ਹੈ;
* ਗੜ੍ਹ ਮੁਗਲਾਣਾ ਅੱਲੜ੍ਹ ਜਵਾਨੀ
ਮਲਕੀ ਨਾਮ ਸਦਾਵੇ।
ਮਿਰਗ ਦੀ ਅੱਖ ਤੇ ਕੱਦ ਸਰੂ ਦਾ
ਛਮ ਛਮ ਪੈਲਾਂ ਪਾਵੇ।
ਮੋਰਾਂ ਵਰਗੀ ਚਾਲ ਉਸ ਦੀ ਸਭ ਨੂੰ ਮਸਤ ਬਣਾਵੇ।
ਰੁੜ੍ਹ ਪੁੜ ਜਾਣੀ ਦਾ ਨਾ ਜੋਬਨ ਝੱਲਿਆ ਜਾਵੇ।
* ਰਲ ਮੁਟਿਆਰਾਂ ਬਾਹਰ ਆ ਕੇ
ਖੁੱਲ੍ਹੀਆਂ ਪੀਂਘਾਂ ਪਾਈਆਂ।
ਇੱਕ ਦੂਜੀ ਨੂੰ ਨਾਲ ਮੁਹੱਬਤ
ਘਰ ਤੋਂ ਸੱਦ ਲਿਆਈਆਂ।
1983 ਵਿੱਚ ਤਾਜਦੀਨ ਦਾ ਨਿਕਾਹ ਆਪਣੇ ਚਾਚਾ ਗੁਲਾਮ ਮੁਹੰਮਦ ਦੀ ਧੀ ਨਜ਼ੀਰਾਂ ਬੀਬੀ ਨਾਲ ਹੋਇਆ। ਗੁਲਾਮ ਮੁਹੰਮਦ ਉਸ ਦਾ ਪਹਿਲਾ ਉਸਤਾਦ ਸੀ। ਤਾਜਦੀਨ ਅਤੇ ਨਜ਼ੀਰਾਂ ਦੇ ਘਰ ਤਿੰਨ ਪੁੱਤਰਾਂ ਅਤੇ ਤਿੰਨ ਪੁੱਤਰੀਆਂ ਨੇ ਜਨਮ ਲਿਆ। ਤਿੰਨ ਪੁੱਤਰਾਂ ਵਿੱਚੋਂ ਕਿਸੇ ਨੇ ਵੀ ਆਪਣੇ ਪਿਓ ਵਾਲੀ ਲਾਈਨ ਨਹੀਂ ਫੜੀ। ਭਾਵੇਂ ਓਧਰ ਵੀ ਹੁਣ ਇਸ ਗਾਇਕੀ ਦੀ ਪਹਿਲਾਂ ਜਿੰਨੀ ਕਦਰ ਨਹੀਂ ਰਹੀ, ਇਸ ਦੇ ਬਾਵਜੂਦ ਤਾਜੇ ਵਰਗੇ ਕਲਾਕਾਰ ਚਾਹੁੰਦੇ ਹੋਏ ਵੀ ਇਸ ਤੋਂ ਕਿਨਾਰਾ ਨਹੀਂ ਕਰ ਸਕਦੇ। ਤਾਜੇ ਦੀ ਦਿਲੀ ਇੱਛਾ ਹੈ ਕਿ ਉਹ ਚੜ੍ਹਦੇ ਪੰਜਾਬ ਆਪਣੇ ਪੁਰਖਿਆਂ ਦੀ ਧਰਤੀ ’ਤੇ ਗਾ ਕੇ ਆਵੇ।

Advertisement

ਸੰਪਰਕ: 84271-00341

Advertisement

Advertisement
Author Image

sukhwinder singh

View all posts

Advertisement