ਭੀੜ ਵਿੱਚ ਫਰਾਂਸ ਦੇ ਰਾਜਦੂਤ ਦਾ ਮੋਬਾਈਲ ਚੋਰੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਕਤੂਬਰ
ਦਿੱਲੀ ਸਥਿਤ ਫਰਾਂਸ ਦੇ ਰਾਜਦੂਤ ਦਾ ਮੋਬਾਈਲ ਫੋਨ ਕਿਸੇ ਨੇ ਚੋਰੀ ਕਰ ਲਿਆ। ਭਾਰਤ ਵਿੱਚ ਫਰਾਂਸ ਦੇ ਰਾਜਦੂਤ ਥੀਏਰੀ ਮਥਾਉ ਨੇ ਇਸ ਸਬੰਧੀ ਦਿੱਲੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਸ਼ਿਕਾਇਤ ਵਿੱਚ ਕਿਹਾ ਕਿ ਕਿਸੇ ਨੇ ਉੱਤਰੀ ਦਿੱਲੀ ਦੇ ਚਾਂਦਨੀ ਚੌਕ ਵਿੱਚ ਉਸ ਦਾ ਮੋਬਾਈਲ ਫੋਨ ਚੋਰੀ ਕਰ ਲਿਆ ਹੈ। ਆਨਲਾਈਨ ਦਰਜ ਕਰਵਾਈ ਸ਼ਿਕਾਇਤ ਵਿੱਚ ਉਨ੍ਹਾਂ ਨੇ ਦੱਸਿਆ ਕਿ 20 ਅਕਤੂਬਰ ਨੂੰ ਬਾਅਦ ਦੁਪਹਿਰ ਕਰੀਬ 3.20 ਵਜੇ ਜੈਨ ਮੰਦਰ ਨੇੜੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚੋਂ ਫ਼ੋਨ ਚੋਰੀ ਹੋ ਗਿਆ ਸੀ। ਪੁਲੀਸ ਨੇ ਕਿਹਾ ਕਿ ਚੋਰੀ ਹੋਇਆ ਫ਼ੋਨ ਬਾਅਦ ਵਿੱਚ ਬਰਾਮਦ ਕੀਤਾ ਗਿਆ ਅਤੇ ਰਾਜਦੂਤ ਨੂੰ ਵਾਪਸ ਕਰ ਦਿੱਤਾ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਮੁਲਜ਼ਮਾਂ ਨੂੰ ਫੜ ਲਿਆ ਹੈ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕੀਤਾ ਹੈ। ਇਨ੍ਹੀਂ ਦਿਨੀਂ ਵੱਡੀ ਗਿਣਤੀ ਵਿੱਚ ਲੋਕ ਦੀਵਾਲੀ ਦੀ ਖਰੀਦਦਾਰੀ ਲਈ ਚਾਂਦਨੀ ਚੌਕ ਪਹੁੰਚ ਰਹੇ ਹਨ। ਇਸ ਭੀੜ ਦਾ ਫਾਇਦਾ ਉਠਾਉਂਦੇ ਹੋਏ ਚੋਰ ਲੋਕਾਂ ਦੀਆਂ ਚੀਜ਼ਾਂ ਚੋਰੀ ਕਰ ਰਹੇ ਹਨ। ਦੂਜੇ ਪਾਸੇ ਮੰਦਰ ਮਾਰਗ ਥਾਣਾ ਪੁਲੀਸ ਨੇ ਬਜ਼ੁਰਗ ਜੋੜੇ ਦੇ ਘਰੋਂ ਤਿੰਨ ਮੋਬਾਈਲ ਫੋਨ ਚੋਰੀ ਕਰਨ ਦੇ ਮਾਮਲੇ ਵਿੱਚ 48 ਘੰਟਿਆਂ ਦੇ ਅੰਦਰ ਤਿੰਨ ਨਾਬਾਲਗ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨੋਂ ਮੋਬਾਈਲ ਬਰਾਮਦ ਕਰ ਲਏ। ਗੋਲ ਮਾਰਕੀਟ ਇਲਾਕੇ ਵਿੱਚ ਬਜ਼ੁਰਗ ਜੋੜਾ ਇਕੱਲਾ ਰਹਿੰਦਾ ਸੀ। ਨਵੀਂ ਦਿੱਲੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਨੁਸਾਰ 27 ਅਕਤੂਬਰ ਨੂੰ ਐਲਆਈਸੀ ਇੰਡੀਆ ਦੇ 70 ਸਾਲਾ ਸੇਵਾਮੁਕਤ ਖੇਤਰੀ ਮੈਨੇਜਰ ਰਵੀ ਸ਼ੰਕਰ ਅਤੇ ਉਨ੍ਹਾਂ ਦੀ ਪਤਨੀ ਚਿਤਰਾ ਸ਼ੇਖਰ ਨੇ ਘਰੋਂ ਤਿੰਨ ਮੋਬਾਈਲ ਫ਼ੋਨ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।