ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਜ਼ਾਦੀ ਸੰਗਰਾਮ ਅਤੇ ਇਨਕਲਾਬੀ ਸ਼ਾਇਰੀ

08:09 AM Aug 13, 2023 IST

ਨੀਰਾ ਚੰਢੋਕ

ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣ ਲਈ ਲੱਖਾਂ ਦੇਸ਼ਭਗਤਾਂ ਨੇ ਜਫਰ ਜਾਲੇ ਅਤੇ ਅਣਗਿਣਤ ਕੁਰਬਾਨੀਆਂ ਦੇ ਕੇ ਦੇਸ਼ ਨੂੰ ਬਰਤਾਨਵੀ ਹਕੂਮਤ ਦੀ ਗ਼ੁਲਾਮੀ ਤੋਂ ਨਿਜਾਤ ਦਿਵਾਈ। ਦੇਸ਼ ਵਾਸੀਆਂ ਵਿਚ ਦੇਸ਼ ਪਿਆਰ ਅਤੇ ਕੁਰਬਾਨੀ ਦਾ ਜਜ਼ਬਾ ਭਰਨ ਵਿਚ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਯੋਗਦਾਨ ਪਾਇਆ। ਇਹ ਲੇਖ ਸੁਤੰਤਰਤਾ ਸੰਗਰਾਮ ਵਿਚ ਉਰਦੂ ਸ਼ਾਇਰੀ ਦੀ ਅਹਿਮੀਅਤ ਨੂੰ ਉਘਾੜਦਾ ਹੈ। ਇਸ ਦੇ ਨਾਲ ਨਾਲ ਪੰਜਾਬੀ ਵਿਚ ਰਚੀਆਂ ਕੁਝ ਰਚਨਾਵਾਂ ਵੀ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।
ਜਗਦੰਬਾ ਪ੍ਰਸ਼ਾਦ ਹਿਤੈਸ਼ੀ ਲਿਖਦੇ ਹਨ: ‘ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਰਨੇਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।’ ਉਂਝ, ਸ਼ਹੀਦਾਂ ਦੇ ਜੀਵਨ ਦਾ ਜਸ਼ਨ ਮਨਾਉਣ ਦੀ ਬਜਾਏ ਕੁਝ ਲੋਕ ਵੱਡੇ ਵੱਡੇ ਜਲਸਿਆਂ ਵਿਚ ਬਾਹਾਂ ਉਲਾਰ ਕੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਵਾਲੇ ਸਾਡੇ ਹਾਕਮਾਂ ਦੀ ਖੁਸ਼ਾਮਦ ਕਰਨ ਵਿਚ ਲੱਗੇ ਹੋਏ ਹਨ ਜਦੋਂਕਿ ਦੇਸ਼ ਦੇ ਕਈ ਹਿੱਸੇ ਹਿੰਸਾ ਅਤੇ ਨਫ਼ਰਤ ਦੀ ਅੱਗ ਵਿਚ ਸੜ ਰਹੇ ਹਨ। ਇਨ੍ਹਾਂ ਬਦਹਵਾਸ ਤੇ ਬਰਬਾਦ ਥਾਵਾਂ ਨੂੰ ਦੇਖ ਕੇ ਅਸੀਂ ਕੁਝ ਵੀ ਨਹੀਂ ਆਖ ਸਕਦੇ ਸਗੋਂ ਦਾਂਤੇ ਦੀ ਰਚਨਾ ‘ਦਿ ਡਿਵਾਈਨ ਕਾਮੇਡੀ’ (ਦੈਵੀ ਨਕਲ) ਦੇ ਇਹ ਸ਼ਬਦ ਹੀ ਦੁਹਰਾ ਸਕਦੇ ਹਾਂ: ‘‘ਜੋ ਕੋਈ ਵੀ ਇੱਥੇ ਆਉਂਦਾ ਹੈ ਤਾਂ ਸਾਰੀ ਉਮੀਦ ਗੁਆ ਬੈਠਦਾ ਹੈ।’’
ਬੇਸ਼ੁਮਾਰ ਹਿੰਦੋਸਤਾਨੀਆਂ ਦੀਆਂ ਕੁਰਬਾਨੀਆਂ ਨਾਲ ਹਾਸਲ ਕੀਤੀ ਆਜ਼ਾਦੀ ਦੀਆਂ ਰਸਮਾਂ ਹਾਕਮਾਂ ਨੇ ਹਥਿਆ ਲਈਆਂ ਹਨ ਜਿਨ੍ਹਾਂ ਨੂੰ ਆਪਣੀਆਂ ਨੀਤੀਆਂ ਦੇ ਸਿੱਟਿਆਂ ਦੀ ਕੋਈ ਪਰਵਾਹ ਨਹੀਂ ਹੈ। ਅਜੇ ਵੀ ਸਮਾਂ ਹੈ ਕਿ ਅਸੀਂ ਆਜ਼ਾਦੀ ਦਿਵਸ ਸਮਾਗਮਾਂ ਦੀ ਕੜੀ ਦੇ ਤੌਰ ’ਤੇ ਉਨ੍ਹਾਂ ਹਜ਼ਾਰਾਂ ਹਿੰਦੋਸਤਾਨੀਆਂ ਨੂੰ ਅਪਣਾਉਣਾ ਅਤੇ ਤਲਾਸ਼ਣਾ ਸ਼ੁਰੂ ਕਰੀਏ ਜਿਨ੍ਹਾਂ ਨੇ ਮਹਾਤਮਾ ਗਾਂਧੀ ਅਤੇ ਅਗਾਂਹਵਧੂ ਸ਼ਾਇਰਾਂ ਤੋਂ ਪ੍ਰੇਰਨਾ ਲੈ ਕੇ ਆਜ਼ਾਦੀ ਸੰਗਰਾਮ ਵਿਚ ਹਿੱਸਾ ਪਾਇਆ ਸੀ।
ਅੱਜ ਉਰਦੂ ਨੂੰ ‘ਦੁਸ਼ਮਣ’ ਜ਼ੁਬਾਨ ਬਣਾ ਦਿੱਤਾ ਗਿਆ ਹੈ ਅਤੇ ਉਰਦੂ ਬੋਲਣ ਵਾਲਿਆਂ ਨੂੰ ਇਕ ਖ਼ਾਸ ਫ਼ਿਰਕੇ ਤੱਕ ਮਹਿਦੂਦ ਕਰ ਦਿੱਤਾ ਗਿਆ ਹੈ। ਇਹ ਇਨਕਲਾਬੀ ਸ਼ਾਇਰੀ ਉਰਦੂ ਨੂੰ ਚਾਹੁਣ ਵਾਲੇ ਦੋਵੇਂ ਤਰ੍ਹਾਂ ਦੇ ਹਿੰਦੂ ਤੇ ਮੁਸਲਮਾਨ ਲੇਖਕਾਂ ਨੇ ਰਚੀ ਸੀ ਅਤੇ ਹਾਲੇ ਵੀ ਰਚ ਰਹੇ ਹਨ। ਉਰਦੂ ਸ਼ਾਇਰੀ ਨੇ ਇਕ ਪੂਰੀ ਪੀੜ੍ਹੀ ਦੀ ਅਲਖ਼ ਜਗਾਈ ਸੀ। ਬ੍ਰਿਜ ਨਰਾਇਣ ਚੱਕਬਸਤ (1882-1926) ਲਿਖਦੇ ਹਨ: ‘ਯੇਹ ਖ਼ਾਕ-ਏ-ਹਿੰਦ ਸੇ ਪੈਦਾ ਹੈਂ ਜੋਸ਼ ਕੇ ਅਸ਼ਾਰ/ ਹਿਮਾਲਾ ਸੇ ਉਠੇ ਜੈਸੇ ਅਬਰ-ਏ-ਦਰਿਆਬਾਰ।’ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਲਬਾਂ ’ਤੇ ਹਮੇਸ਼ਾ ਬਿਸਮਿਲ ਅਜ਼ੀਮਾਬਾਦੀ (1901-1978) ਦੀ ਇਹ ਨਜ਼ਮ ਰਹਿੰਦੀ ਸੀ: ‘ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ; ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ’।
ਮੌਲਾਨਾ ਹਸਰਤ ਮੋਹਾਨੀ ਨੇ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਘੜਿਆ। ਇਹ ਨਾਅਰਾ ਆਜ਼ਾਦੀ ਸੰਗਰਾਮ ਦੀ ਰੂਹੇ ਰਵਾਂ ਬਣ ਗਿਆ ਸੀ। ਉਨ੍ਹਾਂ ਨੇ 1921 ਵਿਚ ਆਜ਼ਾਦੀ-ਏ-ਕਾਮਿਲ (ਮੁਕੰਮਲ ਆਜ਼ਾਦੀ) ਦਾ ਨਾਅਰਾ ਲਾਇਆ ਸੀ: ‘ਰਸਮ-ਏ-ਜਫ਼ਾ ਕਾਮਯਾਬ ਦੇਖੀਏ ਕਬ ਤਕ ਰਹੇ; ਹਬ-ਏ-ਵਤਨ ਮਸਤ-ਏ-ਖ਼ਾਬ ਕਬ ਤਕ ਰਹੇ, ਦੌਲਤ-ਏ-ਹਿੰਦੋਸਤਾਨ ਕਬਜ਼ਾ-ਏ-ਅਗ਼ਯਾਰ ਮੇਂ, ਬੇਅਦਦ-ਓ-ਬੇਹਿਸਾਬ ਦੇਖੀਏ ਕਬ ਤਕ ਰਹੇ’। ਜੇ ਚੰਦਰ ਸ਼ੇਖਰ ਆਜ਼ਾਦ ਦੀ ਕਵਿਤਾ ‘ਦੁਸ਼ਮਨੋ ਕੀ ਗੋਲੀਆਂ ਕਾ ਹਮ ਸਾਮਨਾ ਕਰੇਂਗੇ, ਆਜ਼ਾਦ ਹੀ ਰਹੇਂ ਹੈ, ਆਜ਼ਾਦ ਹੀ ਰਹੇਂਗੇ’ ਨੇ ਇਨਕਲਾਬੀਆਂ ਨੂੰ ਹਲੂਣਿਆ ਸੀ ਤਾਂ ਇਉਂ ਹੀ ‘ਇਨਕਲਾਬ ਦੇ ਸ਼ਾਇਰ’ ਜੋਸ਼ ਮਲੀਹਾਬਾਦੀ ਨੇ ਵੀ ਉਨ੍ਹਾਂ ਅੰਦਰ ਜੋਸ਼ ਭਰਿਆ ਸੀ: ‘ਮੇਰਾ ਨਾਅਰਾ, ਇਨਕਲਾਬ-ਓ-ਇਨਕਲਾਬ-ਓ-ਇਨਕਲਾਬ’।
ਅਸੀਂ ਹਿੰਦੂ ਅਤੇ ਮੁਸਲਮਾਨ ਸ਼ਾਇਰਾਂ ਕਿਵੇਂ ਫ਼ਰਕ ਕਰ ਸਕਦੇ ਹਾਂ? ਦੋਵੇਂ ਤਰ੍ਹਾਂ ਦੇ ਸ਼ਾਇਰ ਆਜ਼ਾਦੀ ਦੇ ਦੀਵਾਨੇ ਸਨ, ਉਹ ਕਮਾਲ ਦੀ ਸ਼ਾਇਰੀ ਕਰਦੇ ਸਨ ਜੋ ਸਿਆਸੀ ਨਾਬਰੀ ਦਾ ਸਾਰ ਪੇਸ਼ ਕਰਦੀ ਸੀ। ਅੱਗੇ ਚੱਲ ਕੇ ਉਨ੍ਹਾਂ ਨੇ ਸਾਹਿਤ ਅਤੇ ਸ਼ਾਇਰੀ ਨੂੰ ਬਦਲਣਾ ਸੀ। ਸੱਜਾਦ ਜ਼ਹੀਰ ਆਪਣੀ ਸਵੈ-ਜੀਵਨੀ ਵਿਚ ਲਿਖਦੇ ਹਨ: ‘ਸੰਵੇਦਨਸ਼ੀਲ ਲੇਖਕਾਂ ਨੇ ਮਹਿਸੂਸ ਕੀਤਾ ਕਿ ਉਹ ਪੁਰਾਣੇ ਸਾਂਚੇ ਵਿਚ ਬੱਝੇ ਨਹੀਂ ਰਹਿ ਸਕਦੇ... ਲੇਖਕਾਂ ਲਈ ਆਮ ਲੋਕਾਂ ਦੀਆਂ ਜ਼ਿੰਦਗੀਆਂ ਤੇ ਸੋਚਾਂ ਤੋਂ ਬੇਲਾਗ ਆਪਣੇ ਤਸੱਵਰੀ ਮੀਨਾਰਾਂ ਵਿਚ ਮੌਜੂਦ ਰਹਿਣਾ ਹੁਣ ਸੰਭਵ ਨਹੀਂ ਸੀ।’ ਜ਼ਹੀਰ ਦਾ ਇਸ਼ਾਰਾ 1930ਵਿਆਂ ਦੇ ਹਿੰਦੋਸਤਾਨ ਵਿਚ ਫੈਲ ਰਹੇ ਫਾਸ਼ੀਵਾਦ ਵਿਰੋਧ, ਸਮਾਜਵਾਦ ਅਤੇ ਸੱਭਿਆਚਾਰ, ਸਾਹਿਤ ਤੇ ਸ਼ਾਇਰੀ ਦੇ ਤੇਜ ਵੱਲ ਸੀ। ਸਾਹਿਤਕ ਹਸਤੀਆਂ ਨੇ ਆਜ਼ਾਦੀ ਦੀ ਜੱਦੋਜਹਿਦ ਦੇ ਉਦੇਸ਼ਾਂ ਨੂੰ ਵਿਸਤਾਰ ਦਿੰਦਿਆਂ ਇਨ੍ਹਾਂ ਨੂੰ ਨਾਇਨਸਾਫ਼ੀ ਅਤੇ ਸਮਾਜ ਅੰਦਰ ਪਿੱਤਰਸੱਤਾ ਖਿਲਾਫ਼ ਲੜਾਈ ਤੱਕ ਫੈਲਾ ਦਿੱਤਾ। ਅਗਾਂਹਵਧੂ ਲੇਖਕਾਂ ਅਤੇ ‘ਦੋ ਰਾਸ਼ਟਰ ਸਿਧਾਂਤ’ ਨਾਲ ਬੱਝੇ ਰਹਿਣ ਵਾਲੇ ਕੱਟੜਵਾਦੀ ਹਿੰਦੂ ਤੇ ਮੁਸਲਮਾਨ ਲੇਖਕਾਂ ਵਿਚਕਾਰ ਇਹੀ ਬੁਨਿਆਦੀ ਫ਼ਰਕ ਸੀ।
ਫ਼ਿਰਕਾਪ੍ਰਸਤੀ, ਗੁਰਬਤ ਅਤੇ ਸਮਾਜਿਕ ਦਮਨ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲਿਆਂ ਵਿਚ ਭੀਸ਼ਮ ਤੇ ਬਲਰਾਜ ਸਾਹਨੀ, ਪ੍ਰਿਥਵੀਰਾਜ, ਰਾਜ ਤੇ ਸ਼ੰਮੀ ਕਪੂਰ, ਦੇਵ ਆਨੰਦ ਜਿਹੇ ਫਿਲਮੀ ਸਿਤਾਰੇ ਅਤੇ ਜਾਂਨਿਸਾਰ ਅਖ਼ਤਰ, ਸਾਹਿਰ ਲੁਧਿਆਣਵੀ ਤੇ ਸਰਦਾਰ ਜਾਫ਼ਰੀ ਜਿਹੇ ਵੱਡੇ ਸ਼ਾਇਰ ਸ਼ਾਮਲ ਸਨ। ਅਗਾਂਹਵਧੂ ਸ਼ਾਇਰਾਂ ਨੇ ਸਾਨੂੰ ਸਿਖਾਇਆ ਕਿ ਸਮਾਜ ਨੂੰ ਸਾਮਰਾਜਵਾਦ ਨਾਲ ਮੱਥਾ ਲਾਉਣਾ ਪਵੇਗਾ ਪਰ ਇਸ ਦੇ ਨਾਲ ਹੀ ਆਪਣੇ ਅੰਦਰ ਵੀ ਝਾਤ ਮਾਰਨੀ ਪਵੇਗੀ ਅਤੇ ਸਾਡੇ ਆਪਣੇ ਸਮਾਜ ਅੰਦਰਲੀਆਂ ਵਿਰੋਧਤਾਈਆਂ, ਦਮਨ ਅਤੇ ਅੱਤਿਆਚਾਰਾਂ ’ਤੇ ਧਿਆਨ ਦੇਣਾ ਪਵੇਗਾ।
ਅਗਾਂਹਵਧੂ ਲੇਖਕਾਂ ਦੀ ਜਥੇਬੰਦੀ ‘ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ’ ਦੀ ਪਹਿਲੀ ਮੀਟਿੰਗ ਵਿਚ ਮੁਨਸ਼ੀ ਪ੍ਰੇਮਚੰਦ ਨੇ ਉਰਦੂ ਵਿਚ ਭਾਸ਼ਣ ਦਿੰਦਿਆਂ ਆਖਿਆ ਸੀ ਕਿ ਚੰਗੇ ਸਾਹਿਤ ਦੀ ਰਚਨਾ ਸਚਾਈ, ਖ਼ੂਬਸੂਰਤੀ, ਆਜ਼ਾਦੀ ਅਤੇ ਇਨਸਾਨੀਅਤ ਦੇ ਆਧਾਰ ’ਤੇ ਹੀ ਕੀਤੀ ਜਾ ਸਕਦੀ ਹੈ। ਇਸ ਲਈ ਮਨੁੱਖੀ ਆਜ਼ਾਦੀ ਅਤੇ ਰਚਨਾਤਮਿਕਤਾ ਦਾ ਰਾਹ ਡੱਕਣ ਵਾਲੀ ਹਰ ਸ਼ੈਅ ਜਿਵੇਂ ਕਿ ਰੂੜੀਵਾਦ ਅਤੇ ਕੱਟੜਤਾ, ਨੂੰ ਰੱਦ ਕਰਨਾ ਪਵੇਗਾ। ਉਨ੍ਹਾਂ ਕਿਹਾ, ‘‘ਅਦਬ ਕਿਸੇ ਕਲਾਕਾਰ ਦੇ ਰੂਹਾਨੀ ਤਵਾਜ਼ਨ ਦਾ ਬਾਹਰੀ ਰੂਪ ਹੁੰਦਾ ਹੈ ਅਤੇ ਇਕਸੁਰਤਾ ਜੋ ਕੁਝ ਵੀ ਰਚਦੀ ਹੈ, ਉਹ ਕਦੇ ਵੀ ਤਬਾਹਕੁਨ ਨਹੀਂ ਹੋ ਸਕਦਾ। ਇਹ ਸਾਡੇ ਅੰਦਰ ਵਫ਼ਾ, ਸੁਹਿਰਦਤਾ, ਹਮਦਰਦੀ, ਇਨਸਾਫ਼ ਅਤੇ ਸਮਤਾ ਦੀਆਂ ਖ਼ੂਬੀਆਂ ਦਾ ਸੰਚਾਰ ਕਰਦੀ ਹੈ। ਜਿੱਥੇ ਵੀ ਇਹ ਖ਼ੂਬੀਆਂ ਮੌਜੂਦ ਹੋਣਗੀਆਂ, ਉੱਥੇ ਸਥਿਰਤਾ ਤੇ ਜੀਵਨ ਪਣਪਣਗੇ। ਜਿੱਥੇ ਇਨ੍ਹਾਂ ਦੀ ਕਮੀ ਹੋਵੇਗੀ, ਉੱਥੇ ਵੰਡ, ਖ਼ੁਦਗਰਜ਼ੀ, ਨਫ਼ਰਤ, ਦੁਸ਼ਮਣੀ ਅਤੇ ਮੌਤ ਦਾ ਪਹਿਰਾ ਰਹੇਗਾ... ਅਦਬ ਸਾਡੇ ਜੀਵਨ ਨੂੰ ਸੁਭਾਵਿਕ ਤੇ ਆਜ਼ਾਦ ਬਣਾਉਂਦਾ ਹੈ... ਇਹ ਸਵੈ ਨੂੰ ਸੱਭਿਅਕ ਬਣਾਉਂਦਾ ਹੈ।’’ ਅਗਾਂਹਵਧੂ ਲੇਖਕਾਂ ਨੇ ਹਿੰਦੂ-ਮੁਸਲਮਾਨ ਤਫ਼ਰਕੇ ਤੋਂ ਪਰ੍ਹੇ ਤੱਕਣ ਦਾ ਇਕ ਹੋਰ ਰਾਹ ਦਿਖਾਇਆ ਹੈ: ਇਨਸਾਨ ਨੂੰ ਧਾਰਮਿਕ ਪਛਾਣ ਦਾ ਮੁਥਾਜ ਜਾਂ ਇਸ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ। ਉਹ ਇਕ ਹੋਰ ਰਾਹ ’ਤੇ ਚੱਲਣ ਦੇ ਕਾਬਿਲ ਹੈ ਜੋ ਕਿ ਦਲਿਤਾਂ ਨਾਲ ਇਕਸੁਰਤਾ, ਗ਼ਰੀਬਾਂ ਨਾਲ ਖਲੂਸ ਅਤੇ ਲੋਕਾਂ ਦੇ ਦੁੱਖਾਂ ਨਾਲ ਕਰੁਣਾ ਭਾਵ ਦਾ ਰਾਹ ਹੈ।
ਕੌਮੀ ਅੰਦੋਲਨ ਦੇ ਇਸ ਪਹਿਲੂ ਨੇ ਸਾਨੂੰ ਸਿਖਾਇਆ ਕਿ ਸਾਡੀ ਧਾਰਮਿਕ ਪਛਾਣ ਤੋਂ ਪਾਰ ਇਨਸਾਨੀਅਤ ਦਾ ਦਾਇਰਾ ਸ਼ੁਰੂ ਹੁੰਦਾ ਹੈ। ਬੀ.ਆਰ. ਚੋਪੜਾ ਦੀ ਫਿਲਮ ‘ਧਰਮਪੁੱਤਰ’ ਦੇ ਗੀਤਾਂ ਦੇ ਬੋਲ ਲਿਖਦਿਆਂ ਸਾਹਿਰ ਲੁਧਿਆਣਵੀ ਨੇ ਇਕ ਅਹਿਮ ਸਵਾਲ ਉਠਾਇਆ ਹੈ ‘ਯੇਹ ਕਿਸਕਾ ਲਹੂ ਹੈ, ਕੌਨ ਮਰਾ’।
ਜੇ ਅਸੀਂ ਸਿਰਫ਼ ਇਹ ਸਵਾਲ ਹੀ ਪੁੱਛ ਲਈਏ ਤਾਂ ਅਸੀਂ ਇਨਸਾਨੀਅਤ ਦਾ ਬੋਧ ਕਰ ਸਕਦੇ ਹਾਂ। ਨਹੀਂ ਤਾਂ, ਅਸੀਂ ਤਨਹਾਈ ਵਿਚ ਅਕਸਰ ਉਵੇਂ ਹੈਰਾਨ ਪਸ਼ੇਮਾਨ ਹੁੰਦੇ ਰਹਾਂਗੇ, ਜਿਵੇਂ ਕਿ ਜਾਵੇਦ ਅਖ਼ਤਰ ਨੇ ਲਿਖਿਆ ਸੀ, ‘ਯੇ ਕਹਾਂ ਆ ਗਏ ਹਮ, ਯੂੰ ਹੀ ਸਾਥ ਸਾਥ ਚਲਤੇ...’।

Advertisement

ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ

ਰਾਮ ਪ੍ਰਸਾਦ ਬਿਸਮਿਲ

ਸਰਫ਼ਰੋਸ਼ੀ1 ਕੀ ਤਮੰਨਾ2 ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ3 ਮੇਂ ਹੈ
ਕਰਤਾ ਨਹੀਂ ਕਿਊਂ ਦੂਸਰਾ ਕੁਛ ਬਾਤਚੀਤ
ਦੇਖਤਾ ਹੂੰ ਮੈਂ ਜਿਸੇ ਵੋ ਚੁੱਪ ਤੇਰੀ ਮਹਿਫ਼ਿਲ ਮੇਂ ਹੈ
ਐ ਸ਼ਹੀਦ-ਏ-ਮੁਲਕ-ਓ-ਮਿੱਲਤ4
ਮੈਂ ਤੇਰੇ ਊਪਰ ਨਿਸਾਰ5
ਅਬ ਤੇਰੀ ਹਿੰਮਤ ਕਾ ਚਰਚਾ ਗ਼ੈਰ ਕੀ ਮਹਿਫ਼ਲ ਮੇਂ ਹੈ
ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ

ਵਕਤ ਆਨੇ ਦੇ ਬਤਾ ਦੇਂਗੇ ਤੁਝੇ ਐ ਆਸਮਾਨ
ਹਮ ਅਭੀ ਸੇ ਕਿਆ ਬਤਾਏਂ ਕਿਆ ਹਮਾਰੇ ਦਿਲ ਮੇਂ ਹੈ
ਖੈਂਚ ਕਰ ਲਾਈ ਹੈ ਸਭ ਕੋ ਕਤਲ ਹੋਨੇ ਕੀ ਉਮੀਦ
ਆਸ਼ਿਕੋਂ ਦਾ ਆਜ ਜਮਘਟ6 ਕੂਚਾ-ਏ-ਕਾਤਿਲ7 ਮੇਂ ਹੈ
ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ

Advertisement

ਹੈ ਲੀਏ ਹਥਿਆਰ ਦੁਸ਼ਮਨ ਤਾਕ ਮੇਂ ਬੈਠਾ ਉਧਰ
ਔਰ ਹਮ ਤਿਆਰ ਹੈਂ ਸੀਨਾ ਲੀਏ ਅਪਨਾ ਇਧਰ
ਖ਼ੂਨ ਸੇ ਖੇਲੇਂਗੇ ਹੋਲੀ ਅਗਰ ਵਤਨ ਮੁਸ਼ਕਿਲ ਮੇਂ ਹੈ
ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ

ਹਾਥ ਜਿਨ ਮੇਂ ਹੋ ਜਨੂੰਨ, ਕਟਤੇ ਨਹੀਂ ਤਲਵਾਰ ਸੇ
ਸਰ ਜੋ ਉਠ ਜਾਤੇ ਹੈਂ ਵੋਹ ਝੁਕਤੇ ਨਹੀਂ ਲਲਕਾਰ ਸੇ
ਔਰ ਭੜਕੇਗਾ ਜੋ ਸ਼ੋਲਾ ਸਾ ਹਮਾਰੇ ਦਿਲ ਮੇਂ ਹੈ
ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ

ਹਮ ਤੋ ਘਰ ਸੇ ਨਿਕਲੇ ਹੀ ਥੇ

ਬਾਂਧਕਰ ਸਿਰ ਪਰ ਕਫ਼ਨ
ਜਾਂ ਹਥੇਲੀ ਪਰ ਲੀਏ ਲੋ ਬੜ ਚਲੇ ਹੈਂ ਯੇਹ ਕਦਮ
ਜ਼ਿੰਦਗੀ ਤੋ ਅਪਨੀ ਮਹਿਮਾਂ ਮੌਤ ਕੀ ਮਹਿਫ਼ਲ ਮੇਂ ਹੈ
ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ

ਯੂੰ ਖੜ੍ਹਾ ਮਕਤਲ8 ਮੇਂ ਕਾਤਿਲ ਕਹਿ ਰਹਾ ਹੈ ਬਾਰ ਬਾਰ
ਕਿਆ ਤਮੰਨਾ-ਏ-ਸ਼ਹਾਦਤ ਭੀ ਕਿਸੀ ਕੇ ਦਿਲ ਮੇਂ ਹੈ
ਦਿਲ ਮੇਂ ਤੂਫ਼ਾਨੋਂ ਕੀ ਟੋਲੀ ਔਰ ਨਸੋਂ ਮੇਂ ਇਨਕਲਾਬ
ਹੋਸ਼ ਦੁਸ਼ਮਨ ਕੇ ਉਡਾ ਦੇਂਗੇ ਹਮੇਂ ਰੋਕੋ ਨਾ ਆਜ
ਦੂਰ ਰਹਿ ਪਾਏ ਜੋ ਹਮਸੇ ਦਮ ਕਹਾਂ ਮੰਜ਼ਿਲ ਮੇਂ ਹੈ
ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ

ਵੋ ਜਿਸਮ ਭੀ ਕਿਆ ਜਿਸਮ ਹੈ
ਜਿਸਮੇ ਨਾ ਹੋ ਖ਼ੂਨ-ਏ-ਜਨੂੰਨ
ਤੂਫ਼ਾਨ ਸੇ ਕਿਆ ਲੜੇ ਜੋ ਕਸ਼ਤੀ-ਏ-ਸਾਹਿਲ9 ਮੇਂ ਹੈ
ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ

ਔਖੇ ਸ਼ਬਦਾਂ ਦੇ ਅਰਥ: 1. ਸਰਫ਼ਰੋਸ਼ੀ= ਜਾਨ ਵਾਰਨਾ; 2. ਤਮੰਨਾ= ਚਾਹਤ; 3. ਬਾਜ਼ੂ- ਏ-ਕਾਤਿਲ= ਕਾਤਿਲ ਦੀਆਂ ਬਾਹਾਂ; 4. ਸ਼ਹੀਦ-ਏ-ਮੁਲਕ-ਓ-ਮਿਲਤ= ਦੇਸ਼ ਤੇ ਕੌਮ ਦਾ ਸ਼ਹੀਦ; 5. ਨਿਸਾਰ= ਸਦਕੇ ਜਾਣਾ; 6. ਜਮਘਟ= ਇਕੱਠ; 7. ਕੂਚਾ-ਏ-ਕਾਤਿਲ = ਕਾਤਿਲ ਦੀ ਗਲੀ; 8. ਮਕਤਲ = ਕਤਲਗਾਹ; 9. ਕਸ਼ਤੀ-ਏ-ਸਾਹਿਲ= ਕਿਨਾਰੇ ਤੇ ਖੜੀ ਬੇੜੀ।

ਵਤਨ ਕੀ ਆਬਰੂ ਕਾ ਪਾਸ ਦੇਖੇਂ ਕੌਨ ਕਰਤਾ ਹੈ

ਜਗਦੰਬਾ ਪ੍ਰਸਾਦ ਮਿਸ਼ਰ ‘ਹਿਤੈਸ਼ੀ’

ਉਰਜ1-ਏ-ਕਾਮਯਾਬੀ ਪਰ ਕਭੀ ਹਿੰਦੋਸਤਾਂ ਹੋਗਾ
ਰਿਹਾ ਸੈਆਦ2 ਕੇ ਹਾਥੋਂ ਸੇ ਅਪਨਾ ਆਸ਼ਿਆਂ3 ਹੋਗਾ

ਚਖਾਏਂਗੇ ਮਜ਼ਾ ਬਰਬਾਦੀ-ਏ-ਗੁਲਸ਼ਨ ਕਾ ਗੁਲਚੀਂ4 ਕੋ
ਬਹਾਰ ਆ ਜਾਏਗੀ ਉਸ ਦਮ ਜਬ ਅਪਨਾ ਬਾਗ਼ਬਾਂ ਹੋਗਾ

ਯੇ ਆਏ ਦਿਨ ਕੀ ਛੇੜ ਅੱਛੀ ਨਹੀਂ ਏ ਖ਼ੰਜਰ-ਏ-ਕਾਤਿਲ
ਪਤਾ ਕਬ ਫ਼ੈਸਲਾ ਉਨਕੇ ਹਮਾਰੇ ਦਰਮਿਆਂ ਹੋਗਾ

ਜੁਦਾ ਮਤ ਹੋ ਮੇਰੇ ਪਹਿਲੂ ਸੇ ਐ ਦਰਦ-ਏ-ਵਤਨ ਹਰਗਿਜ਼
ਨਾ ਜਾਨੇ ਬਾਅਦ ਮੁਰਦਨ5 ਮੈਂ ਕਹਾਂ ਓ ਤੂੰ ਕਹਾਂ ਹੋਗਾ

ਵਤਨ ਕੀ ਆਬਰੂ ਕਾ ਪਾਸ6 ਦੇਖੇਂ ਕੌਨ ਕਰਤਾ ਹੈ
ਸੁਨਾ ਹੈ ਆਜ ਮਕਤਲ7 ਮੇਂ ਹਮਾਰਾ ਇਮਤਿਹਾਂ ਹੋਗਾ

ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ
ਵਤਨ ਪਰ ਮਰਨੇ ਵਾਲੋਂ ਕਾ ਯਹੀਂ ਨਿਸ਼ਾਂ ਹੋਗਾ

ਕਭੀ ਵੋਹ ਦਿਨ ਵੀ ਆਏਗਾ ਜਬ ਅਪਨਾ ਰਾਜ ਦੇਖੇਂਗੇ
ਜਬ ਅਪਨੀ ਹੀ ਜ਼ਮੀਂ ਹੋਗੀ ਔਰ ਅਪਨਾ ਆਸਮਾਂ ਹੋਗਾ

ਔਖੇ ਸ਼ਬਦਾਂ ਦੇ ਅਰਥ: 1. ਉਰੂਜ= ਸਿਖ਼ਰ; 2. ਸੈਆਦ= ਸ਼ਿਕਾਰੀ; 3. ਆਸ਼ਿਆਂ = ਘਰ; 4. ਗੁਲਚੀਂ= ਮਾਲੀ; 5. ਮੁਰਦਨ = ਮੌਤ, ਮਰ ਜਾਣਾ; 6. ਪਾਸ = ਪਾਸ ਹੋਣਾ; 7. ਮਕਤਲ = ਕਤਲਗਾਹ।

ਕਬ ਤਕ

ਹਸਰਤ ਮੋਹਾਨੀ

ਰਸਮ-ਏ-ਜਫ਼ਾ1 ਕਾਮਯਾਬ ਦੇਖੀਏ ਕਬ ਤਕ ਰਹੇ
ਹੁੱਬ-ਏ-ਵਤਨ2 ਮਸਤ-ਏ-ਖ਼ੁਆਬ3 ਦੇਖੀਏ ਕਬ ਤਕ ਰਹੇ
ਦੌਲਤ-ਏ-ਹਿੰਦੋਸਤਾਂ ਕਬਜ਼ਾ-ਏ-ਅਗ਼ਯਾਰ4 ਮੇਂ
ਬੇਅਦਦ-ਓ-ਬੇਹਿਸਾਬ5 ਦੇਖੀਏ ਕਬ ਤਕ ਰਹੇ

ਔਖੇ ਸ਼ਬਦਾਂ ਦੇ ਅਰਥ: 1. ਰਸਮ ਏ ਜਫ਼ਾ= ਬੇਵਫ਼ਾਈ (ਜ਼ੁਲਮ) ਦੀ ਪ੍ਰਥਾ; 2. ਹੁੱਬ-ਏ-ਵਤਨ= ਦੇਸ਼ ਭਗਤ; 3. ਮਸਤ-ਏ-ਖ਼ੁਆਬ= ਸੁਫ਼ਨੇ ਵਿੱਚ ਡੁੱਬਿਆ ਹੋਇਆ; 4. ਕਬਜ਼ਾ-ਏ-ਅਗ਼ਯਾਰ= ਬਿਗਾਨਿਆਂ ਦੇ ਕਬਜ਼ੇ ਵਿਚ; 5. ਬੇਅਦਦ-ਓ-ਬੇਹਿਸਾਬ= ਅਣਗਿਣਤ ਤੇ ਬੇਸ਼ੁਮਾਰ।

ਉਰਦੂ ਨਜ਼ਮਾਂ ਲਈ ਧੰਨਵਾਦ: ਪਵਨ ਟਿੱਬਾ

ਦੇਸ਼ ਦੀ ਆਜ਼ਾਦੀ ਖ਼ਾਤਰ ਜੂਝਣ ਲਈ ਵੰਗਾਰਦੀਆਂ ਪੰਜਾਬੀ ਕਵਿਤਾਵਾਂ

ਕਦੋਂ ਹੋਵਸੀ ਮੁਲਕ ਆਜ਼ਾਦ ਸਾਡਾ!

ਸੁਆਈਂ ਜੀ
ਦੱਸਾਂ ਕੀ ਆਜ਼ਾਦੀ ਦਾ ਰਾਹ ਕੇਹੜਾ,
ਕਿੱਨਾਂ ਮੁਲ ਆਜ਼ਾਦੀ ਦੇ ਲਾਲ ਦਾ ਏ!
ਮਿਲਦੀ ਖੁਲ੍ਹ ਜੀਕੂੰ ਸਾਰੇ ਜਾਣਦੇ ਨੇ,
ਚਰਚਾ ਬਹੁਤ ਹੀ ਏਸ ਸਵਾਲ ਦਾ ਏ!
ਹਾਂ! ਪਰ ਕਿਸ ਤਰ੍ਹਾਂ ਅਸੀਂ ਗੁਲਾਮ ਹੋ ਗਏ,
ਪਤਾ ਜਾਨਣਾ ਚਾਹੀਦਾ ਚਾਲ ਦਾ ਏ!
ਵੈਸੇ ਖੁਲ੍ਹ ਦੇ ਮਿਲਣ ਦਾ ਅਜੇ ਅਰਸਾ,
ਤਿੰਨ ਸਾਲ ਦਾ! ਜਾਂ ਤਿੰਨ ਸੌ ਸਾਲ ਦਾ ਏ!
ਛੇਤੀ ਲੈਣ ਦਾ ਹੈ ਇਕੋ ਇਹ ਸਾਧਨ,
ਆਪਸ ਵਿਚ ਦਾ ਮੁਕੇ ਫਸਾਦ ਸਾਡਾ!
ਲੜਦੇ ਰਹੀਏ ਤਾਂ ਕੋਈ ਮਿਆਦ ਹੀ ਨਹੀਂ,
ਕਦੋਂ ਹੋਵਸੀ ਮੁਲਕ ਆਜ਼ਾਦ ਸਾਡਾ!
* * *

ਕੌਮਾਂ ਚਿੱਟੀਆਂ ਦੇ ਅੱਗੇ ਝੂਠ ਚੋਰੀ,
ਇਕ ਖੇਡ ਹੈ ਏਸ ਸੰਸਾਰ ਉੱਤੇ !

(ਇਹ ਕਵਿਤਾ ਮਿਸਟਰ ਮਾਰਕਸ ਗਾਵੇ ਦੀ ਪ੍ਰਸਿੱਧ ਕਵਿਤਾ The Tradegy of white Injustice ਦੇ ਆਧਾਰ ’ਤੇ ਲਿਖੀ ਗਈ ਹੈ।)
ਕੌਮਾਂ ਚਿੱਟੀਆਂ ਦੇ ਅੱਗੇ ਝੂਠ ਚੋਰੀ,
ਇਕ ਖੇਡ ਹੈ ਇਸ ਸੰਸਾਰ ਉੱਤੇ!
ਰੱਖਣ ਸ਼ਰਮ ਨਾ ਕੋਈ ਕਰਤਾਰ ਸੰਦੀ,
ਸਭ ਕੁਝ ਸਦਕੜੇ ਆਪਣੇ ਵਿਹਾਰ ਉੱਤੇ!
ਆਦਤ ਇਨ੍ਹਾਂ ਦੀ ਹੋਈ ਮਸ਼ਹੂਰ ਜਗ ਤੇ,
ਚਲੇ ਕੰਮ ਨ ਕੋਈ ਇਤਬਾਰ ਉੱਤੇ!
ਜ਼ਿਮੀਆਂ ਪਾਣੀਆਂ ਤੇ ਡਾਕਾ ਮਾਰਿਆ ਨੇ,
ਪਾਣੀ ਫੇਰਿਆ ਨੇ ਸਦਾਚਾਰ ਉੱਤੇ!

ਧਾੜਾ ਲੋਟੀ ਮਚਾ ਕੇ ਕਈ ਦੇਸੀ,
ਕਈਆਂ ਮਾਰਿਆ ਕਈਆਂ ਨੂੰ ਖੁਵਾਰ ਕੀਤਾ!
ਆਦਤ ਆਪਣੀ ਉਨ੍ਹਾਂ ’ਚ ਪਾ ਦਿੱਤੀ,
ਖੱਜਲ ‘ਸੱਚ’ ਨੂੰ ਸਰੇ ਬਾਜ਼ਾਰ ਕੀਤਾ!

ਢੋਲ ਤਕਿਆ ਜਗਤ ਇਤਿਹਾਸ ਤਾਈਂ,
ਇਨ੍ਹਾਂ ਲੁਟ ਲੁਟੀ ਥਾਵਾਂ ਸਾਰੀਆਂ ਤੋਂ!
ਲੁਟਿਆ-ਆਂਢ ਗੁਵਾਂਢੀਆਂ ਸੱਜਣਾਂ ਨੂੰ,
ਮੁੱਖ ਮੋੜ ਲਿਆ ਸਾਕਾਦਾਰੀਆਂ ਤੋਂ!
ਖਾਧੀ ਸ਼ਰਮ ਨਾ ਰਤਾ ਵੀ ਸਭਯਤਾ ਦੀ,
ਭੈੜੇ ਕੰਮ ਲੀਤੇ ਨਰਾਂ ਨਾਰੀਆਂ ਤੋਂ!
ਦਿੱਤਾ ਵੇਚ ਜਿਨ੍ਹਾਂ ਤਾਈਂ ਜਾਣ ਨੌਕਰ,
ਕੰਬੀ ਧਰਤਿ ਇਨ੍ਹਾਂ ਦੀਆਂ ਕਾਰੀਆਂ ਤੋਂ!
* * *

ਹੈ ਗ਼ੁਲਾਮੀ ਦੇ ਜੀਵਨ ਤੋਂ ਮਰਨ ਚੰਗਾ

ਕਰਤਾਰ ਸਿੰਘ ‘ਕਰਤਾਰ’

ਕਹਿੰਦੇ ਕੁਲ ਆਜ਼ਾਦੀ ਪਸੰਦ ਲੋਕੀਂ,
ਕਿ ਗ਼ੁਲਾਮਾਂ ਦੇ ਜੀਵਨ ਦਾ ਧਰਮ ਕੀ ਏ।
ਕਿਸੇ ਖਸਮ ਅੱਗੇ ਜਿਨ੍ਹਾਂ ਹੱਥ ਕਰਨੇ,
ਇੱਜ਼ਤ ਆਬਰੂ ਓਹਨਾਂ ਦੀ ਸ਼ਰਮ ਕੀ ਏ।
ਜਦੋਂ ਗ਼ੈਰ ਹੀ ਸਮਝਦਾ ਨਹੀਂ ਇੱਜ਼ਤ,
ਰੱਖੇ ਵੁਕਤ ਫਿਰ ਸਤਰ ਤੇ ਹਰਮ ਕੀ ਏ।
ਇੱਜ਼ਤ ਵੇਚ ਜੋ ਕਿਸੇ ਦੀ ਕਰਨ ਇੱਜ਼ਤ,
ਫਿਰ ਸਰਦਾਰੀ, ਨਵਾਬੀ ’ਚ ਭਰਮ ਕੀ ਏ।

ਚਾਰੇ ਬੰਨੇ ਹੈ ਲੋੜ ਜੇ ਜ਼ਿੰਦਗੀ ਦੀ,
ਜਾ ਕੇ ਹਬਸ਼ੀਆਂ ਦਾ ਪਾਣੀ ਭਰਨ ਚੰਗਾ।
ਕੇਈ ਮਰਨ ਵਾਲੇ ਸਾਫ਼ ਆਖ ਗਏ ਨੇ,
ਹੈ ਗ਼ੁਲਾਮੀ ਦੇ ਜੀਵਨ ਤੋਂ ਮਰਨ ਚੰਗਾ।

ਕੋਲ ਇੱਕ ਗ਼ੁਲਾਮ ਦਾ ਖਲਾ ਹੋਣਾ,
ਦੁਨੀਆ ਵਾਲੇ ਸਹਾਰ ਨਾ ਸਕਦੇ ਨੇ।
ਬੱਚੇ ਗ਼ੈਰਾਂ ਦੇ ਦੇਖਣ ਗ਼ੁਲਾਮ ਜਾਂਦਾ,
ਤਾਂ ਹਕਾਰਤ ਦੀ ਨਿਗਾਹ ਨਾਲ ਤਕਦੇ ਨੇ।
ਵੇਖ ਲਵੇ ਜੇ ਮਾਰੀ ਦਾ ਓਹਨਾਂ ਵਲੇ,
‘‘ਡੈਮ ਫੂਲ’’ ਕਹਿੰਦੇ ਨਹੀਂ ਜਕਦੇ ਨੇ।
ਸਾਈਆਂ ਬਾਝ ਤਰੁੱਟੀਆਂ ਚੌੜ ਹੋਵਣ,
ਚੌੜ ਹੋਈਆਂ ਵੀ ਕੁੱਤੇ ਪਏ ਲਕਦੇ ਨੇ।

ਜੋ ਗ਼ੁਲਾਮ ਦੀ ਜ਼ਿੰਦਗੀ ਬਸਰ ਕਰਦੇ,
ਆਤਮਘਾਤ ਹੈ ਉਨ੍ਹਾਂ ਲਈ ਕਰਨ ਚੰਗਾ।
ਭੰਗੀ ਪੋਸਤੀ ਓਧਰ ਪਏ ਆਖਦੇ ਨੇ,
ਹੈ ਗ਼ੁਲਾਮੀ ਦੇ ਜੀਵਨ ਤੋਂ ਮਰਨ ਚੰਗਾ।

ਜਾਏ ਬਾਹਰ ਜੇ ਕਿਤੇ ਗ਼ੁਲਾਮ ਬੰਦਾ,
ਆ ਕੇ ਮੂੰਹ ਉੱਤੇ ਸਾਰੇ ਥੁੱਕਦੇ ਨੇ।
ਸ਼ਕਲ ਵੇਖਣੀ ਏਸ ਦੀ ਪਾਪ ਸਮਝਣ,
ਅਤੇ ਝਿੜਕਣੋਂ ਕਦੀ ਨਾ ਰੁਕਦੇ ਨੇ।
ਕੋਲ ਆਪਣੇ ਨਹੀਂ ਕੋਈ ਬਹਿਨ ਦਿੰਦਾ,
ਨਫ਼ਰਤ ਕਰਨ ਤੇ ਨੇੜੇ ਨਾ ਢੁਕਦੇ ਨੇ।
ਮਰੇ ਬਾਹਰ ਤਾਂ ਕਦੇ ਆਜ਼ਾਦ ਲੋਕੀਂ,
ਨਹੀਂ ਜਨਾਜ਼ਾ ਗ਼ੁਲਾਮ ਦਾ ਚੁੱਕਦੇ ਨੇ।

ਇਹੋ ਜੇਹੀ ਗ਼ੁਲਾਮੀ ਦੀ ਜ਼ਿੰਦਗੀ ਤੋਂ,
ਯਾਰੋ ਕਸ਼ਟ ਹੈ ਸੂਲੀ ਦਾ ਜਰਨ ਚੰਗਾ।
ਜੇਹੜੇ ਸੜੇ ਨੇ ਸਤਲੁਜ ’ਤੇ ਆਖ ਗਏ ਨੇ,
ਹੈ ਗ਼ੁਲਾਮੀ ਦੇ ਜੀਵਨ ਤੋਂ ਮਰਨ ਚੰਗਾ।

ਸਾਰੀ ਦੁਨੀਆ ਹਿੰਦੀਆ ਸਮਝਦੀ ਏ,
ਬੇਅਣਖ ਤੇ ਬੇਸ਼ਊਰ ਤੈਨੂੰ।
ਜਿਹੜਾ ਆਂਵਦਾ ਏ ਸੋਈ ਝਿੜਕਦਾ ਏ,
ਅੱਖੀਂ ਕੱਢ ਕੇ ਤੇ ਘੂਰ ਘੂਰ ਤੈਨੂੰ।
ਬਹਿਰੀ ਬੱਰਰੀ ਵਿਖਾ ਕੇ ਤਾਕਤਾਂ ਨੂੰ,
ਕੋਈ ਕਰ ਰਿਹਾ ਵੇਖ ਮਜਬੂਰ ਤੈਨੂੰ।
ਦੱਸੇ ਗੰਨਾਂ ਮਸ਼ੀਨਾਂ ਦੇ ਰੋਅਬ ਕੋਈ,
ਸਤਾਂ ਬਹਿਰਾਂ ਤੋਂ ਬੈਠਾ ਈ ਦੂਰ ਤੈਨੂੰ

ਜੇਕਰ ਏਦਾਂ ਹੀ ਜੀਵਨ ਬਤੀਤ ਹੋਨਾ,
ਇਸ ਤੋਂ ਮੌਤ ਲਾੜੀ ਤਾਈਂ ਵਰਨ ਚੰਗਾ।
ਹੁਣ ‘ਕਰਤਾਰ’ ਕਰ ਖਾਤਮਾ ਜ਼ਿੰਦਗੀ ਦਾ,
ਹੈ ਗ਼ੁਲਾਮੀ ਦੇ ਜੀਵਨ ਤੋਂ ਮਰਨ ਚੰਗਾ।
(ਪੰਜਾਬ ਸਰਕਾਰ ਦੇ ਹੁਕਮ ਨੰ: 4197-ਐਸਡੀਐਸਬੀ, 20 ਮਾਰਚ, 1938 ਤਹਿਤ ਜ਼ਬਤ)
* * *

ਅੰਤ ਹੋਵੇਗਾ ਵਤਨ ਆਜ਼ਾਦ ਸਾਡਾ

ਸਾਡਾ ਕਿਸੇ ਦੇ ਨਾਲ ਨਹੀਂ ਵੈਰ ਬਿਲਕੁਲ,
ਅਸੀਂ ਵਤਨ ਆਜ਼ਾਦ ਕਰਾਵਨਾ ਹੈ।
ਅਸੀਂ ਸੰਗਲ ਗ਼ੁਲਾਮੀ ਦੇ ਲੌਹਣ ਖਾਤਰ,
ਜੰਗ ਸ਼ਾਂਤਮਈ ਖੂਬ ਮਚਾਵਨਾ ਹੈ।
ਇਸ ਦੀ ਸ਼ਾਨ ਲਈ ਜਾਨ ਕੁਰਬਾਨ ਕਰਨੀ,
ਵਿਚ ਜੇਹਲਾਂ ਦੇ ਹੱਸ ਹੱਸ ਜਾਵਨਾ ਹੈ।
ਹਾਸਲ ਕਰਨ ਲਈ ਇਕ ਸਵਤੰਤਰਤਾ ਨੂੰ,
ਰੱਸਾ ਚੁੰਮ ਕੇ ਗਲ ਵਿਚ ਪਾਵਨਾ ਹੈ।

ਹਾਸਲ ਕਰਨ ਲਈ ਏਸ ਆਜ਼ਾਦੀ ਨੂੰ ਹੀ,
ਹੋਇਆ ‘ਭਗਤ’, ‘ਜਤਿੰਦਰ’ ਸ਼ਹੀਦ ਸਾਡਾ।
ਖਾ ਕੇ ਕਸਮ ਸ਼ਹੀਦਾਂ ਦੀ ਆਖਦੇ ਹਾਂ,
ਅੰਤ ਹੋਵੇਗਾ ਵਤਨ ਆਜ਼ਾਦ ਸਾਡਾ।

ਇੱਕ ਦੇਵੀ ਆਜ਼ਾਦੀ ਦੀ ਵਰਨ ਖਾਤਰ,
ਲੱਖਾਂ ਸਬਕ ਸ਼ਹਾਦਤ ਦਾ ਪੜ੍ਹਨਗੇ ਹੁਣ।
ਪਿਆਰਾ ਵਤਨ ਆਜ਼ਾਦ ਕਰਾਨ ਖਾਤਰ,
ਦਰਦੀ ਦੇਸ਼ ਦੇ ਜੇਲ੍ਹਾਂ ਵਿਚ ਵੜਨਗੇ ਹੁਣ।
ਜ਼ੁਲਮੋ ਸਿਤਮ ਤੇ ਜਬਰ ਦੀ ਲਾਟ ਉੱਤੋਂ,
ਕਈ ਵਾਂਗ ਪਤੰਗਾਂ ਦੇ ਸੜਨਗੇ ਹੁਣ।
ਲੋੜ ਪਈ ਜੇ ਫਾਂਸੀ ’ਤੇ ਚੜ੍ਹਨ ਦੀ ਵੀ,
ਹਿੰਦੀ ਨੌਜਵਾਨ ਫਾਂਸੀ ’ਤੇ ਚੜ੍ਹਨਗੇ ਹੁਣ।

ਸਾਡਾ ਵਤਨ ਆਜ਼ਾਦ ਜ਼ਰੂਰ ਹੋ ਸੀ,
ਪਿਆ ਆਖਦਾ ਏ ਇਤਕਾਦ ਸਾਡਾ।
ਅਸੀਂ ਜੰਗ ਆਜ਼ਾਦੀ ਦਾ ਲੜੀ ਜਾਂ ਗੇ,
ਅੰਤ ਹੋਵੇਗਾ ਵਤਨ ਆਜ਼ਾਦ ਸਾਡਾ।

ਇਹ ਕੋਈ ਭੁਲਾ ਨਹੀਂ ਦੇਸ਼ ਦੁਲਾਰਿਆਂ ਨੂੰ,
ਕਿਵੇਂ ਦੇਸ਼ ਆਜ਼ਾਦੀ ਲਈ ਮਰੀਦਾ ਏ।
ਤੈਅ ਕਰਨੀ ਹੋਵੇ ਜੇ ਇਹ ਮੰਜ਼ਲ,
ਤਾਂ ਫਿਰ ਕਸ਼ਟ ਸਰੀਰ ’ਤੇ ਜਰੀਦਾ ਏ।
ਪੈਰ ਮੌਤ ਦੀ ਹੱਦ ਤੋਂ ਰੱਖ ਅੱਗੇ,
ਲਾੜੀ ਸੁਤੰਤਰਤਾ ਦੀ ਨੂੰ ਫੇਰ ਵਰੀਦਾ ਏ।
ਸੀਸ ਕੱਟ ਕੇ ਤਲੀ ’ਤੇ ਰੱਖੀਏ ਜੇ,
ਫੇਰ ਦਰਸ ਮਹਬਿੂਬ ਦਾ ਕਰੀਦਾ ਏ।

ਹੁਣ ਤਾਂ ਕੁਲ ਜ਼ਮਾਨਾ ਇਹ ਸਮਝਦਾ ਏ,
ਇਨਕਲਾਬ ਹੋ ਸੀ ਜ਼ਿੰਦਾਬਾਦ ਸਾਡਾ।
ਸੀਸ ਭੇਟ ‘ਕਰਤਾਰ’ ਚੜ੍ਹਾ ਦਿਆਂਗੇ,
ਅੰਤ ਹੋਵੇਗਾ ਵਤਨ ਆਜ਼ਾਦ ਸਾਡਾ।
(ਪੰਜਾਬ ਸਰਕਾਰ ਦੇ ਹੁਕਮ ਨੰ: 4197-ਐਸਡੀਐਸਬੀ, 20 ਮਾਰਚ, 1938 ਤਹਿਤ ਜ਼ਬਤ)
- ਅਮੋਲਕ ਸਿੰਘ ਦੀ ਸੰਪਾਦਿਤ ਕਿਤਾਬ ‘ਕਿਰਤੀ ਕਾਵਿ’ ਵਿਚੋਂ ਧੰਨਵਾਦ ਸਹਿਤ

Advertisement