ਮਾਨਸਿਕ ਬੋਝ ਤੋਂ ਮੁਕਤੀ
ਡਾ. ਰਮਨਦੀਪ ਕੌਰ ਜੰਡੂ
ਸਮਾਜ ਦਾ ਹਰ ਇੱਕ ਮਨੁੱਖ ਕਿਸੇ ਨਾ ਕਿਸੇ ਮਾਨਸਿਕ ਬੋਝ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਢੋਅ ਰਿਹਾ ਹੈ। ਮਨੁੱਖ ਜਦੋਂ ਬੱਚੇ ਦੇ ਰੂਪ ਵਿੱਚ ਜਨਮ ਲੈਂਦਾ ਹੈ ਤਾਂ ਉਹ ਕਿੰਨਾ ਸੋਹਣਾ, ਕੋਮਲ ਤੇ ਸਹਿਜ ਹੁੰਦਾ ਹੈ। ਬੇਦਾਗ ਮਸਤਕ, ਨਿਰਛਲ ਅੱਖਾਂ ਤੇ ਸਾਫ਼-ਸ਼ਫਾਫ਼ ਮਨ, ਹਾਵਾਂ-ਭਾਵਾਂ ਦੀ ਭਾਸ਼ਾ ਹੁੰਦੀ ਹੈ। ਇਹ ਭਾਸ਼ਾ ਦਿਲ ਨੂੰ ਅਨੋਖੇ ਸਵਾਦ ਨਾਲ ਭਰ ਦਿੰਦੀ ਹੈ। ਉਸ ਵਕਤ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਇਸ ਦੁਨੀਆ ਵਿੱਚ ਖੁਸ਼ੀ ਦਾ ਪ੍ਰਸਾਦ ਵੰਡਣ ਆਇਆ ਹੋਵੇ, ਹਾਸਿਆਂ ਦੇ ਬੀਜ ਬੋਣ ਆਇਆ ਹੋਵੇ। ਉਹ ਸਮਝਦਾਰ ਹੁੰਦਾ ਹੈ ਤਾਂ ਉਸ ਨੂੰ ਇਸ ਸਮਾਜ ਦੀ ਜਾਗ ਲਗ ਜਾਂਦੀ ਹੈ। ਉਹ ਕੋਝੇ ਵਰਤਾਰਿਆਂ ਦੀ ਭੇਂਟ ਚੜ੍ਹ ਜਾਂਦਾ ਹੈ।
ਬੇਸ਼ੁਮਾਰ ਖ਼ਜ਼ਾਨਿਆਂ ਨੂੰ ਕੁਦਰਤ ਆਪਣੀ ਗੋਦ ਵਿੱਚ ਲਈ ਬੈਠੀ ਹੈ। ਇਹ ਕਿੰਨੀ ਸੋਹਣੀ ਤੇ ਕਿੰਨੀ ਪਿਆਰੀ ਹੈ। ਅਸੀਂ ਸਮਾਜ ਦੀ ਸਿਰਜਣਾ ਕਰਦਿਆਂ ਨੇ ਇਸ ਦੀਆਂ ਦਾਤਾਂ ਨੂੰ ਨਾ ਮਾਣੇ ਜਾ ਸਕਣ ਯੋਗ ਬਣਾ ਦਿੱਤਾ ਹੈ। ਅਸੀਂ ਟੀਰੀ ਦ੍ਰਿਸ਼ਟੀ ਦੇ ਮਾਲਕ ਬਣ ਗਏ ਹਾਂ। ਅਸੀਂ ਕਿਸ ਤਰ੍ਹਾਂ ਦੀ ਵਿੱਦਿਆ ਅਤੇ ਕਿਹੋ ਜਿਹਾ ਗਿਆਨ ਇਕੱਤਰ ਕੀਤਾ ਹੈ ਜਿਹੜਾ ਸਾਡੀ ਲਾਲਸਾ, ਹਊਮੈ, ਚਿੰਤਾ ਤੇ ਪਰੇਸ਼ਾਨੀ ਨੂੰ ਲਗਾਤਾਰ ਵਧਾਉਂਦਾ ਹੈ। ਵੱਡੇ ਕਹਿੰਦੇ ਸਨ ਕਿ ਜਿਸ ਦੀ ਝੋਲੀ ਵਿਦਿਆ ਦਾ ਮੋਤੀ ਪੈ ਜਾਂਦਾ ਹੈ, ਉਹ ਜੀਵਨ ਦੀਆਂ ਗੁੱਝੀਆਂ ਰਮਜ਼ਾਂ ਨੂੰ ਸਮਝਣ ਦੇ ਯੋਗ ਹੋ ਜਾਂਦਾ ਹੈ। ਉਹ ਮਨੁੱਖ ਦੇ ਭਲੇ ਲਈ ਕੰਮ ਕਰਨ ਲੱਗ ਜਾਂਦਾ ਹੈ। ਉਸ ਦੇ ਮਸਤਕ ਵਿੱਚ ਗਿਆਨ ਦੀ ਰੌਸ਼ਨੀ ਹੋ ਜਾਂਦੀ ਹੈ। ਉਹ ਮੈਂ ਨੂੰ ਪਾਰ ਕਰਕੇ ਤੂੰ ਵਿੱਚ ਸਮਾ ਜਾਂਦਾ ਹੈ। ਉਸ ਦਾ ਹੋਣਾ ਸਮਾਜ ਨੂੰ ਤਸੱਲੀ ਦਿੰਦਾ ਹੈ।
ਅਜੋਕੇ ਯੁੱਗ ਵਿੱਚ ਸਭ ਕੁਝ ਇਸ ਤੋਂ ਉਲਟ ਵਾਪਰ ਰਿਹਾ ਹੈ। ਇਸ ਸਮਾਜ ਵਿੱਚ ਗਿਆਨ ਦੇ ਚਾਨਣ ਤੋਂ ਵੱਧ ਲਾਲਚ ਦਾ ਅੰਧਕਾਰ ਹੈ। ਗਿਆਨ ਦਾ ਪ੍ਰਸਾਰ ਕਰਨ ਵਾਲੇ ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਹੋਰ ਸਮਾਜਿਕ ਸੰਸਥਾਵਾਂ ਲੱਖਾਂ ਦੀ ਤਾਦਾਦ ਵਿੱਚ ਹਨ। ਸਰਕਾਰਾਂ ਨੇ ਵੀ ਹਰੇਕ ਖੱਲ-ਖੂੰਜੇ ’ਚੋਂ ਅਗਿਆਨਤਾ ਦਾ ਨ੍ਹੇਰਾ ਦੂਰ ਕਰਨ ਦਾ ਅਹਿਦ ਲਿਆ ਹੋਇਆ ਹੈ, ਪਰ ਨਤੀਜੇ ਨਾਂਹਮੁਖੀ ਹਨ। ਮਨੁੱਖ ਸਰਪਟ ਦੌੜ ਰਿਹਾ ਹੈ। ਉਸ ਨੇ ਆਪਣੀ ਸਮਝ ਗਵਾ ਦਿੱਤੀ ਹੈ, ਮਨੁੱਖ ਤੋਂ ਮਸ਼ੀਨ ਬਣ ਗਿਆ ਹੈ। ਉਹ ਆਪਣੇ ਹੱਥੀਂ ਆਪਣੀ ਰੂਹ ਦਾ ਘਾਣ ਕਰ ਰਿਹਾ ਹੈ, ਪ੍ਰਕਿਰਤੀ ਦਾ ਨਾਸ ਕਰ ਰਿਹਾ ਹੈ।
ਕੁਦਰਤ ਨੇ ਉਸ ਨੂੰ ਬੁੱਧੀ ਦੀ ਅਣਮੁੱਲੀ ਦਾਤ ਨਾਲ ਨਿਵਾਜਿਆ ਹੈ। ਉਹ ਇਸ ਕੁਦਰਤ ਨੂੰ ਮੁਨਾਫੇ ਲਈ ਵਰਤਣ ਲੱਗਾ ਹੈ। ਇਸ ਦਾਤ ਨਾਲ ਉਸ ਨੇ ਪ੍ਰਕਿਰਤੀ ਦੇ ਰਹੱਸ ਨੂੰ ਜਾਣ ਕੇ, ਉਸ ਦੀ ਭਾਸ਼ਾ ਨੂੰ ਪਛਾਣ ਕੇ, ਉਸ ਨਾਲ ਸਹਿ-ਸਬੰਧ ਬਣਾ ਕੇ ਜੀਵਨ ਨੂੰ ਸੁਖਾਵਾਂ ਬਣਾਉਣਾ ਸੀ ਤੇ ਖੁਸ਼ੀ ਮਾਣਨੀ ਸੀ, ਪਰ ਮਨੁੱਖ ਨੇ ਉਸ ਨਾਲ ਵਿਰੋਧ ਵਾਲਾ ਰਿਸ਼ਤਾ ਥਾਪ ਲਿਆ ਹੈ। ਇਹ ਰਿਸ਼ਤਾ ਵਿਰੋਧ ਵਾਲਾ ਨਹੀਂ ਸਗੋਂ ਸਹਿਯੋਗ ਵਾਲਾ ਹੋਣਾ ਚਾਹੀਦਾ ਸੀ। ਮਨੁੱਖ ਦੇ ਗ਼ਲਤ ਵਰਤਾਰੇ ਕਾਰਨ ਪ੍ਰਕਿਰਤੀ ਆਪਣਾ ਸੰਤੁਲਨ ਬਣਾਉਣ ਲਈ ਕਰਵਟ ਲੈਂਦੀ ਹੈ। ਇਸ ਕਰਵਟ ਨੂੰ ਮਨੁੱਖ ‘ਕੁਦਰਤ ਦਾ ਕਹਿਰ’ ਕਹਿੰਦਾ ਹੈ, ਪਰ ਉਹ ਭੁੱਲ ਜਾਂਦਾ ਹੈ ਕਿ ਉਸ ਨੇ ਪ੍ਰਕਿਰਤੀ ’ਤੇ ਕਿੰਨਾ ਕਹਿਰ ਢਾਇਆ ਹੈ। ਮਨੁੱਖ ਨੂੰ ਪ੍ਰਕਿਰਤੀ ਨਾਲ ਸੰਤੁਲਨ ਬਣਾ ਕੇ ਚੱਲਣਾ ਪਏਗਾ।
ਬੱਚੇ ਦੇ ਜਨਮ ਤੋਂ ਹੀ ਮਾਪੇ ਉਸ ਦੇ ਮਨ-ਮਸਤਕ ਵਿੱਚ ਪੈਸੇ ਦੀ ਦੌੜ ਵਿੱਚ ਕੁੱਦ ਪੈਣ ਦੀ ਲਾਲਸਾ ਪੈਦਾ ਕਰ ਦਿੰਦੇ ਹਨ। ਬੱਚੇ ਦੇ ਕੰਨ ਮਿੱਠੀਆਂ ਤੇ ਮਧੁਰ ਲੋਰੀਆਂ ਦੀ ਥਾਂ ਡਾਕਟਰ, ਇੰਜੀਨੀਅਰ, ਪਾਇਲਟ, ਪ੍ਰੋਫੈਸਰ, ਵੱਡਾ ਕਾਰੋਬਾਰੀ ਆਦਿ ਬਣ ਜਾਣ ਦੇ ਆਦੇਸ਼ ਸੁਣਦੇ ਹਨ। ਖੇਡਣ-ਕੁੱਦਣ ਵਾਲੀ ਉਮਰ ’ਚ ਦਾਖਲ ਹੁੰਦਾ ਹੈ ਤਾਂ ਆਪਣਿਆਂ ਦੇ ਪਿਆਰ-ਦੁਲਾਰ ਦੀ ਥਾਵੇਂ ਕਰੈੱਚ ਵਿੱਚ ਪਲਾਸਟਿਕ ਦੇ ਗੁੱਡੇ-ਗੁੱਡੀਆਂ ਤੇ ਮਸ਼ੀਨੀ ਖਿਡੌਣੇ ਮਿਲਦੇ ਹਨ। ਬੱਚੇ ਨੇ ਅਜੇ ਆਪਣੇ ਆਪ ਨੂੰ ਸੰਭਾਲਣਾ ਵੀ ਨਹੀਂ ਸਿੱਖਿਆ ਹੁੰਦਾ ਕਿ ਉਸ ਅੱਗੇ ਕਿਤਾਬੀ ਗਿਆਨ ਦਾ ਭੰਡਾਰ ਖੋਲ੍ਹ ਦਿੱਤਾ ਜਾਂਦਾ ਹੈ। ਆਪਣੇ ਹੱਥਾਂ ਦੀਆਂ ਉਂਗਲਾਂ ਦੀ ਗਿਣਤੀ ਵੀ ਨਹੀਂ ਸਿੱਖੀ ਹੁੰਦੀ ਜਦੋਂ ਜੀਵਨ ਦੇ ਜੋੜ-ਘਟਾ ਉਸ ਅੱਗੇ ਰੱਖ ਦਿੱਤੇ ਜਾਂਦੇ ਹਨ। ਇਨ੍ਹਾਂ ਵਿੱਚ ਫਸਿਆ ਉਹ ਵੱਡਾ ਮਨੁੱਖ ਬਣਨ ਦੀ ਥਾਂ ’ਤੇ ਬੌਣਾ ਮਨੁੱਖ ਬਣ ਜਾਂਦਾ ਹੈ।
ਗਿਆਨ ਵਿੱਚੋਂ ਮਾਨਵੀ ਮੁੱਲਾਂ ਦਾ ਪਾਠ ਮਨਫੀ ਕਰ ਦਿੱਤਾ ਗਿਆ ਹੈ ਜਿਸ ਕਾਰਨ ਮਨੁੱਖ ਮਾਨਸਿਕ ਤਣਾਓ ਦਾ ਸ਼ਿਕਾਰ ਹੋ ਕੇ ਵਨਿਾਸ਼ ਵੱਲ ਵਧ ਰਿਹਾ ਹੈ। ਵਿਗਿਆਨਕ ਤਰੱਕੀ ਨਾਲ ਉਸ ਨੇ ਜੀਵਨ ਨੂੰ ਸੁਖਾਲਾ ਕਰਨ ਲਈ ਕਈ ਯੰਤਰ ਘੜ ਲਏ ਹਨ, ਪਰ ਜੀਵਨ ਨੂੰ ਆਨੰਦਮਈ ਬਣਾਉਣ ਲਈ ਇੱਕ ਵੀ ਸਰੋਤ ਨਹੀਂ ਲੱਭਿਆ। ਬਹੁਤ ਸਾਰੇ ਅਜਿਹੇ ਉਪਕਰਨ ਈਜਾਦ ਕਰ ਲਏ ਹਨ ਜਿਹੜੇ ਬੰਦੇ ਨੂੰ ਬੰਦੇ ਦੇ ਨੇੜੇ ਹੋਣ ਦਾ ਭਰਮ ਸਿਰਜਦੇੇ ਹਨ, ਪਰ ਦਿਲਾਂ ਨਾਲ ਦਿਲਾਂ ਦਾ ਰਾਬਤਾ ਕਾਇਮ ਕਰਨ ਵਾਲਾ ਇੱਕ ਵੀ ਸੰਦ ਨਹੀਂ ਲੱਭਿਆ ਜਾ ਸਕਿਆ। ਮਨੁੱਖ ਨਿੱਜੀ ਹੋ ਗਿਆ ਹੈ। ਉਹ ਸਿਰਫ਼ ਆਪਣੇ ਭਲੇ ਤੱਕ ਸੀਮਤ ਹੋ ਕੇ ਚੱਲਦਾ ਹੈ। ਸਰਬੱਤ ਦੀ ਭਲਾਈ ਵਾਲਾ ਰਸਤਾ ਵਿਸਰਦਾ ਜਾਂਦਾ ਹੈ।
ਮਨੁੱਖ ਨੇ ਆਪ ਹੀ ਆਪਣੇ ਖੁਸ਼ੀ-ਖੇੜੇ ਭਰੇ
ਵਿਸ਼ਾਲ ਬਾਗ ਉਜਾੜੇ ਹਨ ਤੇ ਪੱਥਰਾਂ ਦੇ ਤੰਗ
ਮਕਾਨ ਉਸਾਰੇ ਹਨ। ਇਨ੍ਹਾਂ ਦੀਵਾਰਾਂ ਪਿੱਛੇ ਮਨ ਦੇ
ਪੰਛੀ ਕੈਦ ਹੰਢਾ ਰਹੇ ਹਨ, ਪਿਆਰ ਦੇ ਸੁਰੀਲੇ
ਗੀਤ ਦਮ ਤੋੜ ਰਹੇ ਹਨ। ਮਨੁੱਖ ਨੂੰ ਮਾਨਸਿਕ ਬੋਝ ਤੋਂ ਮੁਕਤ ਹੋਣ ਲਈ ਅਜਿਹੀ ਜੀਵਨ-ਜਾਚ ਉਲੀਕਣ ਦੀ ਲੋੜ ਹੈ ਜਿਸ ਵਿੱਚ ਉਹ ਜੀਵਨ ਨੂੰ ਰੱਜ ਕੇ ਜੀ ਸਕੇ। ਮਾਨਸ ਜੀਵਨ ਦੁਰਲੱਭ ਹੈ ਇਸ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ।
ਸੰਪਰਕ: 99887-22795