ਆਜ਼ਾਦੀ ਘੁਲਾਟੀਆ ਸੇਵਾ ਸਿੰਘ ਠੀਕਰੀਵਾਲਾ
ਦਲਜੀਤ ਰਾਏ ਕਾਲੀਆ
ਸੇਵਾ ਸਿੰਘ ਠੀਕਰੀਵਾਲਾ ਸਰਗਰਮ ਅਕਾਲੀ ਆਗੂ ਅਤੇ ਰਿਆਸਤੀ ਪਰਜਾ ਮੰਡਲ ਦੇ ਬਾਨੀਆਂ ’ਚੋਂ ਸਨ। ਉਨ੍ਹਾਂ ਦਾ ਜਨਮ 24 ਅਗਸਤ, 1882 ਨੂੰ ਪਟਿਆਲਾ ਰਿਆਸਤ ਦੇ ਪਿੰਡ ਠੀਕਰੀਵਾਲਾ ਵਿੱਚ ਦੇਵਾ ਸਿੰਘ ਅਤੇ ਹਰਿ ਕੌਰ ਦੇ ਘਰ ਹੋਇਆ। ਦੇਵਾ ਸਿੰਘ ਪਟਿਆਲਾ ਰਿਆਸਤ ਦੇ ਅਹਿਲਕਾਰ ਸਨ। ਸੇਵਾ ਸਿੰਘ ਦੇ ਤਿੰਨ ਭਰਾ ਗੁਰਬਖਸ਼ ਸਿੰਘ, ਨੱਥਾ ਸਿੰਘ ਅਤੇ ਮੇਵਾ ਸਿੰਘ ਸਨ। ਸੇਵਾ ਸਿੰਘ ਦਾ ਮੁੱਢਲਾ ਜੀਵਨ ਪਟਿਆਲਾ ਵਿੱਚ ਹੀ ਬੀਤਿਆ। ਉਨ੍ਹਾਂ ਮਾਡਲ ਸਕੂਲ ਪਟਿਆਲਾ ’ਚੋਂ ਸੱਤਵੀਂ ਜਾਂ ਅੱਠਵੀਂ ਜਮਾਤ ਪਾਸ ਕੀਤੀ। ਉਨ੍ਹਾਂ ਉਰਦੂ, ਪੰਜਾਬੀ ,ਫਾਰਸੀ ਅਤੇ ਥੋੜ੍ਹਾ-ਬਹੁਤਾ ਅੰਗਰੇਜ਼ੀ ਦਾ ਗਿਆਨ ਹਾਸਲ ਕੀਤਾ। ਬਾਅਦ ਵਿੱਚ ਉਨ੍ਹਾਂ ਨੂੰ ਮਹਾਰਾਜਾ ਪਟਿਆਲਾ ਰਜਿੰਦਰ ਸਿੰਘ ਦਾ ਅਹਿਲਕਾਰ ਨਿਯੁਕਤ ਕੀਤਾ ਗਿਆ। 1905 ਵਿੱਚ ਜਦੋਂ ਇਲਾਕੇ ਵਿੱਚ ਪਲੇਗ ਫੈਲੀ ਤਾਂ ਉਨ੍ਹਾਂ ਨੂੰ ਜ਼ਿਲ੍ਹਾ ਬਰਨਾਲਾ ਦਾ ਪਲੇਗ ਅਫਸਰ ਨਿਯੁਕਤ ਕੀਤਾ ਗਿਆ। ਇਸ ਸਮੇਂ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਦੀ ਅਣਥਕ ਸੇਵਾ ਕੀਤੀ।
ਸਮੇਂ ਦੇ ਰਿਵਾਜ਼ ਅਨੁਸਾਰ ਉਨ੍ਹਾਂ ਦਾ ਪਹਿਲਾ ਵਿਆਹ 13 ਸਾਲ ਦੀ ਉਮਰ ਵਿੱਚ ਬੀਬੀ ਕਰਤਾਰ ਕੌਰ ਨਾਲ ਹੋਇਆ। ਉਨ੍ਹਾਂ ਦੀ ਕੁੱਖੋਂ ਕੋਈ ਔਲਾਦ ਨਹੀਂ ਹੋਈ। ਦੂਜਾ ਵਿਆਹ ਪਿੰਡ ਕਾਤਰੋਂ ਦੀ ਬੀਬੀ ਭਗਵਾਨ ਕੌਰ ਨਾਲ ਹੋਇਆ, ਜਿਨ੍ਹਾਂ ਦੀ ਕੁੱਖੋਂ ਦੋ ਪੁੱਤਰਾਂ ਅਤੇ ਇੱਕ ਧੀ ਗੁਰਚਰਨ ਕੌਰ ਦਾ ਜਨਮ ਹੋਇਆ। ਸੇਵਾ ਸਿੰਘ ਦੇ ਦੋਵੇਂ ਪੁੱਤਰ ਛੋਟੀ ਉਮਰੇ ਹੀ ਚੜ੍ਹਾਈ ਕਰ ਗਏ।
ਸੇਵਾ ਸਿੰਘ 1911 ਵਿੱਚ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਆਏ। ਉਨ੍ਹਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਆਪਣਾ ਜੀਵਨ ਕੌਮੀ ਸੇਵਾ ਨੂੰ ਸਮਰਪਿਤ ਕਰ ਦਿੱਤਾ। 1915 ਵਿੱਚ ਉਨ੍ਹਾਂ ਆਪਣੇ ਪਿੰਡ ਵਿੱਚ ਸਿੰਘ ਸਭਾ ਦਾ ਵੱਡਾ ਦੀਵਾਨ ਸਜਾਇਆ, ਜਿਸ ਵਿੱਚ ਗੁਰਮਤਾ ਪਾਸ ਕੀਤਾ ਗਿਆ ਕਿ ਜਿਸ ਸਥਾਨ ’ਤੇ 18ਵੀਂ ਸਦੀ ਦੇ ਉੱਘੇ ਸਿੱਖ ਆਗੂ ਨਵਾਬ ਕਪੂਰ ਸਿੰਘ ਬਿਰਾਜਮਾਨ ਹੋਏ ਸਨ, ਉੱਥੇ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰੇ ਦੀ ਉਸਾਰੀ ਕਰਵਾਈ ਜਾਵੇ। ਸੇਵਾ ਸਿੰਘ ਨੇ ਸੰਗਤ ਦੇ ਸਹਿਯੋਗ ਨਾਲ ਇਹ ਕਾਰਜ ਨੇਪਰੇ ਚਾੜ੍ਹਿਆ। ਬਾਅਦ ਵਿੱਚ ਇਹੋ ਗੁਰਦੁਆਰਾ ਅਕਾਲੀ ਅਤੇ ਪਰਜਾ ਮੰਡਲ ਲਹਿਰਾਂ ਦੀਆਂ ਸਰਗਰਮੀਆਂ ਦਾ ਕੇਂਦਰ ਬਣਿਆ।
1919 ਦੇ ਜੱਲ੍ਹਿਆਂਵਾਲੇ ਬਾਗ ਦੇ ਸਾਕੇ ਅਤੇ ਨਨਕਾਣਾ ਸਾਹਿਬ ਦੇ ਸਾਕਿਆਂ ਨਾਲ ਉਨ੍ਹਾਂ ਦਾ ਹਿਰਦਾ ਵਲੂੰਧਰਿਆ ਗਿਆ। ਉਨ੍ਹਾਂ ਜੱਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਯਾਦ ਵਿੱਚ ਆਪਣੇ ਪਿੰਡ ਦੇ ਗੁਰਦੁਆਰੇ ’ਚ ਪੰਜ ਅਖੰਡ ਪਾਠ ਕਰਵਾਏ। ਦਸੰਬਰ 1920 ਵਿੱਚ ਜਦੋਂ ਅਕਾਲੀ ਦਲ ਦੀ ਸਥਾਪਨਾ ਹੋਈ ਤਾਂ ਉਨ੍ਹਾਂ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਅਤੇ ਕਾਰਜਕਾਰਨੀ ਵਿਚ ਸ਼ਾਮਲ ਕੀਤਾ ਗਿਆ। ਨਨਕਾਣਾ ਸਾਹਿਬ ਦੇ ਸਾਕੇ ਸਮੇਂ ਉਹ 20 ਸਿੰਘਾਂ ਦਾ ਜਥਾ ਲੈ ਕੇ ਨਨਕਾਣਾ ਸਾਹਿਬ ਪੁੱਜੇ। 1922 ਦੇ ਸ਼ੁਰੂ ਵਿੱਚ ਜਦੋਂ ਮੁਕਤਸਰ ਸਾਹਿਬ ਦੇ ਗੁਰਦੁਆਰੇ ਨੂੰ ਮਹੰਤਾਂ ਦੇ ਚੁੰਗਲ ’ਚੋਂ ਛਡਵਾਉਣ ਲਈ ਮੋਰਚਾ ਲਾਇਆ ਗਿਆ ਤਾਂ ਉਨ੍ਹਾਂ ਨੂੰ ਮੋਰਚੇ ਦਾ ਪ੍ਰਬੰਧਕ ਥਾਪਿਆ ਗਿਆ ਅਤੇ ਉਹ ਕਈ ਮਹੀਨੇ ਮੁਕਤਸਰ ਸਾਹਿਬ ਰਹੇ ਤੇ ਮੋਰਚੇ ਨੂੰ ਸਰ ਕੀਤਾ। ਜੈਤੋ ਦੇ ਮੋਰਚੇ ਸਮੇਂ ਅਕਤੂਬਰ 1923 ਵਿੱਚ ਸੇਵਾ ਸਿੰਘ ਠੀਕਰੀਵਾਲਾ ਨੂੰ ਮੁਕਤਸਰ ਸਾਹਿਬ ਤੋਂ ਗ੍ਰਿਫਤਾਰ ਕਰਕੇ ਪਟਿਆਲੇ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਹੋਰ ਲੀਡਰਾਂ ਨਾਲ ਲਾਹੌਰ ਭੇਜ ਕੇ ਸ਼ਾਹੀ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਜੁਲਾਈ 1925 ਵਿੱਚ ਸਰਕਾਰ ਨੇ ਗੁਰਦੁਆਰਾ ਐਕਟ ਪਾਸ ਕਰ ਦਿੱਤਾ। ਇਸ ਵੇਲੇ ਸਰ ਮੈਲਕਮ ਹੈਲੀ ਗਵਰਨਰ ਪੰਜਾਬ ਨੇ ਗ੍ਰਿਫਤਾਰ ਅਕਾਲੀ ਆਗੂਆਂ ਦੀ ਰਿਹਾਈ ਲਈ ਸ਼ਰਤਾਂ ਰੱਖ ਦਿੱਤੀਆਂ। ਅਕਾਲੀ ਦਲ ਦੇ ਦੋ ਧੜੇ ਬਣ ਗਏ। ਕੁਝ ਆਗੂਆਂ ਨੇ ਗਵਰਨਰ ਦੀਆਂ ਸ਼ਰਤਾਂ ਪ੍ਰਵਾਨ ਕਰਕੇ ਰਿਹਾਅ ਹੋਣਾ ਮੰਨ ਲਿਆ ਪਰ ਸੇਵਾ ਸਿੰਘ ਸ਼ਰਤਾਂ ਨਾ ਪ੍ਰਵਾਨ ਕਰਨ ਵਾਲੇ ਆਗੂਆਂ ’ਚ ਸ਼ਾਮਲ ਸਨ। 13 ਸਤੰਬਰ 1926 ਨੂੰ ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਕਾਨੂੰਨ ਵਿਰੁੱਧ ਕਰਾਰ ਦੇਣ ਦਾ ਐਲਾਨ ਵਾਪਸ ਲੈ ਲਿਆ। 27 ਸਤੰਬਰ 1926 ਨੂੰ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਦਾ ਮੁਕੱਦਮਾ ਵਾਪਸ ਲੈ ਲਿਆ। ਇਸ ਸਮੇਂ ਹੋਰਨਾਂ ਅਕਾਲੀ ਆਗੂਆਂ ਨਾਲ ਸੇਵਾ ਸਿੰਘ ਦੀ ਰਿਹਾਈ ਵੀ ਹੋ ਗਈ। ਪਰ ਜਿਉਂ ਹੀ ਸੇਵਾ ਸਿੰਘ ਰਿਹਾਅ ਹੋ ਕੇ ਕਿਲ੍ਹੇ ਤੋਂ ਬਾਹਰ ਆਏ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪਹਿਲਾਂ ਤੋਂ ਹੀ ਤਿਆਰ ਖੜ੍ਹੀ ਰਿਆਸਤ ਪਟਿਆਲਾ ਦੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਖ਼ਿਲਾਫ਼ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ’ਚੋਂ ਗੜਵੀ ਚੁੱਕਣ ਦਾ ਝੂਠਾ ਦੋਸ਼ ਲਾ ਕੇ ਮੁਕੱਦਮਾ ਚਲਾਇਆ ਗਿਆ। ਡੇਰੇ ਦੇ ਮਹੰਤ ਰਘਬੀਰ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਉਸ ਦੀ ਕੋਈ ਗੜਵੀ ਚੋਰੀ ਨਹੀਂ ਹੋਈ। ਮੁਕੱਦਮਾ ਖਾਰਜ ਹੋ ਗਿਆ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਕਰਨ ਦੀ ਥਾਂ ਮਹਾਰਾਜਾ ਭੁਪਿੰਦਰ ਸਿੰਘ ਦੇ ਹੁਕਮਾਂ ਨਾਲ ਬਿਨਾਂ ਮੁਕੱਦਮਾ ਚਲਾਏ ਪਟਿਆਲੇ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਉਨ੍ਹਾਂ ਦੀ ਇਸ ਨਜ਼ਰਬੰਦੀ ਵਿਰੁੱਧ ਸਾਰੇ ਪੰਜਾਬ ਵਿੱਚ ਰੋਹ ਜਾਗ ਪਿਆ। 1927 ਵਿੱਚ ਉਨ੍ਹਾਂ ਦੀ ਰਿਹਾਈ ਲਈ ਠੀਕਰੀਵਾਲਾ ਵਿੱਚ ਦੀਵਾਨ ਰੱਖਿਆ ਗਿਆ। ਇਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਬਾਬਾ ਖੜਕ ਸਿੰਘ ਅਤੇ ਸਕੱਤਰ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਉਚੇਚੇ ਤੌਰ ’ਤੇ ਸ਼ਾਮਲ ਹੋਏ। ਅਕਾਲੀ ਅਤੇ ਪਰਦੇਸੀ ਅਖਬਾਰ ਵਿੱਚ ਮਹਾਰਾਜਾ ਪਟਿਆਲਾ ਵਿਰੁੱਧ ਕਈ ਲੇਖ ਲਿਖੇ ਗਏ, ਜਿਨ੍ਹਾਂ ਵਿੱਚ ਉਸ ਦੀਆਂ ਧੱਕੇਸ਼ਾਹੀਆਂ ਦੇ ਪਾਜ ਖੋਲ੍ਹੇ ਗਏ। 24 ਫਰਵਰੀ 1929 ਨੂੰ ਅਕਾਲ ਤਖਤ ਵਿਖੇ ਸਰਬ ਪਾਰਟੀ ਸਿੱਖ ਕਾਨਫਰੰਸ ਬੁਲਾਈ ਗਈ। ਇਸ ਕਾਨਫਰੰਸ ਵਿੱਚ ਵੀ ਸੇਵਾ ਸਿੰਘ ਦੀ ਰਿਹਾਈ ਲਈ ਵਿਚਾਰਾਂ ਕੀਤੀਆਂ ਗਈਆਂ। 25 ਅਗਸਤ 1929 ਨੂੰ ਸੇਵਾ ਸਿੰਘ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਜਨਤਕ ਦਬਾਅ ਸਦਕਾ ਮਹਾਰਾਜਾ ਪਟਿਆਲਾ ਨੇ ਸੇਵਾ ਸਿੰਘ ਨੂੰ 45 ਸਾਥੀਆਂ ਸਮੇਤ 24 ਅਗਸਤ 1929 ਨੂੰ ਰਿਹਾਅ ਕਰ ਦਿੱਤਾ। ਰਿਹਾਈ ਉਪਰੰਤ ਰਿਆਸਤੀ ਅਕਾਲੀ ਦਲ ਵੱਲੋਂ ਬਰਨਾਲਾ ਦੇ ਰੇਲਵੇ ਸਟੇਸ਼ਨ ’ਤੇ ਪਹੁੰਚਣ ’ਤੇ ਸੇਵਾ ਸਿੰਘ ਠੀਕਰੀਵਾਲਾ ਦਾ ਸਵਾਗਤ ਕੀਤਾ ਗਿਆ।
ਰਿਆਸਤ ਪਟਿਆਲਾ ਵਿੱਚ ਪਰਜਾ ਮੰਡਲ ਦੀ ਸਥਾਪਨਾ ਫਰਵਰੀ 1928 ਵਿੱਚ ਹੋ ਚੁੱਕੀ ਸੀ। ਸੇਵਾ ਸਿੰਘ ਨੂੰ ਜੇਲ੍ਹ ਵਿੱਚ ਬੈਠਿਆਂ ਹੀ ਇਸ ਦਾ ਪ੍ਰਧਾਨ ਚੁਣ ਲਿਆ ਗਿਆ ਸੀ। 17 ਜੁਲਾਈ 1928 ਨੂੰ ਮਾਨਸਾ ਵਿੱਚ ਸਾਰੀਆਂ ਰਿਆਸਤਾਂ ’ਚੋਂ ਇਕੱਠੇ ਹੋਏ ਲੋਕਾਂ ਨੇ ਸਮੁੱਚਾ ਰਿਆਸਤੀ ਪਰਜਾ ਮੰਡਲ ਬਣਾਇਆ, ਜਿਸ ਦੇ ਪ੍ਰਧਾਨ ਸੇਵਾ ਸਿੰਘ ਠੀਕਰੀਵਾਲਾ ਅਤੇ ਜਨਰਲ ਸਕੱਤਰ ਜਸਵੰਤ ਸਿੰਘ ਦਾਨੇਵਾਲੀਆ ਨੂੰ ਚੁਣਿਆ ਗਿਆ। ਰਿਆਸਤੀ ਪਰਜਾ ਮੰਡਲ ਵੱਲੋਂ ਰਜਵਾੜਾ ਸ਼ਾਹੀ ਦੇ ਖਾਤਮੇ ਲਈ ਘੋਲ ਸ਼ੁਰੂ ਕੀਤਾ ਗਿਆ। ਦਸੰਬਰ 1929 ਵਿੱਚ ਲਾਹੌਰ ਦੇ ਬ੍ਰੈਡਲਾ ਹਾਲ ਵਿੱਚ ਪੰਜਾਬ ਰਿਆਸਤੀ ਪਰਜਾ ਮੰਡਲ ਦੀ ਪਹਿਲੀ ਕਾਨਫਰੰਸ ਹੋਈ। ਇਸ ਕਾਨਫਰੰਸ ਵਿੱਚ ਰਿਆਸਤੀ ਦੁਨੀਆ ਨਾਂ ਦਾ ਪਰਚਾ ਉਰਦੂ ਵਿੱਚ ਪ੍ਰਕਾਸ਼ਿਤ ਕਰਨ ਦਾ ਫੈਸਲਾ ਵੀ ਹੋਇਆ। 12 ਅਕਤੂਬਰ 1930 ਨੂੰ ਰਿਆਸਤੀ ਪਰਜਾ ਮੰਡਲ ਦੀ ਦੂਸਰੀ ਕਾਨਫਰੰਸ ਲੁਧਿਆਣਾ ਵਿੱਚ ਹੋਈ। ਇਸ ਕਾਨਫਰੰਸ ਦੇ ਪ੍ਰਧਾਨ ਪ੍ਰੋਫੈਸਰ ਰਵਿੰਦਰ ਰਾਓ ਪੂਨਾ ਅਤੇ ਸਵਾਗਤੀ ਕਮੇਟੀ ਦੇ ਪ੍ਰਧਾਨ ਸੇਵਾ ਸਿੰਘ ਠੀਕਰੀਵਾਲਾ ਸਨ। ਸਵਾਗਤੀ ਭਾਸ਼ਣ ਵਿੱਚ ਸੇਵਾ ਸਿੰਘ ਠੀਕਰੀਵਾਲਾ ਨੇ ਮਹਾਰਾਜਾ ਪਟਿਆਲਾ ਦੀਆਂ ਆਪਹੁਦਰੀਆਂ ਖ਼ਿਲਾਫ਼ ਅਤੇ ਲੋਕਾਂ ਦੀਆਂ ਦੁੱਖਾਂ-ਤਕਲੀਫਾਂ ਬਾਰੇ ਵਿਸਥਾਰ ਨਾਲ ਜ਼ਿਕਰ ਕੀਤਾ। ਲੁਧਿਆਣਾ ਕਾਨਫਰੰਸ ਤੋਂ ਵਾਪਸ ਮੁੜਦਿਆਂ ਹੀ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। 20 ਨਵੰਬਰ 1930 ਨੂੰ ਬਰਨਾਲਾ ਦੇ ਮੈਜਿਸਟਰੇਟ ਪ੍ਰੀਤਮ ਸਿੰਘ ਸਿੱਧੂ ਦੀ ਅਦਾਲਤ ਵਿੱਚ ਕੇਸ ਚੱਲਿਆ। ਇਸ ਵਿੱਚ ਠੀਕਰੀਵਾਲਾ ਨੂੰ 10 ਸਾਲ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਹੋਈ। ਪਰਜਾ ਮੰਡਲ ਵੱਲੋਂ ਹਾਈ ਕੋਰਟ ਵਿੱਚ ਅਪੀਲ ਕਰਨ ’ਤੇ ਉਨ੍ਹਾਂ ਦੀ ਸਜ਼ਾ ਪੰਜ ਸਾਲ ਕੈਦ ਅਤੇ 5000 ਰੁਪਏ ਜੁਰਮਾਨੇ ਦੀ ਰਹਿ ਗਈ। ਪਟਿਆਲਾ ਰਿਆਸਤ ਦੀਆਂ ਆਪ ਹੁਦਰੀਆਂ ਵਿਰੁੱਧ ਪਰਜਾ ਮੰਡਲ ਵੱਲੋਂ ਵਾਇਸਰਾਏ ਨੂੰ ਯਾਦ ਪੱਤਰ ਦਿੱਤਾ ਗਿਆ, ਜਿਸ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਦੇ ਜਬਰ-ਜ਼ੁਲਮ ਦਾ ਪਰਦਾਫਾਸ਼ ਕੀਤਾ ਗਿਆ। ਜਦੋਂ 1931 ਵਿੱਚ ਮਹਾਰਾਜਾ ਨੇ ਲੰਡਨ ਵਿੱਚ ਹੋਣ ਵਾਲੀ ਗੋਲਮੇਜ ਕਾਨਫਰੰਸ ’ਚ ਸ਼ਾਮਲ ਹੋਣ ਲਈ ਮੁੰਬਈ ਤੋਂ ਜਹਾਜ਼ ਚੜ੍ਹਨਾ ਸੀ ਤਾਂ ਪਰਜਾ ਮੰਡਲ ਦੇ ਵਰਕਰਾਂ ਨੇ ਕਾਲੀਆਂ ਝੰਡੀਆਂ ਨਾਲ ਮੁਜ਼ਾਹਰੇ ਕੀਤੇ। 12 ਮਾਰਚ 1931 ਨੂੰ ਸੇਵਾ ਸਿੰਘ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।
ਪੰਜਾਬ ਰਿਆਸਤੀ ਪਰਜਾ ਮੰਡਲ ਦੀ ਤੀਜੀ ਕਾਨਫਰੰਸ ਸ਼ਿਮਲਾ ਵਿੱਚ 24, 25 ਤੇ 26 ਜੁਲਾਈ 1931 ਨੂੰ ਰੱਖੀ ਗਈ। ਇਸ ਕਾਨਫਰੰਸ ਵਿੱਚ ਠੀਕਰੀਵਾਲਾ ਨੇ ਪਰਜਾ ਮੰਡਲ ਦੇ 1000 ਵਲੰਟੀਅਰਾਂ ਸਮੇਤ ਸ਼ਾਮਲ ਹੋਣ ਲਈ ਪੈਦਲ ਹੀ ਚਾਲੇ ਪਾ ਦਿੱਤੇ। ਸਰਕਾਰ ਨੇ ਸ਼ਿਮਲਾ ਕਾਨਫਰੰਸ ਫੇਲ੍ਹ ਕਰ ਦਿੱਤੀ, ਪਰ ਇਸ ਕਾਨਫਰੰਸ ਸਦਕਾ ਪਰਜਾ ਮੰਡਲ ਅੰਦਰ ਗੁੱਸਾ ਹੋਰ ਭੜਕ ਉੱਠਿਆ।
ਨਵੰਬਰ 1931 ਵਿੱਚ ਰਿਆਸਤ ਜੀਂਦ ਦੇ ਹਾਕਮਾਂ ਦੀ ਧੱਕੇਸ਼ਾਹੀ ਵਿਰੁੱਧ ਅੰਦੋਲਨ ਸ਼ੁਰੂ ਹੋਇਆ। ਪੰਜ ਨਵੰਬਰ 1931 ਨੂੰ ਸੰਗਰੂਰ ਦੀ ਪੁਲੀਸ ਨੇ ਉਨ੍ਹਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਜਨਵਰੀ 1932 ਵਿੱਚ ਰਿਹਾਅ ਕੀਤਾ ਗਿਆ। 15 ਮਈ 1932 ਨੂੰ ਉਨ੍ਹਾਂ ਨੇ ਖੁਡਿਆਲਾ ਵਿੱਚ ਹੋਈ ਅਕਾਲੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 16 ਜੁਲਾਈ 1932 ਨੂੰ ਉਹ ਕੁਠਾਲੇ ਦੇ ਸ਼ਹੀਦਾਂ ਦੀ ਯਾਦ ’ਚ ਹੋ ਰਹੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਤਾਂ ਮਾਲੇਰਕੋਟਲਾ ਪੁਲੀਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੁਠਾਲਾ ਵਿੱਚ 17 ਜੁਲਾਈ 1927 ਨੂੰ 18 ਨਿਹੱਥੇ ਕਿਸਾਨ ਪੁਲੀਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਨਾਲ ਮਾਰੇ ਗਏ ਸਨ। ਇਸ ਸਮੇਂ ਉਹ ਤਿੰਨ ਮਹੀਨੇ ਜੇਲ੍ਹ ਵਿੱਚ ਰਹੇ। ਅਪਰੈਲ 1933 ਵਿੱਚ ਪਰਜਾ ਮੰਡਲ ਦੀ ਦਿੱਲੀ ਵਿੱਚ ਹੋਈ ਚੌਥੀ ਕਾਨਫਰੰਸ ਸਮੇਂ ਸੇਵਾ ਸਿੰਘ ਮੁੜ ਪੰਜਾਬ ਰਿਆਸਤੀ ਪਰਜਾ ਮੰਡਲ ਦੇ ਪ੍ਰਧਾਨ ਚੁਣੇ ਗਏ। ਇਸ ਪਿੱਛੋਂ ਅੰਮ੍ਰਿਤਸਰ ਵਿੱਚ ਰਿਆਸਤੀ ਪਰਜਾ ਮੰਡਲ ਦਾ ਤਕੜਾ ਇਕੱਠ ਹੋਇਆ। 7 ਜੁਲਾਈ 1933 ਨੂੰ ਪੰਜਾਬ ਸਰਕਾਰ ਵੱਲੋਂ ਸੇਵਾ ਸਿੰਘ ਨੂੰ 24 ਘੰਟੇ ਦੇ ਅੰਦਰ-ਅੰਦਰ ਅੰਮ੍ਰਿਤਸਰ ਸ਼ਹਿਰ ਛੱਡਣ ਦਾ ਹੁਕਮ ਦੇ ਦਿੱਤਾ। ਦੋ ਮਹੀਨਿਆਂ ਲਈ ਲਾਹੌਰ ਤੇ ਅੰਮ੍ਰਿਤਸਰ ਸ਼ਹਿਰ ਵਿੱਚ ਉਨ੍ਹਾਂ ਦੀ ਆਮਦ ’ਤੇ ਪਾਬੰਦੀ ਲਗਾ ਦਿੱਤੀ ਗਈ। ਪਰਜਾ ਮੰਡਲ ਦੀ ਅੰਤਰਿਮ ਕਮੇਟੀ ਦੀ 21 ਅਗਸਤ 1933 ਨੂੰ ਉਨ੍ਹਾਂ ਦੇ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿੱਚ ਪਰਜਾ ਮੰਡਲ ਦੇ ਮੋਰਚੇ ਦੀ ਤਿਆਰੀ ਸਬੰਧੀ ਵਿਚਾਰ ਹੋਏ। 25 ਅਗਸਤ 1933 ਨੂੰ ਉਨ੍ਹਾਂ ਨੂੰ ਅੰਤਿਮ ਵਾਰ ਗ੍ਰਿਫਤਾਰ ਕੀਤਾ ਗਿਆ। ਇਸ ਸਮੇਂ ਉਨ੍ਹਾਂ ਨੂੰ ਦਿੱਲੀ ਅਤੇ ਖੁਡਿਆਲਾ ਦੀਆਂ ਕਾਨਫਰੰਸਾਂ ਵਿਚ ਹਿੱਸਾ ਲੈਣ ਦੇ ਜੁਰਮ ਹੇਠ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਉੱਪਰ ਮਹਾਰਾਜਾ ਪਟਿਆਲਾ ਵਿਰੁੱਧ ਪ੍ਰਚਾਰ ਕਰਨ ਦਾ ਦੋਸ਼ ਲਾ ਕੇ ਬਰਨਾਲੇ ਦੇ ਮੈਜਿਸਟਰੇਟ ਪ੍ਰੀਤਮ ਸਿੰਘ ਸਿੱਧੂ ਦੀ ਅਦਾਲਤ ਵਿੱਚ ਮੁਕੱਦਮਾ ਚਲਾਇਆ ਗਿਆ, ਜੋ ਕਈ ਮਹੀਨੇ ਚੱਲਦਾ ਰਿਹਾ। ਸੇਵਾ ਸਿੰਘ ਦਾ ਅਦਾਲਤਾਂ ਤੋਂ ਵਿਸ਼ਵਾਸ਼ ਉੱਠ ਚੁੱਕਿਆ ਸੀ। ਉਨ੍ਹਾਂ ਮੁਕੱਦਮੇ ਵਿੱਚ ਕੋਈ ਦਿਲਚਸਪੀ ਨਾ ਲਈ। 11 ਜਨਵਰੀ 1934 ਨੂੰ ਉਨ੍ਹਾਂ ਨੂੰ ਛੇ ਸਾਲ, ਛੇ ਮਹੀਨੇ ਕੈਦ ਦੀ ਸਜ਼ਾ ਅਤੇ 2000 ਜੁਰਮਾਨਾ ਕਰ ਦਿੱਤਾ ਅਤੇ ਨਾਲ ਹੀ ਉਨ੍ਹਾਂ ਦੀ ਜੇਲ੍ਹ ਬਦਲੀ ਕਰਕੇ ਬਰਨਾਲੇ ਤੋਂ ਸੈਂਟਰਲ ਜੇਲ੍ਹ ਪਟਿਆਲੇ ਭੇਜ ਦਿੱਤਾ। ਜੇਲ੍ਹ ’ਚ ਉਨ੍ਹਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਗਿਆ। ਰੋਸ ਵਜੋਂ ਉਨ੍ਹਾਂ 18 ਅਪਰੈਲ 1934 ਨੂੰ ਜੇਲ੍ਹ ਵਿੱਚ ਭੁੱਖ ਹੜਤਾਲ ਕਰ ਦਿੱਤੀ, ਜੋ ਉਨ੍ਹਾਂ ਦੀ ਸ਼ਹੀਦੀ ਤੱਕ ਨੌਂ ਮਹੀਨੇ ਚੱਲਦੀ ਰਹੀ।
ਭੁੱਖ ਹੜਤਾਲ ਕਰਕੇ ਉਨ੍ਹਾਂ ਦਾ ਭਾਰ 145 ਪੌਂਡ ਤੋਂ ਘਟ ਕੇ 80 ਪੌਂਡ ਰਹਿ ਗਿਆ। ਕਰਮਚਾਰੀ ਉਨ੍ਹਾਂ ਨੂੰ ਜ਼ਬਰਦਸਤੀ ਨਾਲੀ ਰਾਹੀਂ ਖੁਰਾਕ ਦਿੰਦੇ ਰਹੇ, ਪਰ ਉਨ੍ਹਾਂ ਨੇ ਆਪਣਾ ਸਿਰੜ ਨਹੀਂ ਛੱਡਿਆ। 18 ਜਨਵਰੀ ਨੂੰ ਉਨ੍ਹਾਂ ਨੂੰ ਖੂਨ ਦੀਆਂ ਉਲਟੀਆਂ ਲੱਗ ਗਈਆਂ। ਲੋਕ ਦਿਖਾਵੇ ਵਜੋਂ ਉਨ੍ਹਾਂ ਨੂੰ 19 ਜਨਵਰੀ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਲਿਆਂਦਾ ਗਿਆ। ਇੱਥੇ ਹੀ ਉਹ 20 ਜਨਵਰੀ ਨੂੰ ਸਵੇਰੇ ਡੇਢ ਵਜੇ ਸ਼ਹੀਦੀ ਪ੍ਰਾਪਤ ਕਰ ਗਏ। ਰਜਿੰਦਰਾ ਹਸਪਤਾਲ ਦੇ ਨੇੜੇ ਹੀ ਮਾਲ ਰੋਡ ’ਤੇ ਚੌਕ ਵਿੱਚ ਉਨ੍ਹਾਂ ਦਾ ਬੁੱਤ ਲੱਗਾ ਹੋਇਆ ਹੈ। ਪਿੰਡ ਠੀਕਰੀ ਵਾਲਾ ਵਿੱਚ ਵੀ ਉਨ੍ਹਾਂ ਦੀ ਯਾਦਗਾਰ ਬਣਾਈ ਗਈ ਹੈ। ਠੀਕਰੀਵਾਲਾ ਤੋਂ ਬਰਨਾਲਾ ਨੂੰ ਜਾਣ ਵਾਲੀ ਸੜਕ ਦਾ ਨਾਂ ਸ਼ਹੀਦ ਸੇਵਾ ਸਿੰਘ ਦੇ ਨਾਂ ਉੱਪਰ ਰੱਖਿਆ ਹੋਇਆ ਹੈ।
ਸੰਪਰਕ: 97812-00168