For the best experience, open
https://m.punjabitribuneonline.com
on your mobile browser.
Advertisement

ਮੁਫ਼ਤ ਪਾਣੀ: ਪ੍ਰਸ਼ਾਸਕ ਨੇ ਮੇਅਰ ਨੂੰ ਦਿੱਤਾ ਮੋੜਵਾਂ ਜਵਾਬ

07:49 AM Apr 12, 2024 IST
ਮੁਫ਼ਤ ਪਾਣੀ  ਪ੍ਰਸ਼ਾਸਕ ਨੇ ਮੇਅਰ ਨੂੰ ਦਿੱਤਾ ਮੋੜਵਾਂ ਜਵਾਬ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 11 ਅਪਰੈਲ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਲੋਕਾਂ ਨੂੰ 20 ਹਜ਼ਾਰ ਲਿਟਰ ਮੁਫ਼ਤ ਪਾਣੀ ਦੇਣ ਦਾ ਮੁੱਦਾ ਇਕ ਵਾਰ ਫਿਰ ਤੋਂ ਭਖ਼ ਗਿਆ ਹੈ। ਲੰਘੇ ਦਿਨ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਟੀਟਾ ਦੇ ਮੁਫ਼ਤ ਪਾਣੀ ਦੇ ਮੁੱਦੇ ’ਤੇ ਪ੍ਰਸ਼ਾਸਕ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਤੋਂ ਇਨਕਾਰ ਕਰਨ ਦੇ ਲਾਏ ਦੋਸ਼ਾਂ ਮਗਰੋਂ ਅੱਜ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਮੇਅਰ ਨੂੰ ਮੋੜਵਾਂ ਜਵਾਬ ਦਿੱਤਾ ਹੈ। ਪ੍ਰਸ਼ਾਸਕ ਨੇ ਮੇਅਰ ਵੱਲੋਂ ਲਗਾਏ ਗਏ ਦੋਸ਼ਾਂ ਦੀ ਨਿਖੇਧੀ ਕੀਤੀ ਹੈ।
ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਪੰਜਾਬ ਰਾਜ ਭਵਨ ਦੇ ਅਧਿਕਾਰੀਆਂ ਨੇ ਮੇਅਰ ਨੂੰ ਮੁਲਾਕਾਤ ਦੇ ਤੈਅ ਸਮੇਂ ਤੋਂ ਇਕ ਘੰਟਾ ਪਹਿਲਾਂ ਮੁਲਾਕਾਤ ਰੱਦ ਹੋਣ ਬਾਰੇ ਸੂਚਿਤ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੇਅਰ ਨੇ ਮੁਫ਼ਤ ਪਾਣੀ ਜਾਂ ਕਿਸੇ ਹੋਰ ਵਿਸ਼ੇਸ਼ ਮਾਮਲੇ ’ਤੇ ਨਹੀਂ, ਬਲਕਿ ਸਾਧਾਰਨ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਸੀ।
ਉਨ੍ਹਾਂ ਕਿਹਾ ਕਿ ਮੇਅਰ ਨੇ ਮੀਡੀਆ ਨੂੰ ਝੂਠ ਕਿਹਾ ਕਿ ਉਨ੍ਹਾਂ ਲੋਕਾਂ ਨੂੰ 20 ਹਜ਼ਾਰ ਲਿਟਰ ਮੁਫ਼ਤ ਪਾਣੀ ਤੇ ਪਾਣੀ ਦੀਆਂ ਵਧੀਆਂ ਦਰਾਂ ਬਾਰੇ ਗੱਲਬਾਤ ਕਰਨ ਲਈ ਸਮਾਂ ਮੰਗਿਆ ਸੀ। ਇਸ ਮੁਲਾਕਾਤ ਨੂੰ ਚੋਣ ਜ਼ਾਬਤਾ ਲੱਗੇ ਹੋਣ ਕਰਕੇ ਰੱਦ ਕਰ ਦਿੱਤਾ ਹੈ।
ਪ੍ਰਸ਼ਾਸਕ ਨੇ ਕਿਹਾ ਕਿ ਮੇਅਰ ਨਾਲ ਮੁਲਾਕਾਤ ਰੱਦ ਹੋਣ ਦੇ ਬਾਵਜੂਦ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਟੀਟਾ ਪੰਜਾਬ ਰਾਜ ਭਵਨ ਪਹੁੰਚੇ, ਜਿੱਥੇ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਕਿਸੇ ਏਜੰਡੇ ’ਤੇ ਵਿਚਾਰ-ਚਰਚਾ ਨਹੀਂ ਕੀਤੀ ਜਾ ਸਕਦੀ ਹੈ, ਇਸੇ ਕਰਕੇ ਮੇਅਰ ਨਾਲ ਮੁਲਾਕਾਤ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਮੇਅਰ ਨਾਲ ਮੁਲਾਕਾਤ ਕਰਨ ਦਾ ਕੋਈ ਇਰਾਦਾ ਨਾ ਹੁੰਦਾ ਤਾਂ ਉਹ ਪਹਿਲਾਂ ਹੀ ਸਮਾਂ ਨਾ ਦਿੰਦੇ। ਯੂਟੀ ਦੇ ਪ੍ਰਸ਼ਾਸਕ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੈ, ਜਿਸ ਕਾਰਨ ਵਿਕਾਸ ਦੇ ਕਿਸੇ ਵੀ ਨਵੇਂ ਏਜੰਡੇ ਬਾਰੇ ਗੱਲਬਾਤ ਨਹੀਂ ਕੀਤੀ ਜਾ ਸਕਦੀ ਹੈ।
ਗੌਰਤਲਬ ਹੈ ਕਿ ‘ਆਪ’ ਨੇ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਸਮੇਂ ਸ਼ਹਿਰ ਦੇ ਲੋਕਾਂ ਨੂੰ ਹਰ ਮਹੀਨੇ 20 ਹਜ਼ਾਰ ਲਿਟਰ ਮੁਫ਼ਤ ਪਾਣੀ ਦੇਣ ਦਾ ਐਲਾਨ ਕੀਤਾ ਸੀ। ਇਸੇ ਲਈ ਸ਼ਹਿਰ ਵਾਸੀਆਂ ਨੂੰ 20 ਹਜ਼ਾਰ ਲਿਟਰ ਮੁਫ਼ਤ ਪਾਣੀ ਦੇਣਾ ‘ਆਪ’ ਲਈ ਵੱਕਾਰ ਦਾ ਸਵਾਲ ਬਣਿਆ ਹੋਇਆ ਹੈ।
ਚੰਡੀਗੜ੍ਹ ਤੋਂ ‘ਆਪ’ ਦੇ ਮੇਅਰ ਕੁਲਦੀਪ ਕੁਮਾਰ ਟੀਟਾ ਨੇ ਸ਼ਹਿਰ ਵਾਸੀਆਂ ਨੂੰ ਹਰ ਮਹੀਨੇ 20 ਹਜ਼ਾਰ ਲਿਟਰ ਮੁਫ਼ਤ ਪਾਣੀ ਦੇਣ ਦਾ ਏਜੰਡਾ ਨਗਰ ਨਿਗਮ ਦੇ ਹਾਊਸ ਮੀਟਿੰਗ ਵਿੱਚ ਪਾਸ ਕਰ ਦਿੱਤਾ ਸੀ। ਜਦੋਂ ਕਿ ਦੂਜੇ ਪਾਸੇ ਯੂਟੀ ਦੇ ਪ੍ਰਸ਼ਾਸਕ ਨੇ ਕਿਸੇ ਨੂੰ ਮੁਫ਼ਤ ਪਾਣੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸੇ ਕਰਕੇ ਮੇਅਰ ਤੇ ਪ੍ਰਸ਼ਾਸਕ ਦਰਮਿਆਨ ਮੁਫ਼ਤ ਪਾਣੀ ਦੇ ਮੁੱਦੇ ’ਤੇ ਟਕਰਾਅ ਚੱਲ ਰਿਹਾ ਹੈ।

Advertisement

Advertisement
Author Image

Advertisement
Advertisement
×