For the best experience, open
https://m.punjabitribuneonline.com
on your mobile browser.
Advertisement

ਮੁਫ਼ਤ ਪਾਣੀ: ਪ੍ਰਸ਼ਾਸਕ ਵੱਲੋਂ ਮੇਅਰ ਨੂੰ ਮਿਲਣ ਤੋਂ ਨਾਂਹ

08:49 AM Apr 11, 2024 IST
ਮੁਫ਼ਤ ਪਾਣੀ  ਪ੍ਰਸ਼ਾਸਕ ਵੱਲੋਂ ਮੇਅਰ ਨੂੰ ਮਿਲਣ ਤੋਂ ਨਾਂਹ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 10 ਅਪਰੈਲ
ਚੰਡੀਗੜ੍ਹ ਵਿੱਚ ਮੁਫ਼ਤ ਪਾਣੀ ਦਾ ਮੁੱਦਾ ਜਿੱਥੇ ਆਮ ਆਦਮੀ ਪਾਰਟੀ ਦੀ ਮੁੱਛ ਦਾ ਸਵਾਲ ਬਣਿਆ ਹੋਇਆ ਹੈ ਉੱਥੇ ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ ਵਿੱਚ ਮੁਫ਼ਤ ਪਾਣੀ ਦੇ ਮੁੱਦੇ ਨੂੰ ਲੈ ਕੇ ਕੋਰੀ ਨਾਂਹ ਕਰ ਚੁੱਕਿਆ ਹੈ। ਪਿਛਲੇ ਮਹੀਨੇ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ ਕੁਲਦੀਪ ਕੁਮਾਰ ਅਤੇ ਕੌਂਸਲਰਾਂ ਵੱਲੋਂ ਸ਼ਹਿਰ ਵਾਸੀਆਂ ਨੂੰ 20,000 ਲਿਟਰ ਮੁਫ਼ਤ ਪਾਣੀ ਦੇਣ ਦਾ ਏਜੰਡਾ ਪਾਸ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪਰੋਹਿਤ ਨੇ ਫਾਇਲ ਉਨ੍ਹਾਂ ਤੱਕ ਪੁੱਜਣ ਤੋਂ ਪਹਿਲਾਂ ਹੀ ਇਸ ਏਜੰਡੇ ਨੂੰ ਨਕਾਰ ਦਿੱਤਾ ਸੀ ਅਤੇ ਸ਼ਹਿਰ ਵਾਸੀਆਂ ਨੂੰ ਮੁਫ਼ਤ ਪਾਣੀ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਸੀ।
ਇਸ ਸਬੰਧੀ ਅੱਜ ਮੇਅਰ ਕੁਲਦੀਪ ਕੁਮਾਰ ਬਨਵਾਰੀ ਲਾਲ ਪਰੋਹਿਤ ਨੂੰ ਮਿਲਣ ਦਾ ਸਮਾਂ ਲੈ ਕੇ ਗਵਰਨਰ ਹਾਊਸ ਪਹੁੰਚੇ ਸਨ, ਜਿੱਥੇ ਬਨਵਾਰੀ ਲਾਲ ਪਰੋਹਿਤ ਵੱਲੋਂ ਇਸ ਮੁੱਦੇ ’ਤੇ ਕੋਈ ਵੀ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ ਗਈ ਅਤੇ ਉਨ੍ਹਾਂ ਨੂੰ ਬਿਨਾਂ ਮਿਲੇ ਪਰਤਣਾ ਪਿਆ।
ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੀ ਭਲਾਈ ਦੇ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਦਾ ਇੱਕੋ-ਇੱਕ ਮੁੱਦਾ ਹੈ ਕਿ ਚੰਡੀਗੜ੍ਹ ਵਾਸੀਆਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਭਾਵੇਂ ਉਹ 20,000 ਲਿਟਰ ਮੁਫ਼ਤ ਪਾਣੀ ਹੋਵੇ ਜਾਂ ਚੰਡੀਗੜ੍ਹ ਵਿੱਚ ਮੁਫ਼ਤ ਪਾਰਕਿੰਗ ਦਾ ਮੁੱਦਾ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਕਈ ਵਾਰ 20,000 ਲਿਟਰ ਮੁਫ਼ਤ ਪਾਣੀ ਦਾ ਚੁੱਕਿਆ ਸੀ ਪਰ ਪਿਛਲੀ ਵਾਰ ਸ਼ਾਇਦ ਕੁੱਝ ਲੋਕਾਂ ਨੇ ਗਲਤ ਤੱਥਾਂ ਦੇ ਆਧਾਰ ’ਤੇ ਰਾਜਪਾਲ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਬਨਵਾਰੀ ਲਾਲ ਪਰੋਹਿਤ ਤੋਂ ਸਮਾਂ ਮੰਗਿਆ ਸੀ, ਤਾਂ ਜੋ ਉਹ ਉਨ੍ਹਾਂ ਨੂੰ ਆਪਣੇ ਇਰਾਦਿਆਂ ਅਤੇ ਇਸ ਮਹੱਤਵਪੂਰਨ ਮੁੱਦੇ ਬਾਰੇ ਸਪੱਸ਼ਟ ਕਰ ਸਕਣ ਪਰ ਗਵਰਨਰ ਨੇ ਇਹ ਕਹਿ ਕੇ ਮਿਲਣ ਤੋਂ ਮਨਾਂ ਕਰ ਦਿੱਤਾ ਕਿ ਉਹ ਇਸ ਮੁੱਦੇ ’ਤੇ ਉਨ੍ਹਾਂ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੇ।
ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਉਹ ਇੱਕ ਫਿਰ ਕੋਸ਼ਿਸ਼ ਕਰਨਗੇ ਕਿ ਰਾਜਪਾਲ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਨ ਜੋ ਜਨਤਾ ਨਾਲ ਸਬੰਧਿਤ ਹਨ, ਕੌਂਸਲਰ ਜਨਤਾ ਦੀ ਅਵਾਜ਼ ਹਨ। ਇਸ ਲਈ ਰਾਜਪਾਲ ਤੱਕ ਲੋਕਾਂ ਦੀ ਅਵਾਜ਼ ਪਹੁੰਚਾਉਣਾ ਉਨ੍ਹਾਂ ਦਾ ਫਰਜ਼ ਹੈ। ਉਨ੍ਹਾਂ ਰਾਜਪਾਲ ਨੂੰ ਬੇਨਤੀ ਕੀਤੀ ਕਿ ਉਹ ਲੋਕਾਂ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕਰਨਾ ਚਾਹੁੰਦਾ ਹਨ, ਜਿਸ ਵਿੱਚ ਮੁੱਖ ਮੁੱਦਾ 20,000 ਲਿਟਰ ਮੁਫ਼ਤ ਪਾਣੀ ਦੇਣਾ ਹੈ, ਇਸ ਲਈ ਉਨ੍ਹਾਂ ਨੂੰ ਮਿਲਣ ਲਈ ਮੌਕਾ ਦਿੱਤਾ ਜਾਵੇ।

Advertisement

ਮੇਅਰ ਨੂੰ ਨਾ ਮਿਲਣਾ ਮੰਦਭਾਗਾ: ਆਹਲੂਵਾਲੀਆ

ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ-ਇੰਚਾਰਜ ਆਮ ਆਦਮੀ ਪਾਰਟੀ ਚੰਡੀਗੜ੍ਹ ਡਾ. ਐੱਸਐੱਸ ਆਹਲੂਵਾਲੀਆ ਨੇ ਕਿਹਾ ਕਿ ਰਾਜਪਾਲ ਦਾ ਇਸ ਤਰ੍ਹਾਂ ਨਾਲ ਮੇਅਰ ਕੁਲਦੀਪ ਕੁਮਾਰ ਨੂੰ ਮਿਲਣ ਤੋਂ ਨਾਂਹ ਕਰਨਾ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਮੇਅਰ ਕੁਲਦੀਪ ਕੁਮਾਰ ਆਪਣੇ ਨਿੱਜੀ ਕੰਮ ਲਈ ਰਾਜਪਾਲ ਨੂੰ ਮਿਲਣ ਨਹੀਂ ਗਏ ਸਨ, ਉਹ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਨ੍ਹਾਂ ਨੂੰ ਮਿਲਣ ਗਏ ਸਨ। ਉਨ੍ਹਾਂ ਕਿਹਾ ਕਿ ਰਾਜਪਾਲ ਇਸ ਤਰ੍ਹਾਂ ਕਰਕੇ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਦੇਣ ਤੋਂ ਦੂਰ ਨਹੀਂ ਰੱਖ ਸਕਦੇ। ਉਨ੍ਹਾਂ ਕਿਹਾ ਕਿ ਰਾਜਪਾਲ ਨੂੰ ਮੇਅਰ ਕੁਲਦੀਪ ਕੁਮਾਰ ਨੂੰ ਮਿਲਣ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ।

Advertisement
Author Image

sukhwinder singh

View all posts

Advertisement
Advertisement
×