For the best experience, open
https://m.punjabitribuneonline.com
on your mobile browser.
Advertisement

ਮੁਫ਼ਤ ਦੀ ਗੋਲੀ: ਸਾਢੇ ਪੰਜ ਸੌ ਕਰੋੜ ਦੀ ਦਵਾਈ ਛਕ ਗਏ ਨਸ਼ੇੜੀ!

07:54 AM Jul 12, 2024 IST
ਮੁਫ਼ਤ ਦੀ ਗੋਲੀ  ਸਾਢੇ ਪੰਜ ਸੌ ਕਰੋੜ ਦੀ ਦਵਾਈ ਛਕ ਗਏ ਨਸ਼ੇੜੀ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 11 ਜੁਲਾਈ
ਪੰਜਾਬ ਵਿਚ ਨਸ਼ੇੜੀ ਹੁਣ ‘ਮੁਫ਼ਤ ਦੀ ਗੋਲੀ’ ਦੀ ਚਾਟ ’ਤੇ ਲੱਗ ਗਏ ਹਨ। ਸਿਹਤ ਵਿਭਾਗ ਵੱਲੋਂ ਖੋਲ੍ਹੇ ਓਟ ਕਲੀਨਿਕਾਂ ’ਚ ਲੱਖਾਂ ਨੌਜਵਾਨ ਆ ਰਹੇ ਹਨ ਪਰ ਉਨ੍ਹਾਂ ਵਿੱਚੋਂ ਨਸ਼ਾ ਛੱਡਣ ਵਾਲੇ ਟਾਵੇਂ ਹੀ ਹਨ। ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਕੇਂਦਰਾਂ ਵਿੱਚੋਂ ਲੰਘੇ ਸਾਢੇ ਪੰਜ ਵਰ੍ਹਿਆਂ ਵਿੱਚ 127.64 ਕਰੋੜ ਗੋਲੀਆਂ ਨਸ਼ੇੜੀਆਂ ਨੂੰ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ ਜਿਸ ’ਤੇ ਕਰੀਬ 550 ਕਰੋੜ ਰੁਪਏ ਖ਼ਰਚੇ ਗਏ ਹਨ। ਪੰਜਾਬ ਸਰਕਾਰ ਵੱਲੋਂ 282.51 ਕਰੋੜ ਰੁਪਏ ਪੰਜ ਵਰ੍ਹਿਆਂ ਵਿਚ ਬੁਪਰੋਨੋਰਫਿਨ ਜੋ ਮੁਫ਼ਤ ਦੀ ਗੋਲੀ ਵਜੋਂ ਮਸ਼ਹੂਰ ਹੈ, ’ਤੇ ਖ਼ਜ਼ਾਨੇ ਵਿੱਚੋਂ ਖ਼ਰਚ ਕੀਤੇ ਜਾ ਚੁੱਕੇ ਹਨ।
ਪੰਜਾਬ ’ਚ ਨਸ਼ੇੜੀਆਂ ਵੱਲੋਂ ਟੀਕੇ ਲਗਾ ਕੇ ਨਸ਼ਾ ਲਏ ਜਾਣ ਨਾਲ ਹੋਈਆਂ ਮੌਤਾਂ ਦੇ ਕੇਸ ਸਾਹਮਣੇ ਆਏ ਤਾਂ ਸਰਕਾਰ ਨੇ ਓਟ ਕਲੀਨਿਕਾਂ ਵਿੱਚ ਨਸ਼ਾ ਛੱਡਣ ਵਾਲੀ ਦਵਾਈ ਮੁਫ਼ਤ ਦੇਣੀ ਸ਼ੁਰੂ ਕੀਤੀ ਸੀ ਜਿਸ ਵਿਚ ਬੁਪਰੋਨੋਰਫਿਨ ਗੋਲੀ ਮੁੱਖ ਹੈ। ਸ਼ੁਰੂ ਵਿੱਚ ਓਟ ਕਲੀਨਿਕਾਂ ਵਿੱਚ ਇਹ ਗੋਲੀ ਡਾਕਟਰਾਂ ਦੀ ਹਾਜ਼ਰੀ ਵਿੱਚ ਨਸ਼ੇੜੀ ਨੂੰ ਦਿੱਤੀ ਜਾਂਦੀ ਸੀ। ਮਗਰੋਂ ਹਫ਼ਤੇ-ਹਫ਼ਤੇ ਦੀ ਦਵਾਈ ਇਕੱਠੀ ਦਿੱਤੀ ਜਾਣ ਲੱਗੀ। ਫੇਰ ਨਸ਼ੇੜੀ ਗੋਲੀ ਨੂੰ ਅੱਗੇ ਬਲੈਕ ਵਿੱਚ ਵੇਚਣ ਲੱਗੇ। ਪ੍ਰਾਈਵੇਟ ਕੇਂਦਰਾਂ ਦਾ ਇਹ ਵਪਾਰ ਚੰਗਾ ਨਿਖਰਨ ਲੱਗਿਆ ਹੈ।
ਪੰਜਾਬ ਵਿੱਚ ਇਸ ਵੇਲੇ 529 ਸਰਕਾਰੀ ਓਟ ਕਲੀਨਿਕ, ਨਸ਼ਾ ਛੁਡਾਊ ਕੇਂਦਰ ਹਨ ਜਦੋਂਕਿ 2019 ਵਿੱਚ ਇਨ੍ਹਾਂ ਦੀ ਗਿਣਤੀ 193 ਸੀ। 2019 ਵਿੱਚ ਪ੍ਰਾਈਵੇਟ ਕੇਂਦਰ 105 ਸਨ, ਜਿਹੜੇ ਹੁਣ 177 ਹੋ ਗਏ ਹਨ। ਓਟ ਕਲੀਨਿਕਾਂ ਦੇ ਬਾਹਰ ਹਫ਼ਤੇ ਵਿੱਚੋਂ ਛੇ ਦਿਨ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਸੂਤਰ ਦੱਸਦੇ ਹਨ ਕਿ ਨਸ਼ੇੜੀ ਹੁਣ ਇਸ ਗੋਲੀ ਦੀ ਚਾਟ ’ਤੇ ਲੱਗ ਗਏ ਹਨ ਅਤੇ ਮੁਫ਼ਤ ਦੀ ਗੋਲੀ ਹੁਣ ਮਾਰਕੀਟ ਵਿੱਚ ਵੇਚੀ ਵੀ ਜਾਣ ਲੱਗੀ ਹੈ। ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ’ਚ ਅੰਕੜਾ ਸਾਹਮਣੇ ਆਇਆ ਸੀ ਕਿ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ’ਚ ਲੰਘੇ ਸਵਾ ਛੇ ਵਰ੍ਹਿਆਂ ’ਚ 8.82 ਲੱਖ ਮਰੀਜ਼ ਪੁੱਜੇ ਪਰ ਇਨ੍ਹਾਂ ਵਿੱਚੋਂ ਸਿਰਫ਼ 4106 ਨਸ਼ੇੜੀਆਂ ਨੇ ਹੀ ਨਸ਼ਾ ਛੱਡਿਆ। 26 ਅਕਤੂਬਰ 2017 ਤੋਂ ਨਸ਼ਾ ਛੁਡਾਊ ਕੇਂਦਰਾਂ ’ਚ ਰਜਿਸਟਰਡ ਹੋਣ ਵਾਲੇ ਮਰੀਜ਼ਾਂ ਦਾ ਰਿਕਾਰਡ ਰੱਖਿਆ ਜਾਣ ਲੱਗਿਆ ਹੈ। ਤਾਜ਼ਾ ਵੇਰਵਿਆਂ ਅਨੁਸਾਰ ਸਰਕਾਰ ਵੱਲੋਂ ਇਨ੍ਹਾਂ ਗੋਲੀਆਂ ’ਤੇ 2019 ਵਿੱਚ 20.97 ਕਰੋੜ, ਜਦੋਂਕਿ 2023 ਵਿੱਚ 85.95 ਕਰੋੜ ਰੁਪਏ ਖਰਚੇ ਗਏ। ਸਰਕਾਰ ਔਸਤਨ ਰੋਜ਼ਾਨਾ 23.54 ਲੱਖ ਰੁਪਏ ਨਸ਼ੇੜੀਆਂ ’ਤੇ ਖ਼ਰਚ ਰਹੀ ਹੈ। ਸਰਕਾਰ ਜਨਵਰੀ 2019 ਤੋਂ ਜੂਨ 2024 ਤੱਕ 46.73 ਕਰੋੜ ਬੁਪਰੋਨੋਰਫਿਨ ਗੋਲੀ ਦੀ ਸਪਲਾਈ ਕਰ ਚੁੱਕੀ ਹੈ। ਉਧਰ, ਪ੍ਰਾਈਵੇਟ ਕੇਂਦਰਾਂ ਵੱਲੋਂ ਇਨ੍ਹਾਂ ਸਾਢੇ ਪੰਜ ਵਰ੍ਹਿਆਂ ਵਿੱਚ 80.91 ਕਰੋੜ ਗੋਲੀਆਂ ਦੀ ਸਪਲਾਈ ਦਿੱਤੀ ਜਾ ਚੁੱਕੀ ਹੈ। ਲੁਧਿਆਣਾ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਦਾ ਕਹਿਣਾ ਸੀ ਕਿ ਓਟ ਕਲੀਨਿਕਾਂ ਦੀ ਦਵਾਈ ਨਾਲ ਟੀਕਿਆਂ ਜ਼ਰੀਏ ਨਸ਼ਾ ਲੈਣ ਨੂੰ ਠੱਲ੍ਹ ਪਈ ਹੈ ਅਤੇ ਜਾਨੀ ਨੁਕਸਾਨ ਘਟਿਆ ਹੈ। ਇਸ ਨਾਲ ਕਾਲਾ ਪੀਲੀਆ ਵਗ਼ੈਰਾ ਦਾ ਪਸਾਰ ਵੀ ਘਟਿਆ ਹੈ।

Advertisement

ਗੋਲੀ ਦੀ ਦੁਰਵਰਤੋਂ ਫੌਰੀ ਰੋਕਣ ਦੀ ਮੰਗ

ਦੂਜੇ ਪਾਸੇ ਦੇਖਿਆ ਜਾਵੇ ਤਾਂ ਸੂਬੇ ਵਿੱਚ ਓਟ ਕਲੀਨਿਕਾਂ ਦੀ ਦਵਾਈ ਦੇ ਬਾਵਜੂਦ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵੱਡੀ ਕਮੀ ਨਹੀਂ ਆਈ ਹੈ। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਰੁਪਿੰਦਰਜੀਤ ਸਿੰਘ ਤਲਵੰਡੀ ਸਾਬੋ ਦਾ ਕਹਿਣਾ ਹੈ ਕਿ ਓਟ ਕਲੀਨਿਕਾਂ ਵਿੱਚ ਮਿਲਦੀ ਗੋਲੀ ਦੀ ਦੁਰਵਰਤੋਂ ਵਧ ਗਈ ਹੈ ਅਤੇ ਇਸ ਗੋਲੀ ਦੀ ਵਿਕਰੀ ਹੋਣ ਲੱਗੀ ਹੈ। ਬਹੁਤੇ ਨਸ਼ੇੜੀ ਤਾਂ ਹੁਣ ਗੋਲੀ ਨੂੰ ਟੀਕੇ ਨਾਲ ਲੈਣ ਲੱਗੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਦੁਰਵਰਤੋਂ ਫ਼ੌਰੀ ਰੋਕੀ ਜਾਣੀ ਚਾਹੀਦੀ ਹੈ।

ਪੰਜਾਬ ’ਚ 26 ਸਰਕਾਰੀ ਤੇ 182 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ’ਚ ਦਿੱਤੀ ਜਾਂਦੀ ਹੈ ਦਵਾਈ

ਪੰਜਾਬ ’ਚ 26 ਸਰਕਾਰੀ ਅਤੇ 182 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਹਨ। ਇਸ ਤੋਂ ਬਿਨਾਂ 19 ਸਰਕਾਰੀ ਅਤੇ 75 ਪ੍ਰਾਈਵੇਟ ਮੁੜ ਵਸੇਬਾ ਸੈਂਟਰ ਹਨ। ਓਟ ਕਲੀਨਿਕਾਂ ਅਤੇ ਕੇਂਦਰਾਂ ’ਚ ਨਸ਼ੇੜੀਆਂ ਨੂੰ ਬੁਪਰੋਨੋਰਫਿਨ, ਨਾਲੇਕਸਨ, ਟਰਾਮਾਡੋਲ, ਲੋਰਾਜੇਪਾਮ, ਕਲੋਨਾਜੇਪਾਮ ਅਤੇ ਐਂਟੀ ਡਿਪਰੈਸ਼ਨ ਦਵਾਈ ਦਿੱਤੀ ਜਾਂਦੀ ਹੈ। ਮਾਹਿਰ ਆਖਦੇ ਹਨ ਕਿ ਨਸ਼ੇੜੀਆਂ ਦੇ ਇਲਾਜ ਲਈ ਜੋ ਬੁਪਰੋਨੋਰਫਿਨ ਦਿੱਤੀ ਜਾਂਦੀ ਹੈ ਉਸ ਨਾਲ ਨਸ਼ੇੜੀ ਨਸ਼ਿਆਂ ਵਿੱਚੋਂ ਬਾਹਰ ਤਾਂ ਆਉਂਦੇ ਹਨ ਪਰ ਕਈ ਵਾਰ ਨਸ਼ੇੜੀ ਇਸ ਗੋਲੀ ਦੀ ਚਾਟ ’ਤੇ ਲੱਗ ਜਾਂਦੇ ਹਨ।

Advertisement
Author Image

joginder kumar

View all posts

Advertisement
Advertisement
×