ਚੰਡੀਗੜ੍ਹ ’ਚ ਦੋ-ਪਹੀਆ ਵਾਹਨਾਂ ਦੀ ਪਾਰਕਿੰਗ ਮੁਫ਼ਤ
ਮੁਕੇਸ਼ ਕੁਮਾਰ
ਚੰਡੀਗੜ੍ਹ, 26 ਜੁਲਾਈ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਸਾਰੀਆਂ 91 ਪੇਡ ਪਾਰਕਿੰਗਾਂ ਨੂੰ ਛੇਤੀ ਹੀ ਠੇਕੇ ’ਤੇ ਦਿੱਤਾ ਜਾਵੇਗਾ। ਪੇਡ ਪਾਰਕਿੰਗ ਦੀ ਨਵੀਂ ਪਾਲਿਸੀ ਤਹਿਤ ਤਿਆਰ ਕੀਤੀ ਗਈ ਤਜਵੀਜ਼ ਨੂੰ ਬੀਤੇ ਦਨਿ ਨਿਗਮ ਹਾਊਸ ਦੀ ਮੀਟਿਗ ਵਿੱਚ ਹਰੀ ਝੰਡੀ ਮਿਲਣ ਤੋਂ ਬਾਅਦ ਇਸ ਸਬੰਧੀ ਟੈਂਡਰ ਪ੍ਰਕਿਰਿਆ ਸ਼ੁਰੂ ਕਰਨ ਦੀ ਤਿਆਰੀ ਹੈ। ਨਿਗਮ ਵੱਲੋਂ ਤਿਆਰ ਪੇਡ ਪਾਰਕਿੰਗ ਦੀ ਤਜਵੀਜ਼ ਅਨੁਸਾਰ ਪੂਰੇ ਸ਼ਹਿਰ ਦੀਆਂ ਪੇਡ ਪਾਰਕਿੰਗਾਂ ’ਚ ਦੋ-ਪਹੀਆ ਵਾਹਨਾਂ ਦੀ ਪਾਰਕਿੰਗ ਮੁਫ਼ਤ ਹੋਵੇਗੀ। ਕਾਰਾਂ ਤੋਂ ਵੀ ਦਸ ਮਿੰਟ ਤੱਕ ਪਾਰਕਿੰਗ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਇਸ ਤੋਂ ਬਾਅਦ ਕਾਰ ਚਾਲਕਾਂ ਨੂੰ ਚਾਰ ਘੰਟੇ ਤੱਕ ਪਾਰਕਿੰਗ ਲਈ 15 ਰੁਪਏ ਦੇਣੇ ਪੈਣਗੇ। ਪਹਿਲਾਂ ਇਹ ਫੀਸ 20 ਰੁਪਏ ਸੀ। ਇਸੇ ਤਰ੍ਹਾਂ 8 ਘੰਟੇ ਦੀ ਪਾਰਕਿੰਗ ਫੀਸ 25 ਰੁਪਏ ਤੋਂ ਘਟਾ ਕੇ 20 ਰੁਪਏ ਕਰ ਦਿੱਤੀ ਗਈ ਹੈ। ਮਹੀਨੇਵਾਰ ਪਾਰਕਿੰਗ ਪਾਸ ਦੀ ਫੀਸ ਵੀ 500 ਰੁਪਏ ਤੋਂ ਘਟਾ ਕੇ 300 ਰੁਪਏ ਅਤੇ ਵਪਾਰਕ ਵਾਹਨਾਂ ਲਈ 1000 ਰੁਪਏ ਤੋਂ ਘਟਾ ਕੇ 800 ਰੁਪਏ ਕਰ ਦਿੱਤੀ ਗਈ ਹੈ। ਐਲਾਂਟੇ ਮਾਲ ਅਤੇ ਫਨ ਰਿਪਬਲਿਕ ਦੋਵਾਂ ਵਿੱਚ ਪਾਰਕਿੰਗ ਪਹਿਲੇ ਚਾਰ ਘੰਟਿਆਂ ਲਈ 70 ਰੁਪਏ ਤੇ ਅੱਠ ਘੰਟੇ ਲਈ 130 ਰੁਪਏ ਰੱਖੀ ਗਈ ਹੈ। ਇਸ ਤਜਵੀਜ਼ ਨੂੰ ਸਦਨ ਵੱਲੋਂ ਪਾਸ ਕਰਨ ਮਗਰੋਂ ਨਗਰ ਨਿਗਮ ਵੱਲੋਂ ਟੈਂਡਰ ਲਈ ਆਰਐੱਫਪੀ ਕੀਤੀ ਜਾਵੇਗੀ।
ਉਧਰ ਚੰਡੀਗੜ੍ਹ ਨਗਰ ਨਿਗਮ ਨੇ ਟ੍ਰਾਈਸਿਟੀ (ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ) ਤੋਂ ਬਾਹਰਲੇ ਵਾਹਨਾਂ ’ਤੇ ਦੋਹਰੀ ਪਾਰਕਿੰਗ ਫੀਸ ਲਾ ਦਿੱਤੀ ਹੈ। ਜਾਣਕਾਰੀ ਅਨੁਸਾਰ ਪਾਰਕਿੰਗ ਵਿੱਚ ਸਮਾਰਟ ਪਾਰਕਿੰਗ ਪ੍ਰਬੰਧ ਹੋਵੇਗਾ। ਇਸ ਦੌਰਾਨ ਆਨਲਾਈਨ ਭੁਗਤਾਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਚੰਡੀਗੜ੍ਹ ਵਪਾਰ ਮੰਡਲ ਵੱਲੋਂ ਨਵੀਂ ਪਾਲਿਸੀ ਦਾ ਸਵਾਗਤ
ਨਗਰ ਨਿਗਮ ਵੱਲੋਂ ਤਿਆਰ ਕੀਤੀ ਗਈ ਨਵੀਂ ਪੇਡ ਪਾਰਕਿੰਗ ਪਾਲਿਸੀ ਦਾ ਚੰਡੀਗੜ੍ਹ ਵਪਾਰ ਮੰਡਲ ਨੇ ਸਵਾਗਤ ਕੀਤਾ ਹੈ। ਵਪਾਰ ਮੰਡਲ ਦੇ ਪ੍ਰਧਾਨ ਚਿਰੰਜੀਵ ਦੀ ਅਗਵਾਈ ਹੇਠ ਵਪਾਰ ਮੰਡਲ ਦਾ ਵਫ਼ਦ ਮੇਅਰ ਅਨੂਪ ਗੁਪਤਾ ਨੂੰ ਮਿਲਿਆ ਅਤੇ ਨਿਗਮ ਵੱਲੋਂ ਲਾਗੂ ਕੀਤੀ ਜਾ ਰਹੀ ਇਸ ਪਾਲਿਸੀ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ। ਵਫ਼ਦ ਵਿੱਚ ਸ਼ਾਮਲ ਵਪਾਰ ਮੰਡਲ ਦੇ ਜਨਰਲ ਸਕੱਤਰ ਸੰਜੀਵ ਚੱਢਾ, ਦਿਵਾਕਰ, ਭਟਭੂਸ਼ਨ ਕਪਿਲ ਅਤੇ ਹੋਰ ਮੈਂਬਰਾਂ ਨੇ ਵਾਹਨਾਂ ਚਾਲਕਾਂ ਲਈ ਇਸ ਰਾਹਤਭਰੀ ਪੇਡ ਪਾਰਕਿੰਗ ਪਾਲਿਸੀ ਬਣਾਉਣ ਲਈ ਧੰਨਵਾਦ ਕੀਤਾ।