ਟਰੈਵਲ ਏਜੰਟ ਵੱਲੋਂ ਪੌਣੇ ਦੋ ਕਰੋੜ ਦੀ ਠੱਗੀ
ਪੱਤਰ ਪ੍ਰੇਰਕ
ਜਲੰਧਰ, 2 ਸਤੰਬਰ
ਨੂਰਮਹਿਲ ਅਤੇ ਫਿਲੌਰ ਨਾਲ ਸਬੰਧਤ 12 ਦੇ ਕਰੀਬ ਲੋਕਾਂ ਨੇ ਅੱਜ ਇੱਥੇ ਪ੍ਰੈਸ ਕਲੱਬ ਵਿੱਚ ਕਾਨਫਰੰਸ ਕਰ ਕੇ ਦੋਸ਼ ਲਾਇਆ ਕਿ ਪਿੰਡ ਅੱਚਨ ਚੱਕ ਦੇ ਰਹਿਣ ਵਾਲੇ ਟਰੈਵਲ ਏਜੰਟ ਨੇ ਉਨ੍ਹਾਂ ਨਾਲ ਕਰੀਬ 1.80 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਇਹ ਸਭ ਆਪਣੇ ਬੱਚਿਆਂ ਨੂੰ ਅਮਰੀਕਾ ਭੇਜਣਾ ਚਾਹੁੰਦੇ ਸਨ।
ਉਨ੍ਹਾਂ ਦਾਅਵਾ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਜਾਅਲੀ ਵੀਜ਼ੇ ਦਿੱਤੇ ਸਨ। ਸਾਰਅਿਾਂ ਨੇ ਲਗਭਗ 15 ਤੋਂ 20 ਲੱਖ ਰੁਪਏ ਅਦਾ ਕੀਤੇ ਸਨ, ਪਰ ਨਾ ਤਾਂ ਉਨ੍ਹਾਂ ਨੂੰ ਵੀਜ਼ਾ ਮਿਲਿਆ ਅਤੇ ਨਾ ਹੀ ਉਸ ਨੇ ਉਨ੍ਹਾਂ ਦੀ ਰਕਮ ਵਾਪਸ ਕੀਤੀ ਗਈ।
ਫਿਲੌਰ ਦੇ ਰਹਿਣ ਵਾਲੇ ਹਰਪਾਲ ਸਿੰਘ (48) ਨੇ ਆਪਣੇ ਲੜਕੇ ਅਤੇ ਜਵਾਈ ਸਣੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਅਮਰੀਕਾ ਭੇਜਣ ਲਈ ਆਪਣੀ 10 ਏਕੜ ਜ਼ਮੀਨ ਵੇਚ ਕੇ ਗੁਰਵਿੰਦਰ ਨੂੰ 45 ਲੱਖ ਰੁਪਏ ਦਿੱਤੇ ਸਨ। ਇਕ ਹੋਰ ਪੀੜਤ ਸਾਧੂ ਸਿੰਘ ਵਾਸੀ ਫਿਲੌਰ ਨੇ ਦੱਸਿਆ ਕਿ ਉਸ ਨੇ ਆਪਣੇ ਪਰਿਵਾਰ ਦੇ ਦੋ ਮੈਂਬਰਾਂ ਦੇ ਵੀਜ਼ੇ ਲਈ 40 ਲੱਖ ਰੁਪਏ ਦਿੱਤੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਬੰਧੀ ਉਨ੍ਹਾਂ ਫਿਲੌਰ ਪੁਲੀਸ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਫਿਰ ਵੀ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ।
ਜਾਂਚ ਮਗਰੋਂ ਹੋਵੇਗੀ ਕਾਰਵਾਈ: ਐੱਸਐੱਸਪੀ
ਐੱਸਐੱਸਪੀ ਦਿਹਾਤੀ ਮੁਖਵਿੰਦਰ ਭੁੱਲਰ ਨੇ ਦੱਸਿਆ ਕਿ ਪੀੜਤ ਅੱਜ ਉਨ੍ਹਾਂ ਦੇ ਦਫ਼ਤਰ ਵਿੱਚ ਉਨ੍ਹਾਂ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਪੀੜਤਾਂ ਤੋਂ ਲੋੜੀਂਦੇ ਦਸਤਾਵੇਜ਼ਾਂ ਸਣੇ ਸਾਰੇ ਵੇਰਵੇ ਮੰਗੇ ਹਨ। ਉਨ੍ਹਾਂ ਕਿਹਾ ਕਿ ਦਸਤਾਵੇਜ਼ ਦੇ ਆਧਾਰ ’ਤੇ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਅਜਿਹੇ ਏਜੰਟਾਂ ਦੇ ਝੂਠੇ ਵਾਅਦਿਆਂ ’ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਪੈਸੇ ਦਾ ਭੁਗਤਾਨ ਕਰਦੇ ਹੋਏ, ਉਨ੍ਹਾਂ ਨੂੰ ਏਜੰਟ ਦੇ ਲਾਇਸੈਂਸ ਨੰਬਰ ਅਤੇ ਹੋਰ ਵੇਰਵਿਆਂ ਦੀ ਜਾਂਚ ਕਰਨੀ ਚਾਹੀਦੀ ਹੈ।