ਨੌਕਰੀ ਦਿਵਾਉਣ ਬਹਾਨੇ ਸਵਾ ਤਿੰਨ ਲੱਖ ਰੁਪਏ ਦੀ ਠੱਗੀ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 18 ਨਵੰਬਰ
ਪਿੰਡ ਬਰੂਵਾਲੀ ਦੇ ਵਸਨੀਕ ਮਲਕੀਤ ਸਿੰਘ ਨੇ ਸਾਈਬਰ ਕਰਾਈਮ ਥਾਣੇ ਵਿੱਚ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ 3 ਲੱਖ 37 ਹਜ਼ਾਰ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਲਕੀਤ ਸਿੰਘ ਨੇ ਦੱਸਿਆ ਕਿ 8 ਸਤੰਬਰ ਨੂੰ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਉਸ ਨੂੰ ਨੌਕਰੀ ਮਿਲ ਗਈ ਹੈ। ਉਸ ਨੇ ਦੱਸਿਆ ਕਿ ਉਸ ਦੀ ਚੋਣ ਜੰਗਲਾਤ ਵਿਭਾਗ ਵਿੱਚ ਡਰਾਈਵਰ ਦੇ ਅਹੁਦੇ ਲਈ ਹੋਈ ਹੈ ਜਿਸ ਲਈ ਇੱਕ ਫਾਰਮ ਭਰਨਾ ਪਵੇਗਾ ਅਤੇ ਪੇਟੀਐਮ ਰਾਹੀਂ 450 ਰੁਪਏ ਦੀ ਫੀਸ ਅਦਾ ਕਰਨੀ ਹੋਵੇਗੀ। ਉਸ ਨੇ ਪੇਟੀਐਮ ਰਾਹੀਂ 450 ਰੁਪਏ ਅਦਾ ਕੀਤੇ। ਕੁਝ ਦੇਰ ਬਾਅਦ ਉਸ ਨੂੰ ਦੁਬਾਰਾ ਇੱਕ ਕਾਲ ਆਇਆ ਜਿਸ ਵਿੱਚ ਉਸ ਨੂੰ 2550 ਰੁਪਏ ਪੇਟੀਐਮ ਕਰਨ ਲਈ ਕਿਹਾ ਗਿਆ। ਉਸ ਨੇ ਪੇਟੀਐਮ ਨੂੰ 2550 ਰੁਪਏ ਟਰਾਂਸਫਰ ਕੀਤੇ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਵੱਖ-ਵੱਖ ਸਮੇਂ ’ਤੇ ਉਸ ਦੀਆਂ ਹਦਾਇਤਾਂ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਦੇ ਮੋਬਾਈਲ ਨੰਬਰ ’ਤੇ ਕੁੱਲ 3 ਲੱਖ 37 ਹਜ਼ਾਰ ਰੁਪਏ ਪੇਟੀਐਮ ’ਤੇ ਟਰਾਂਸਫਰ ਕੀਤੇ ਗਏ। ਇਸ ਤੋਂ ਬਾਅਦ ਜਦੋਂ ਉਕਤ ਵਿਅਕਤੀ ਨਾਲ ਨੌਕਰੀ ਸਬੰਧੀ ਗੱਲ ਕਰਨੀ ਚਾਹੀ ਤਾਂ ਉਸ ਦਾ ਨੰਬਰ ਬੰਦ ਮਿਲਿਆ। ਫਿਰ ਪਤਾ ਲੱਗਾ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਹੈ। ਬਾਅਦ ਵਿੱਚ ਉਸ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।