For the best experience, open
https://m.punjabitribuneonline.com
on your mobile browser.
Advertisement

ਸਾਈਬਰ ਯੁੱਗ ਦੀ ਠੱਗੀ: ਡਿਜੀਟਲ ਅਰੈਸਟ

06:16 AM Nov 10, 2024 IST
ਸਾਈਬਰ ਯੁੱਗ ਦੀ ਠੱਗੀ  ਡਿਜੀਟਲ ਅਰੈਸਟ
Advertisement

ਹਰੀਸ਼ ਜੈਨ

Advertisement

ਸਾਡੀ ਮਾਂ ਜਾਦੂਗਰਨੀ ਦੀ ਕਹਾਣੀ ਸੁਣਾਉਂਦੀ ਹੁੰਦੀ ਸੀ। ਬੁੱਢੀ ਜਾਦੂਗਰਨੀ ਤਲਿਸਮ ਦੇ ਜਾਲ ਵਿੱਚ ਨੌਜਵਾਨਾਂ ਨੂੰ ਫਾਹ ਲੈਂਦੀ। ਤਲਿਸਮੀ ਜਾਲ ਨਾ ਤਾਂ ਨਜ਼ਰ ਆਉਂਦਾ ਅਤੇ ਨਾ ਹੀ ਉਸ ਦਾ ਸ਼ਿਕਾਰ ਇਸ ਤੋਂ ਛੁਟਕਾਰਾ ਪਾ ਸਕਦਾ, ਜਦੋਂ ਤੱਕ ਉਹ ਜਾਦੂਗਰਨੀ ਦੀ ਇੱਛਾ ਪੂਰੀ ਕਰਨ ਨੂੰ ਤਿਆਰ ਨਾ ਹੋ ਜਾਂਦਾ। ਇੱਕੀਵੀਂ ਸਦੀ ਵਿੱਚ ਤਲਿਸਮ ਦਾ ਇਹ ਜਾਲ ਡਿਜੀਟਲ ਤਕਨਾਲੋਜੀ ਨਾਲ ਵਿਛਾਇਆ ਜਾ ਰਿਹਾ ਹੈ। ਇਸ ਦੇ ਸ਼ਿਕਾਰ ਹੋਏ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਕਿੰਨੀ ਸਫ਼ਾਈ ਨਾਲ ਲੁੱਟੇ ਗਏ ਹਨ।
ਤੁਸੀਂ ਐੱਸ.ਐਮ.ਐੱਸ., ਵਟਸਐਪ, ਈ-ਮੇਲ ਰਾਹੀਂ ਡਿਜੀਟਲ ਸੰਚਾਰ ਨੈੱਟਵਰਕ ਨਾਲ ਜੁੜੇ ਹੋਏ ਹੋ। ਤੁਹਾਨੂੰ ਕਿਤੋਂ ਵੀ, ਕੋਈ ਵੀ, ਕਦੇ ਵੀ ਸੁਨੇਹਾ ਭੇਜ ਸਕਦਾ ਹੈ, ਗੱਲ ਕਰ ਸਕਦਾ ਹੈ ਅਤੇ ਵੀਡੀਓ ਕਾਲ ਕਰ ਸਕਦਾ ਹੈ। ਤੁਹਾਨੂੰ ਅਚਾਨਕ ਐੱਸ.ਐਮ.ਐੱਸ. ’ਤੇ ਸੁਨੇਹਾ ਆਉਂਦਾ ਹੈ ਜਿਹੜਾ ਸੀ.ਬੀ.ਆਈ, ਆਈ.ਬੀ., ਈ.ਡੀ., ਕਸਟਮਜ਼, ਨਾਰਕੋਟਿਕਸ ਬਿਊਰੋ, ਟੀ.ਆਰ.ਏ.ਆਈ., ਆਰ.ਬੀ.ਆਈ. ਜਾਂ ਕਿਸੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਕਿਸੇ ਵੀ ਨਾਂ ’ਤੇ ਹੁੰਦਾ ਹੈ ਕਿ ਤੁਹਾਡਾ ਕਿਸੇ ਫਰਾਡ ਵਿੱਚ ਜ਼ਿਕਰ ਆ ਰਿਹਾ ਹੈ। ਸੁਨੇਹੇ ’ਤੇ ਸਰਕਾਰੀ ਨਾਂ, ਮੋਹਰ, ਦਸਤਖ਼ਤ ਆਦਿ ਸਭ ਇੰਝ ਦੇ ਹਨ ਕਿ ਤੁਹਾਨੂੰ ਉਸ ਦੇ ਗ਼ਲਤ ਹੋਣ ਬਾਰੇ ਕੋਈ ਸ਼ੱਕ ਨਹੀਂ ਹੁੰਦਾ।
ਸੁਨੇਹਾ ਦੱਸਦਾ ਹੈ ਕਿ ਤੁਹਾਨੂੰ ਭੇਜੇ ਗਏ ਪਾਰਸਲ ਵਿੱਚੋਂ ਨਸ਼ੇ ਬਰਾਮਦ ਹੋਏ ਹਨ ਜਾਂ ਤੁਹਾਡੇ ਆਧਾਰ ਨੰਬਰ ’ਤੇ ਮਨੀਲਾਂਡਰਿੰਗ (ਕਾਲੇ ਧਨ ਨੂੰ ਸਫ਼ੇਦ ਬਣਾਉਣਾ) ਹੋਈ ਹੈ ਅਤੇ ਕਈ ਕਰੋੜ ਰੁਪਏ ਇੱਧਰ ਉੱਧਰ ਹੋਏ ਹਨ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਜਾਂ ਹੋਰ ਜਾਣਕਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਿੱਚ ਤੁਹਾਡਾ ਨਾਂ ਵੀ ਆ ਰਿਹਾ ਹੈ, ਜਾਂ ਤੁਹਾਡੀ ਕੋਈ ਵੀ ਹੋਰ ਆਈ.ਡੀ. ਕਿਸੇ ਜੁਰਮ ਵਿੱਚ ਵਰਤੀ ਗਈ ਹੈ ਜਿਸ ਦੀ ਜ਼ਿੰਮੇਵਾਰੀ ਤੁਹਾਡੇ ’ਤੇ ਆ ਸਕਦੀ ਹੈ। ਇਹ ਪੜ੍ਹਦੇ ਹੀ ਜਾਂ ਅਜਿਹਾ ਫੋਨ ਸੁਣਦੇ ਹੀ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਸਰਕ ਜਾਣਾ ਲਾਜ਼ਮੀ ਹੈ। ਤੁਸੀਂ ਕਿਸੇ ਹੋਰ ਜ਼ਰੂਰੀ ਕੰਮ ਵਿੱਚ ਰੁੱਝੇ ਸੀ ਜਾਂ ਪਤਨੀ ਅਤੇ ਬੱਚਿਆਂ ਨਾਲ ਕਿਤੇ ਜਾਣਾ ਸੀ। ਸਭ ਕੁਝ ਥਾਈਂ ਢੇਰੀ ਹੋ ਜਾਵੇਗਾ। ਸੋਚਣ ਸਮਝਣ ਦੀ ਸ਼ਕਤੀ ਸੁੰਨ ਹੋ ਜਾਵੇਗੀ। ਜਾਦੂਗਰਨੀ ਦੇ ਤਲਿਸਮੀ ਜਾਲ ਵਿੱਚ ਫਸਣ ਵਾਲੇ ਨੌਜਵਾਨ ਦੀ ਵੀ ਅਜਿਹੀ ਹੀ ਹਾਲਤ ਹੁੰਦੀ ਹੋਵੇਗੀ। ਪਾਠਕਾਂ ਨੂੰ ਪੜ੍ਹਨ ਵਿੱਚ ਇਹ ਅਜੀਬ ਲੱਗੇਗਾ ਕਿ ਅੱਜ ਕਾਨੂੰਨ ਦਾ ਰਾਜ ਹੈ ਅਤੇ ਕਿਸੇ ਨਾਲ ਇੰਝ ਨਾਜਾਇਜ਼ ਕਿਵੇਂ ਹੋ ਸਕਦਾ ਹੈ? ਪਰ ਅਜਿਹਾ ਹਰ ਰੋਜ਼ ਹਜ਼ਾਰਾਂ ਲੋਕਾਂ ਨਾਲ ਵਾਪਰ ਰਿਹਾ ਹੈ। ਇਹ ਸਰਕਾਰ ਦੀ ਕੋਈ ਏਜੰਸੀ ਜਾਂ ਕਾਰਕੁਨ ਨਹੀਂ ਕਰ ਰਹੇ ਸਗੋਂ ਇਸ ਨਵੇਂ ਤਕਨੀਕੀ ਯੁੱਗ ਵਿੱਚ ਜੰਮੇ ਨਵੇਂ ਧੋਖੇਬਾਜ਼/ਠੱਗ ਕਰ ਰਹੇ ਹਨ। ‘ਡਿਜੀਟਲ ਗ੍ਰਿਫ਼ਤਾਰੀ’ ਦੇ ਨਾਂ ’ਤੇ ਹੋ ਰਹੀ ਇਹ ਠੱਗੀ/ਧੋਖਾਧੜੀ ਸੱਚਮੁੱਚ ਬਹੁਤ ਵੱਡੀ ਹੈ।
ਇਸ ਵਰ੍ਹੇ ਵਿੱਚ ਹੁਣ ਤੱਕ ਡਿਜੀਟਲ ਗ੍ਰਿਫ਼ਤਾਰੀ ਦੀਆਂ ਕੋਈ 6000 ਸ਼ਿਕਾਇਤਾਂ ਆ ਚੁੱਕੀਆਂ ਹਨ। ਸ਼ਿਕਾਇਤਾਂ ਹੀ ਨਹੀਂ, ਡਿਜੀਟਲ ਗ੍ਰਿਫ਼ਤਾਰੀ ਫਰਾਡ ਵਿੱਚ ਇਸ ਵਰ੍ਹੇ ਦੇ ਸਿਰਫ਼ ਪਹਿਲੇ ਤਿੰਨ ਮਹੀਨਿਆਂ ਵਿੱਚੋਂ ਲੋਕਾਂ ਦੇ 120.3 ਕਰੋੜ ਰੁਪਏ ਲੁੱਟੇ ਜਾ ਚੁੱਕੇ ਹਨ। ਡਿਜੀਟਲ ਗ੍ਰਿਫ਼ਤਾਰੀ ਨਾਂ ਦੀ ਕਾਨੂੰਨ ਵਿੱਚ ਕਿਸੇ ਵੀ ਭਾਂਤ ਦੀ ਵਿਵਸਥਾ ਨਹੀਂ ਹੈ। ਆਖ਼ਰ ਇਹ ਡਿਜੀਟਲ ਗ੍ਰਿਫ਼ਤਾਰੀ ਜਾਂ ਡਿਜੀਟਲ ਅਰੈਸਟ ਹੈ ਕੀ ਬਲਾ?
ਇਹ ਠੱਗੀ ਡਿਜੀਟਲ ਸੁਨੇਹੇ ਤੋਂ ਸ਼ੁਰੂ ਹੁੰਦੀ ਹੈ ਜਿਸ ਵਿੱਚ ਤੁਹਾਨੂੰ ਤੁਰੰਤ ਜਵਾਬ ਦੇਣ ਦਾ ਹੁਕਮ ਦਿੱਤਾ ਗਿਆ ਹੁੰਦਾ ਹੈ ਅਤੇ ਤੁਹਾਡੇ ਕੋਲੋਂ ਕੋਈ ਸਾਧਾਰਨ ਜਾਣਕਾਰੀ ਮੰਗੀ ਹੁੰਦੀ ਹੈ। ਜੇ ਤੁਸੀਂ ਪੂਰੀ ਤਰ੍ਹਾਂ ਡਰ ਦੀ ਗ੍ਰਿਫ਼ਤ ਵਿੱਚ ਆ ਗਏ ਹੋ ਅਤੇ ਮਨੋਂ ਤੁਹਾਨੂੰ ਆਪਣੀ ਸਚਾਈ ਤੇ ਮਾਸੂਮੀਅਤ ’ਤੇ ਯਕੀਨ ਹੈ ਤਾਂ ਤੁਸੀਂ ਮੰਗੀ ਜਾਣਕਾਰੀ ਦੇ ਦੇਵੋਗੇ। ਜੇ ਤੁਸੀਂ ਕਹੇ ਗਏ ਸਮੇਂ ਵਿੱਚ ਜਾਣਕਾਰੀ ਨਹੀਂ ਦਿੱਤੀ ਤਾਂ ਤੁਹਾਡੇ ਫੋਨ ’ਤੇ ਕਾਲ ਆ ਜਾਵੇਗੀ ਅਤੇ ਫੋਨ ਕਰਨ ਵਾਲਾ ਆਪਣੇ ਆਪ ਨੂੰ ਕਿਸੇ ਥਾਣੇ ਜਾਂ ਦਫ਼ਤਰ ਤੋਂ ਬੋਲਦਾ ਦੱਸੇਗਾ। ਆਪਣੇ ਆਪ ਨੂੰ ਉਹ ਹੈੱਡ ਕਾਂਸਟੇਬਲ ਜਾਂ ਏ.ਐੱਸ.ਆਈ. ਦੱਸਦਿਆਂ ਤਾੜਨਾ ਕਰੇਗਾ ਕਿ ਤੁਸੀਂ ਮੰਗੀ ਜਾਣਕਾਰੀ ਹੁਣ ਤੱਕ ਕਿਉਂ ਨਹੀਂ ਦਿੱਤੀ ਜਿਸ ਨੂੰ ਦੇਣ ਬਾਰੇ ਤੁਸੀਂ ਕਾਨੂੰਨੀ ਤੌਰ ’ਤੇ ਜ਼ਿੰਮੇਵਾਰ ਹੋ। ਬੋਲਣ ਵਾਲਾ ਸ਼ਖ਼ਸ ਆਪਣੀ ਕਾਲ ਨੂੰ ਵੀਡੀਓ ਕਾਲ ਵਿੱਚ ਬਦਲ ਦਿੰਦਾ ਹੈ ਅਤੇ ਤੁਹਾਨੂੰ ਵਰਦੀ ਪਹਿਨੇ ਕਿਸੇ ਪੁਲੀਸ ਦੇ ਬੰਦੇ ਅਤੇ ਉਸ ਦੇ ਪਿਛੋਕੜ ਵਿੱਚ ਕਿਸੇ ਥਾਣੇ ਜਾਂ ਦਫ਼ਤਰ ਦੀ ਝਲਕ ਵਿਖਾਈ ਦਿੰਦੀ ਹੈ ਜਿਹੜੀ ਤੁਹਾਨੂੰ ਸੱਚੀ ਮਹਿਸੂਸ ਹੁੰਦੀ ਹੈ। ਡਰ ਅਤੇ ਕੋਈ ਅਣਹੋਣੀ ਤੁਹਾਡੇ ਮਨ ਨੂੰ ਜਕੜ ਲੈਂਦੀਆਂ ਹਨ। ਫਿਰ ਤੁਹਾਡੀ ਗੱਲ ਕਿਸੇ ਅਖੌਤੀ ਐੱਸ.ਪੀ. ਜਾਂ ਕਿਸੇ ਵੱਡੇ ਅਫਸਰ ਨਾਲ ਕਰਵਾਈ ਜਾਂਦੀ ਹੈ ਜਿਹੜਾ ਉਸ ਦੇ ਮੇਜ਼ ’ਤੇ ਪਈ ਫਾਈਲ ਖੋਲ੍ਹ ਕੇ ਅਪਰਾਧ ਵਿੱਚ ਤੁਹਾਡੀ ਸ਼ਮੂਲੀਅਤ ਦੇ ਸ਼ੱਕ ਦੇ ਵੇਰਵੇ ਦੱਸਦਾ ਹੈ। ਉਹ ਹੁਕਮ ਸੁਣਾਉਂਦਾ ਹੈ ਕਿ ਤੁਸੀਂ ਵੀਡੀਓ ਕੈਮਰੇ ਦੀ ਪਹੁੰਚ ਤੋਂ ਬਾਹਰ ਨਹੀਂ ਜਾ ਸਕਦੇ ਅਤੇ ਕਾਨੂੰਨੀ ਤੌਰ ’ਤੇ ਹੁਣ ਡਿਜੀਟਲ ਅਰੈਸਟ ਵਿੱਚ ਹੋ। ਲਉ ਘਰ ਬੈਠੇ ਬਿਨਾਂ ਕਿਸੇ ਦੇ ਆਏ ਤੁਹਾਡੀ ਗ੍ਰਿਫ਼ਤਾਰੀ ਹੋ ਗਈ ਹੈ। ਵੀਡੀਓ ਕਾਲ ਵਿੱਚ ਜੋ ਤੁਹਾਨੂੰ ਦਿਖਾਈ ਦੇ ਰਿਹਾ ਹੈ ਉਹ ਫਿਲਮੀ ਸੈੱਟ ਵਾਂਗ ਲਗਾਇਆ ਹੋਇਆ ਹੈ। ਵਰਦੀ ਪਹਿਨੀ ਬੰਦੇ ਆਉਂਦੇ ਜਾਂਦੇ ਦਿਸਦੇ ਹਨ। ਫੋਨ ਦੀਆਂ ਘੰਟੀਆਂ ਵੱਜ ਰਹੀਆਂ ਹਨ। ਵਾਇਰਲੈੱਸ ’ਤੇ ਗੱਲਬਾਤ ਦੀਆਂ ਆਵਾਜ਼ਾਂ ਆਉਂਦੀਆਂ ਹਨ। ਤੁਹਾਨੂੰ ਆਇਆ ਫੋਨ ਦੋ ਤਿੰਨ ਵੱਖ-ਵੱਖ ਵਿਭਾਗਾਂ ਤੋਂ ਟਰਾਂਸਫਰ ਕੀਤਾ ਮਹਿਸੂਸ ਕਰਵਾਇਆ ਜਾਂਦਾ ਹੈ। ਜਿਵੇਂ ਟੈਲੀਫੋਨ ਵਿਭਾਗ ਤੋਂ ਆਈ ਕਾਲ ਤੁਹਾਡੇ ਆਧਾਰ ਨੰਬਰ ਦੀ ਦੁਰਵਰਤੋਂ ਬਾਰੇ ਦੱਸਦੀ ਹੈ ਅਤੇ ਨਾਲ ਹੀ ਮੁੰਬਈ ਕ੍ਰਾਈਮ ਬ੍ਰਾਂਚ (ਅਪਰਾਧ ਸ਼ਾਖਾ) ਤੋਂ ਆਉਣ ਵਾਲੀ ਕਾਲ ਬਾਰੇ ਆਗਾਹ ਕਰਦੀ ਹੈ। ਕ੍ਰਾਈਮ ਬ੍ਰਾਂਚ ਨਾਲ ਚੱਲ ਰਹੀ ਕਾਲ ਵਿੱਚ ਕੰਟਰੋਲ ਰੂਮ ਤੋਂ ਵਾਕੀਟਾਕੀ ’ਤੇ ਤੁਹਾਡੇ ਆਧਾਰ ਨੰਬਰ ਦੇ ‘ਐਮਰਜੈਂਸੀ ਜ਼ੋਨ’ ਵਿੱਚ ਹੋਣ ਦਾ ਪ੍ਰਗਟਾਵਾ ਕਰਦੀ ਹੈ। ਸਭ ਕੁਝ ਸੱਚ ਮਹਿਸੂਸ ਹੁੰਦਾ ਹੈ ਕਿਉਂਕਿ ਤੁਹਾਡੀ ਸ਼ੱਕ ਕਰਨ ਦੀ ਸ਼ਕਤੀ ਨੂੰ ਡਰ ਦੀ ਪਹਿਲੀ ਤਰੰਗ ਨਾਲ ਹੀ ਲਕਵਾ ਮਾਰ ਜਾਂਦਾ ਹੈ। ਤੁਸੀਂ ਇੱਕ ਮਾਇਆਜਾਲ ਵਿੱਚ ਉਲਝ ਚੁੱਕੇ ਹੁੰਦੇ ਹੋ।
ਡਰ ਇੱਕ ਮੁੱਢਲੀ ਭਾਵਨਾ ਹੈ ਜਿਹੜੀ ਜੀਵਾਂ ਨੂੰ ਸੁਰੱਖਿਅਤ ਰੱਖਣ ਲਈ ਕੁਦਰਤ ਦੀ ਦੇਣ ਹੈ। ਇਸ ਨਾਲ ਸਰੀਰ ਵਿੱਚ ਬਹੁਤ ਸਾਰੇ ਬਾਇਉ-ਰਸਾਇਣ ਅਤੇ ਭਾਵਨਾਵਾਂ ਉਪਜਦੀਆਂ ਹਨ। ਡਰ ਸਾਨੂੰ ਆਉਣ ਵਾਲੇ ਖ਼ਤਰੇ ਤੋਂ ਸੁਚੇਤ ਕਰਦਾ ਹੈ, ਭਾਵੇਂ ਖ਼ਤਰਾ ਸਰੀਰਕ ਹੋਵੇ ਜਾਂ ਮਨੋਵਿਗਿਆਨਕ। ਸੁਰੱਖਿਆ ਲਈ ਡਰ, ਲੜਨ ਨੂੰ ਅਤੇ ਜਾਂ ਭੱਜ ਜਾਣ ਨੂੰ ਉਕਸਾਉਂਦਾ ਹੈ। ਪਰ ਕਈ ਵਾਰ ਭਾਵਨਾਵਾਂ ਇੰਨੀਆਂ ਹਾਵੀ ਹੋ ਜਾਂਦੀਆਂ ਹਨ ਕਿ ਨਾ ਲੜਨ ਅਤੇ ਨਾ ਹੀ ਭੱਜਣ ਦਾ ਹੀਆ ਬਚਦਾ ਹੈ। ‘ਡਿਜੀਟਲ ਅਰੈਸਟ’ ਦੀ ਠੱਗੀ ਵਿੱਚ ਤੁਸੀਂ ਅਜਿਹੀ ਹੀ ਮਨੋਵਿਗਿਆਨਕ ਸਥਿਤੀ ਵਿੱਚ ਉਲਝੇ ਹੁੰਦੇ ਹੋ। ਤੁਹਾਡਾ ਚੇਤਨ ਮਨ ਇਨ੍ਹਾਂ ਨਵੇਂ ਕਾਨੂੰਨਾਂ ਨੂੰ ਜਾਣਦਾ ਹੈ। ਇਨ੍ਹਾਂ ਵਿੱਚ ਸਫ਼ਾਈ ਤੁਹਾਨੂੰ ਆਪ ਹੀ ਦੇਣੀ ਪਵੇਗੀ। ਖੱਜਲ-ਖੁਆਰੀ ਦੀ ਕੋਈ ਹੱਦ ਨਹੀਂ। ਅਦਾਲਤ ਤੋਂ ਕਿਸੇ ਫੌਰੀ ਇਨਸਾਫ਼ ਦੀ ਆਸ ਨਹੀਂ ਕੀਤੀ ਜਾ ਸਕਦੀ। ਜੇ ਅਵਚੇਤਨ ਮਨ ਕੁਝ ਅੜਨ ਦੇ ਰੌਂਅ ਵਿੱਚ ਵੀ ਹੋਵੇ ਤਾਂ ਚੇਤਨ ਹਾਵੀ ਹੋ ਜਾਂਦਾ ਹੈ ਅਤੇ ਜੋ ਹੋ ਰਿਹਾ ਹੈ ਉਸ ਨੂੰ ਸੱਚ ਮੰਨਣ ਲੱਗਦਾ ਹੈ।
ਡਿਜੀਟਲ ਠੱਗੀ ਦਾ ਮੱਕੜਜਾਲ ਜ਼ਿਆਦਾਤਰ ਮਿਆਂਮਾਰ, ਲਾਓਸ ਅਤੇ ਕੰਬੋਡੀਆ ਤੋਂ ਚਲਾਇਆ ਜਾ ਰਿਹਾ ਹੈ ਭਾਵੇਂ ਬਹੁਤ ਸਾਰੇ ਡਿਜੀਟਲ ਠੱਗ ਸਥਾਨਕ ਪੱਧਰ ’ਤੇ ਵੀ ਇਸ ਅਪਰਾਧ ਨਾਲ ਜੁੜੇ ਹੋਏ ਹਨ। ਇਹ ਲੋਕ ਵੀਡੀਓ ਕਾਲ ਦੇ ਹਿਸਾਬ ਨਾਲ ਸੈੱਟਅਪ ਬਣਾਉਂਦੇ ਹਨ। ਡਿਜੀਟਲ ਠੱਗ ਪੁਲੀਸ ਅਤੇ ਵਿਭਿੰਨ ਵਿਭਾਗਾਂ ਦੀ ਕਾਰਜਸ਼ੈਲੀ ਤੋਂ ਚੰਗੇ ਵਾਕਿਫ਼ ਹਨ, ਅਦਾਲਤ ਦੇ ਕੰਮਕਾਜ ਨੂੰ ਜਾਣਦੇ ਸਮਝਦੇ ਹਨ, ਪੁਲੀਸ ਅਤੇ ਮਹਿਕਮਿਆਂ ਦੀ ਤਫ਼ਤੀਸ਼ ਦੇ ਢੰਗ ਜਾਣਦੇ ਹਨ। ਪਲੋਸਣਾ, ਡਰਾਉਣਾ, ਧਮਕਾਉਣਾ, ਸਬਜ਼ਬਾਗ਼ ਦਿਖਾਉਣਾ, ਲਗਾਤਾਰ ਦਬਾਅ ਬਣਾਉਣਾ ਆਦਿ ਤਫ਼ਤੀਸ਼ ਦੀਆਂ ਤਕਨੀਕਾਂ ਹਨ। ਇਹ ਠੱਗ ਆਪਣੇ ਸ਼ਿਕਾਰ ’ਤੇ ਇਹ ਸਾਰੇ ਫਾਰਮੂਲੇ ਅਜ਼ਮਾਉਂਦੇ ਹਨ।
ਦੋ ਸਤੰਬਰ ਨੂੰ ਹੈਦਰਾਬਾਦ ਦੀ 40 ਵਰ੍ਹਿਆਂ ਦੀ ਇੱਕ ਔਰਤ ਨੂੰ ਕਿਸੇ ਆਟੋਮੇਟਡ ਨੰਬਰ ਤੋਂ ਇੱਕ ਕਾਲ ਆਈ ਜਿਸ ਨੇ ਦਾਅਵਾ ਕੀਤਾ ਕਿ ਕਾਲ ਦਿੱਲੀ ਹਾਈ ਕੋਰਟ ਤੋਂ ਹੈ ਅਤੇ ਉਸ ਨੂੰ ਕਿਸੇ ਹੋਰ ਨੰਬਰ ਨਾਲ ਜੋੜ ਦਿੱਤਾ ਗਿਆ। ਬੋਲਣ ਵਾਲੇ ਬੰਦੇ ਨੇ ਕਿਹਾ ਕਿ ਉਹ ਗੌਰਵ ਸ਼ੁਕਲਾ ਹੈੱਡ ਕਾਂਸਟੇਬਲ ਹੈ ਅਤੇ ਆਰ.ਕੇ. ਪੁਰਮ ਥਾਣੇ ਤੋਂ ਬੋਲ ਰਿਹਾ ਹੈ। ਔਰਤ ਨੂੰ ਦੱਸਿਆ ਗਿਆ ਕਿ ਉਸ ਦੇ ਖਾਤੇ ਵਿੱਚੋਂ 25 ਲੱਖ ਰੁਪਏ ਦੀ ਬੇਨਾਮੀ ਅਦਾਇਗੀ ਹੋਈ ਹੈ ਅਤੇ ਕਾਲ ਡੀ.ਪੀ.ਪੀ. ਰਾਜੇਸ਼ ਦਿਓ ਨੂੰ ਟਰਾਂਸਫਰ ਕਰ ਦਿੱਤੀ ਗਈ। ਰਾਜੇਸ਼ ਨੇ ਉਸ ਨੂੰ ਕਿਹਾ ਕਿ ਉਸ ਦੀ ਡਿਜੀਟਲ ਗ੍ਰਿਫ਼ਤਾਰੀ ਹੋ ਚੁੱਕੀ ਹੈ। ਉਸ ਔਰਤ ਨੂੰ ਪੰਜ ਦਿਨ ਸਕਾਈਪ ਅਤੇ ਵਟਸਐੱਪ ਦੀ ਨਿਗਰਾਨੀ ਹੇਠਾਂ ਰੱਖਿਆ ਗਿਆ ਅਤੇ ਲਗਾਤਾਰ ਧਮਕਾਇਆ ਗਿਆ ਕਿ ਉਹ ਆਪਣੇ ਦਸਤਾਵੇਜ਼ ਅਤੇ ਖਾਤਿਆਂ ਦਾ ਵੇਰਵਾ ਦੱਸੇ। ਇੰਝ ਧਮਕਾਉਂਦਿਆਂ ਉਸ ਤੋਂ ਜਾਅਲੀ ਖਾਤਿਆਂ ਵਿੱਚ 1.22 ਕਰੋੜ ਰੁਪਏ ਟਰਾਂਸਫਰ ਕਰਵਾ ਲਏ। ਹੈਦਾਰਾਬਾਦ ਦੀ ਹੀ ਇੱਕ ਹੋਰ 85 ਸਾਲਾ ਔਰਤ ਨੂੰ ਠੱਗਾਂ ਨੇ ਸਾਈਬਰ ਕ੍ਰਾਈਮ ਮੁੰਬਈ ਦੇ ਨਾਂ ’ਤੇ ਫੋਨ ਕੀਤਾ ਅਤੇ ਕਿਹਾ ਕਿ ਉਸ ਦਾ ਆਧਾਰ ਨੰਬਰ ਮਨੀ ਲਾਂਡਰਿੰਗ ਦੇ ਕਈ ਵੱਡੇ ਕੇਸਾਂ ਨਾਲ ਜੁੜਿਆ ਹੋਇਆ ਹੈ। ਉਸ ਨੂੰ ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ ਉਸ ਤੋਂ 5.9 ਕਰੋੜ ਰੁਪਏ ਜਾਅਲੀ ਖਾਤਿਆਂ ਵਿੱਚ ਤਬਦੀਲ ਕਰਵਾ ਲਏ। ਹੈਦਰਾਬਾਦ ਦੇ ਨਿਵਾਸੀ 79 ਵਰ੍ਹਿਆਂ ਦੇ ਸੇਵਾਮੁਕਤ ਕਨਸਲਟੈਂਟ ਏ.ਵੀ. ਮੋਹਨਰਾਉ ਨੂੰ ਮੁੰਬਈ ਪੁਲੀਸ ਦੇ ਅਫਸਰਾਂ ਦੇ ਨਾਂ ’ਤੇ ਕਾਲ ਕੀਤੀ ਗਈ ਅਤੇ ਉਸ ਨੂੰ ਸੁਪਰੀਮ ਕੋਰਟ ਦੀ ਮੋਹਰ ਤੇ ਜੱਜਾਂ ਦੇ ਦਸਤਖਤਾਂ ਵਾਲੇ ਵਾਰੰਟ ਵਟਸਐਪ ’ਤੇ ਭੇਜੇ ਗਏ। ਉਸ ’ਤੇ ਦੋਸ਼ ਲਗਾਇਆ ਗਿਆ ਕਿ ਉਸ ਦਾ ਆਧਾਰ ਨੰਬਰ ਕਈ ਅਪਰਾਧਕ ਮਾਮਲਿਆਂ ਅਤੇ ਮਨੀ ਲਾਂਡਰਿੰਗ ਨਾਲ ਜੁੜਿਆ ਹੋਇਆ ਹੈ। ਆਪਣੀ ਸਚਾਈ ਸਾਬਤ ਕਰਨ ਲਈ ਡਰੇ ਹੋਏ ਰਾਉ ਨੇ ਆਪਣੇ ਖਾਤਿਆਂ ਦਾ ਵੇਰਵਾ ਦੇ ਦਿੱਤਾ। ਧੱਕੇ ਨਾਲ ਉਸ ਤੋਂ 2 ਕਰੋੜ ਰੁਪਏ ਜਾਅਲੀ ਖਾਤਿਆਂ ਵਿੱਚ ਤਬਦੀਲ ਕਰਵਾ ਲਏ ਗਏ। ਦੂਰ ਦੀ ਕੀ ਗੱਲ ਕਰਨੀ। ਵਰਧਮਾਨ ਗਰੁੱਪ ਲੁਧਿਆਣਾ ਦੇ ਚੇਅਰਮੈਨ ਐੱਸ.ਪੀ. ਓਸਵਾਲ ਨੂੰ ਸੁਪਰੀਮ ਕੋਰਟ ਦੇ ਡਿਜੀਟਲ ਅਰੈਸਟ ਦੇ ਆਰਡਰ ਵਿਖਾ ਕੇ ਉਨ੍ਹਾਂ ਨੂੰ ਘਰ ਵਿੱਚ ਸਕਾਈਪ ਦੀ ਨਜ਼ਰਸਾਨੀ ਹੇਠ ਰੱਖ ਲਿਆ ਗਿਆ। ਹੋਰ ਕ੍ਰਿਮੀਨਲ ਕਾਰਵਾਈਆਂ ਦੀਆਂ ਧਮਕੀਆਂ ਦੇ ਕੇ ਉਨ੍ਹਾਂ ਤੋਂ 7 ਕਰੋੜ ਰੁਪਏ ਠੱਗ ਲਏ ਗਏ। ਸ੍ਰੀ ਓਸਵਾਲ ਤਾਂ ਵਪਾਰ ਅਤੇ ਸਰਕਾਰੀ ਕਾਰਵਾਈਆਂ ਵਿੱਚ ਹੰਢੇ ਵਰਤੇ ਹਨ, ਪਰ ਨਕਲੀ ਝੰਡਿਆਂ, ਮੋਹਰਾਂ, ਲੋਗੋ, ਵਰਦੀਆਂ ਆਦਿ ਨਾਲ ਉਨ੍ਹਾਂ ਨੂੰ ਵੀ ਡਿਜੀਟਲ ਅਰੈਸਟ ਦੇ ਮੱਕੜਜਾਲ ਵਿੱਚ ਉਲਝਾ ਲਿਆ ਗਿਆ। ਚੰਡੀਗੜ੍ਹ ਦੇ ਸੈਕਟਰ 37 ਦੀ ਨਿਵਾਸੀ ਕੰਵਲਜੀਤ ਕੌਰ ਗਿੱਲ ਨੂੰ ਇੱਕ ਫੋਨ ਕਾਲ ਰਾਹੀਂ ਦੱਸਿਆ ਗਿਆ ਕਿ ਉਸ ਦੇ ਨਾਂ ’ਤੇ ਜਾਰੀ ਹੋਇਆ ਸਿਮ ਮੁੰਬਈ ਵਿੱਚ ਵਰਤਿਆ ਜਾ ਰਿਹਾ ਹੈ। ਇਸ ਕਾਲ ਦੇ ਨਾਲ ਹੀ ਵਟਸਐਪ ’ਤੇ ਉਸ ਨੂੰ ਇੱਕ ਬਾਵਰਦੀ ਬੰਦੇ ਨੇ ਦੱਸਿਆ ਕਿ ਉਸ ਦੇ ਨਾਂ ’ਤੇ ਖੋਲ੍ਹੇ ਗਏ ਇੱਕ ਖਾਤੇ ਵਿੱਚ 650 ਕਰੋੜ ਦਾ ਲੈਣ ਦੇਣ ਹੋਇਆ ਹੈ। ਇਸ ਮਨੀ ਲਾਂਡਰਿੰਗ ਦੇ ਕੇਸ ਦੀ ਸੀ.ਬੀ.ਆਈ. ਜਾਂਚ ਪੜਤਾਲ ਕਰ ਰਹੀ ਹੈ। ਕੰਵਲਜੀਤ ਕੌਰ ਨੂੰ ਕਿਹਾ ਗਿਆ ਕਿ ਉਹ ਕਾਲ ਨਾ ਕੱਟੇ ਅਤੇ ਨਾ ਹੀ ਕਿਸੇ ਨੂੰ ਦੱਸੇ ਕਿਉਂਕਿ ਜਿਨ੍ਹਾਂ ਨੂੰ ਵੀ ਇਸ ਦਾ ਪਤਾ ਲੱਗੇਗਾ ਸਾਰੇ ਕੇਸ ਵਿੱਚ ਉਲਝ ਜਾਣਗੇ ਕਿਉਂਕਿ ਉਹ ਹੁਣ ਡਿਜੀਟਲ ਅਰੈਸਟ ਵਿੱਚ ਸੀ। ਠੱਗਾਂ ਨੇ ਹੌਲੀ ਹੌਲੀ ਉਸ ਤੋਂ ਸਾਰੇ ਪਰਿਵਾਰ ਦੀ ਅਤੇ ਉਨ੍ਹਾਂ ਦੇ ਖਾਤਿਆਂ ਦੀ ਜਾਣਕਾਰੀ ਲੈ ਲਈ। ਪਰਿਵਾਰ ਨੂੰ ਇਸ ਨਵੀਂ ਮੁਸੀਬਤ ਤੋਂ ਬਚਾਉਣ ਲਈ ਕੰਵਲਜੀਤ ਕੌਰ ਨੇ ਬੈਂਕ ਜਾ ਕੇ 15 ਲੱਖ ਰੁਪਏ ਠੱਗਾਂ ਦੇ ਦੱਸੇ ਖਾਤਿਆਂ ਵਿੱਚ ਤਬਦੀਲ ਕਰਵਾ ਦਿੱਤੇ। ਠੱਗਾਂ ਦੀ ਕੰਵਲਜੀਤ ਕੌਰ ਤੋਂ ਹੋਰ ਪੈਸਿਆਂ ਦੀ ਮੰਗ ਕਰਨ ’ਤੇ ਉਸ ਦੇ ਪਤੀ ਨੂੰ ਪਹਿਲਾਂ ਹੋਈ ਠੱਗੀ ਦੀ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਇਨ੍ਹਾਂ ਦਿਨਾਂ ਵਿੱਚ ਹੀ ਡੱਡੂਮਾਜਰੇ ਦੇ ਹਰੀ ਨਾਥ ਨੂੰ ਡਿਜੀਟਲ ਅਰੈਸਟ ਦਾ ਦਾਬਾ ਦੇ ਕੇ 51 ਲੱਖ ਰੁਪਏ ਝਟਕ ਲਏ ਗਏ।
ਇਹ ਤੱਥ ਆਮ ਜਾਣਿਆ ਜਾਂਦਾ ਹੈ ਕਿ ਸਾਡੇ ਪਛਾਣ ਦਸਤਾਵੇਜ਼ਾਂ ਦੀ ਵੱਡੀ ਪੱਧਰ ’ਤੇ ਚੋਰੀ ਹੁੰਦੀ ਹੈ ਅਤੇ ਸਾਈਬਰ ਕ੍ਰਾਈਮ ਵਿੱਚ ਲੱਗੇ ਲੋਕਾਂ ਨੂੰ ਇਹ ਰਿਕਾਰਡ ਮਾੜੇ ਮੋਟੇ ਖਰਚੇ ’ਤੇ ਮਿਲ ਜਾਂਦੇ ਹਨ। ਡਾਰਕਨੈੱਟ ’ਤੇ ਅਜਿਹੇ ਸੌਦੇ ਹੁੰਦੇ ਰਹਿੰਦੇ ਹਨ। ਇਸ ਨਾਲ ਸਾਡੇ ਮਨਾਂ ਵਿੱਚ ਇੱਕ ਡਰ ਬੈਠ ਜਾਂਦਾ ਹੈ ਕਿ ਕਦੇ ਵੀ ਕਿਸੇ ਨਾਲ ਕੁਝ ਵੀ ਮਾੜਾ ਵਾਪਰ ਸਕਦਾ ਹੈ। ਸਾਡੇ ਮਨਾਂ ’ਤੇ ਅਜਿਹਾ ਹੀ ਪ੍ਰਭਾਵ ਸਟੇਟ ਦੇ ਇਨ੍ਹਾਂ ਕਾਨੂੰਨਾਂ ਰਾਹੀਂ ਬਹੁਤ ਸਾਰੇ ਲੋਕਾਂ ਦੀ ਕੀਤੀ ਜਾਂਦੀ ਖੱਜਲ ਖੁਆਰੀ ਦਾ ਵੀ ਹੁੰਦਾ ਹੈ। ਸਾਡੇ ਚੇਤਨ ਵਿੱਚ ਵੱਸੇ ਇਨ੍ਹਾਂ ਡਰਾਂ ਸਦਕਾ ਹੀ ਇਹ ਠੱਗ ਕਾਮਯਾਬ ਹੁੰਦੇ ਹਨ ਅਤੇ ਇਨ੍ਹਾਂ ਵੱਲੋਂ ਕੀਤੀ ਕਾਲ ਤੋਂ ਸਾਡਾ ਭਮੱਤਰ ਜਾਣਾ ਸੁਭਾਵਿਕ ਹੈ ਅਤੇ ਅਸੀਂ ਸਾਰੀ ਸਿਆਣਪ ਭੁੱਲ ਜਾਂਦੇ ਹਾਂ।
ਡਿਜੀਟਲ ਅਰੈਸਟ ਫਰਾਡ ਦੀ ਗੰਭੀਰਤਾ ਨੂੰ ਸਮਝਦਿਆਂ ਗ੍ਰਹਿ ਵਿਭਾਗ ਨੇ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ ਜਿਸ ਨੂੰ ਗ੍ਰਹਿ ਵਿਭਾਗ ਦੇ ਅੰਦਰੂਨੀ ਸੁਰੱਖਿਆ ਵਿਭਾਗ ਦੇ ਸਕੱਤਰ ਮਾਨੀਟਰ ਕਰਨਗੇ। ਗ੍ਰਹਿ ਵਿਭਾਗ ਦੇ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਜਿਹੜਾ 14 ਸੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੇ ਸਾਰੇ ਸੂਬਿਆਂ ਨੂੰ ਇਨ੍ਹਾਂ ਵਧ ਰਹੇ ਅਪਰਾਧਾਂ ਬਾਰੇ ਚੇਤੰਨ ਰਹਿਣ ਲਈ ਕਿਹਾ ਹੈ। ਸੈਂਟਰ ਨੇ ਕੋਈ 6 ਲੱਖ ਮੋਬਾਈਲ ਫੋਨ ਨੰਬਰ ਅਤੇ 3.25 ਲੱਖ ਜਾਅਲੀ ਖਾਤੇ ਜ਼ਬਤ ਕੀਤੇ ਹਨ। ਮੋਬਾਈਲ ਲਈ 709 ਨਵੀਆਂ ਅਰਜ਼ੀਆਂ ਰੱਦ ਕੀਤੀਆਂ ਹਨ। ਕੇਂਦਰੀ ਸਰਕਾਰ ਦੀ ਇੱਕ ਹੋਰ ਏਜੰਸੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ ਵੀ ਇੱਕ ਦਰਜਨ ਤੋਂ ਵੱਧ ਕਿਸਮ ਦੀਆਂ ਔਨਲਾਈਨ ਠੱਗੀਆਂ ਦੀ ਸੂਚੀ ਜਾਰੀ ਕੀਤੀ ਹੈ। ਨੈਸ਼ਨਲ ਕ੍ਰਾਈਮ ਰਿਪੋਰਟਿੰਗ ਪੋਰਟਲ ਅਨੁਸਾਰ 2021 ਵਿੱਚ 4.5 ਲੱਖ ਠੱਗੀਆਂ ਦੇ ਕੇਸ ਹੋਏ ਸਨ ਜਿਹੜੇ 2022 ਵਿੱਚ ਵਧ ਕੇ 9.6 ਲੱਖ ਹੋ ਗਏ। 2023 ਵਿੱਚ ਇਨ੍ਹਾਂ ਦੀ ਗਿਣਤੀ 15 ਲੱਖ ਹੋ ਗਈ ਸੀ ਅਤੇ 2024 ਦੇ ਸਿਰਫ਼ ਪਹਿਲੇ 4 ਮਹੀਨਿਆਂ ਵਿੱਚ 7.4 ਲੱਖ ਘਟਨਾਵਾਂ ਵਾਪਰ ਚੁੱਕੀਆਂ ਹਨ। 14 ਸੀ ਸੈਂਟਰ ਅਨੁਸਾਰ ਲੋਕਾਂ ਤੋਂ ਡਿਜੀਟਲ ਅਰੈਸਟ ਰਾਹੀਂ 120.3 ਕਰੋੜ, ਟਰੇਡਿੰਗ ਸਕੈਮ ਵਿੱਚ 1420.48 ਕਰੋੜ, ਇਨਵੈਸਟਮੈਂਟ ਸਕੈਮ ਵਿੱਚ 225.58 ਕਰੋੜ ਅਤੇ ਰੋਮਾਂਸ ਸਕੈਮ ਰਾਹੀਂ 13.23 ਕਰੋੜ ਰੁਪਏ ਲੁੱਟੇ ਜਾ ਚੁੱਕੇ ਹਨ।
ਡੀਪਫੇਕ ਵੀਡੀਓਜ਼, ਜਾਅਲੀ ਗ੍ਰਿਫ਼ਤਾਰੀ ਵਾਰੰਟ ਅਤੇ ਅਜਿਹੇ ਹੀ ਹੋਰ ਜਾਅਲੀ ਦਸਤਾਵੇਜ਼ਾਂ ਰਾਹੀਂ ਪੁਲੀਸ ਅਤੇ ਹੋਰ ਕਾਨੂੰਨੀ ਐਨਫੋਰਸਮੈਂਟ ਏਜੰਸੀਆਂ ਦੀ ਨਕਲ ਕਰਦਿਆਂ ਅਕਸ਼ੈ ਕੁਮਾਰ ਦੀ ਫਿਲਮ ‘ਸਪੈਸ਼ਲ 26’ ਵਾਲੇ ਸੀ.ਬੀ.ਆਈ. ਦੇ ਨਕਲੀ ਅਫਸਰ ਬਣ ਕੇ ਅਸਲੀ ਛਾਪਿਆਂ ਦੀ ਥਾਂ ਔਨਲਾਈਨ ਛਾਪੇ ਮਾਰਦੇ ਹਨ ਜਿਸ ਨੂੰ ਇਨ੍ਹਾਂ ਠੱਗਾਂ ਨੇ ‘ਡਿਜੀਟਲ ਅਰੈਸਟ’ ਦਾ ਨਾਂ ਦਿੱਤਾ ਹੈ। ਇਹ ਸ਼ਬਦ ਸਾਈਬਰ ਠੱਗਾਂ ਦੀ ਹੀ ਕਾਢ ਹੈ ਅਤੇ ਕਾਨੂੰਨ ਜਾਂ ਪ੍ਰਸ਼ਾਸਨ ਵਿੱਚ ਇਸ ਦਾ ਕੋਈ ਅਰਥ ਨਹੀਂ ਹੈ। ਔਨਲਾਈਨ ਠੱਗੀਆਂ ਦਾ ਜਾਲ ਲੰਮੇ ਸਮੇਂ ਤੋਂ ਫੈਲਾਇਆ ਜਾ ਰਿਹਾ ਹੈ, ਸਿਰਫ਼ ਕੁਝ ਢੰਗ ਤਰੀਕੇ ਬਦਲਦੇ ਹਨ। ਕੁਝ ਸਮਾਂ ਪਹਿਲਾਂ ਓਐਲਐਕਸ ਦੇ ਨਾਂ ’ਤੇ ਕਾਫ਼ੀ ਵੱਡੇ ਫਰਾਡ ਕੀਤੇ ਗਏ। ਇਨਾਮ ਨਿਕਲਣ ਦੇ ਫਰਾਡ ਤਾਂ ਬਹੁਤ ਸਮੇਂ ਤੋਂ ਹੋ ਰਹੇ ਹਨ।
ਸਕੂਲ ਸਿਲੇਬਸ ਵਿੱਚ ਸੰਤ ਸਿੰਘ ਸੇਖੋਂ ਦੀ ਪ੍ਰਸਿੱਧ ਕਹਾਣੀ ‘ਪੇਮੀ ਦੇ ਨਿਆਣੇ’ ਪੜ੍ਹਾਈ ਜਾਂਦੀ ਹੈ। ਕਹਾਣੀ ਦੀ ਕਿਰਦਾਰ ਜੋੜੀ ਭੈਣ ਭਾਈ ਹਨ ਜਿਨ੍ਹਾਂ ਨੂੰ ਸਕੂਲ ਜਾਂ ਖੇਤ ਜਾਣ ਲੱਗਿਆਂ ਇੱਕ ਸੜਕ ਪਾਰ ਕਰਨੀ ਹੁੰਦੀ ਹੈ। ਜਿੱਥੇ ਉਨ੍ਹਾਂ ਦੀ ਮਾਨਤਾ ਅਨੁਸਾਰ ਰਾਸ਼ੇ ਰਹਿੰਦੇ ਹਨ ਜਿਨ੍ਹਾਂ ਤੋਂ ਉਹ ਬਹੁਤ ਡਰਦੇ ਹਨ। ਇਸ ਲਈ ਉਹ ਇਕੱਲੇ ਸੜਕ ਪਾਰ ਨਹੀਂ ਕਰਦੇ। ਉਹ ਕਿਸੇ ਦੇ ਆਉਣ ਦੀ ਉਡੀਕ ਕਰਦੇ ਅਤੇ ਉਸ ਦੇ ਪਿੱਛੇ ਪਿੱਛੇ ਸੜਕ ਪਾਰ ਕਰ ਜਾਂਦੇ। ਇੱਕ ਦਿਨ ਬਦਕਿਸਮਤੀ ਨਾਲ ਕੋਈ ਜਣਾ ਨਾ ਆਇਆ ਜਿਹੜਾ ਉਨ੍ਹਾਂ ਦਾ ਭੈ-ਸਾਗਰ ਪਾਰ ਕਰਵਾ ਦਿੰਦਾ। ਜਾਣਾ ਤਾਂ ਸੀ ਹੀ ਉਹ ਵਾਹਿਗੁਰੂ, ਵਾਹਿਗੁਰੂ ਕਰਦੇ ਅੱਗੇ ਵਧੇ। ਪਰ ਉਨ੍ਹਾਂ ਨੂੰ ਲੱਗਿਆ ਕਿ ਵਾਹਿਗੁਰੂ ਦੇ ਨਾਂ ’ਤੇ ਤਾਂ ਭੂਤ ਭੱਜਦੇ ਹਨ, ਇਸ ਦਾ ਰਾਸ਼ੇ ’ਤੇ ਕੋਈ ਪ੍ਰਭਾਵ ਨਹੀਂ ਪੈ ਸਕਦਾ। ਉਹ ਚੱਲਦੇ ਚੱਲਦੇ ਰੁਕ ਗਏ। ਅੰਤ ਭੈਣ ਨੇ ਕਿਹਾ, ‘‘ਆਪਾਂ ਚੱਲਦੇ ਹਾਂ। ਜੇ ਉਸ ਨੇ ਸਾਨੂੰ ਫੜਿਆ ਤਾਂ ਆਖ ਦੇਵਾਂਗੇ ਕਿ ਅਸੀਂ ‘ਪੇਮੀ ਦੇ ਨਿਆਣੇ’ ਹਾਂ।’’ ਉਨ੍ਹਾਂ ਇਸ ਹੌਸਲੇ ਨਾਲ ਆਪਣਾ ਭੈ-ਸਾਗਰ ਪਾਰ ਕਰ ਲਿਆ।
ਅਣਭੋਲ ਬੱਚਿਆਂ ਦਾ ਮਨ ਕੋਰਾ ਸੀ ਅਤੇ ਡਰ ਸਾਧਾਰਨ। ਪਰ ਜੇ ਬੱਚਿਆਂ ਨੇ ਭੈ-ਸਾਗਰ ਪਾਰ ਕਰਨ ਲਈ ਆਪਣੀ ਮਾਂ ਦੇ ਨਾਂ ਵਿੱਚ ਆਪਣਾ ਤਲਿਸਮ ਲੱਭ ਲਿਆ ਤਾਂ ਸਾਡੇ ਲਈ ਤਾਂ ਇਹ ਹੋਰ ਆਸਾਨ ਹੈ। ਕਦੇ ਵੀ ਕਿਸੇ ਨੂੰ ਵੀ ਅਤੇ ਕਿਸੇ ਵੀ ਸਮੇਂ ਅਜਿਹੀ ਕਾਲ ਆਵੇ ਤਾਂ ਸਭ ਤੋਂ ਸਹਿਜ ਢੰਗ ਹੈ ਕਿ ਕਾਲ ਕੱਟ ਦੇਵੋ। ਤੁਹਾਨੂੰ ਇੱਕ ਦੋ ਵਾਰ ਕਾਲ ਕਰਨ ’ਤੇ ਠੱਗ ਅਗਲੇ ਸ਼ਿਕਾਰ ਦੀ ਭਾਲ ਵਿੱਚ ਚੱਲ ਪਵੇਗਾ। ਕਿਸੇ ਵੀ ਅਣਜਾਣ ਨੰਬਰ ਦੇ ਫੋਨ ’ਤੇ ਸਾਡੇ ਲਈ ਕੋਈ ਵੀ ਕਾਰਵਾਈ ਕਰਨ ਦੀ ਜ਼ਰੂਰਤ ਨਹੀਂ ਹੈ। ਸਰਕਾਰੀ ਏਜੰਸੀਆਂ ਨੇ ਕਿਸੇ ਨੂੰ ਕੁਝ ਵੀ ਭੇਜਣਾ ਹੈ ਤਾਂ ਉਹ ਲਿਖ ਕੇ ਤੁਹਾਡੇ ਕੋਲ ਪਹੁੰਚੇਗਾ।
ਕੋਈ ਕਿੰਨਾ ਵੀ ਡਰਾਵਾ ਦੇਵੇ, ਤੁਰੰਤ ਕਿਸੇ ਆਪਣੇ ਜਾਣਕਾਰ ਨੂੰ ਫੋਨ ਕਰਕੇ ਸਹਾਇਤਾ ਲਵੋ। ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ ਬਹੁਤ ਸਾਰੀਆਂ ਹੈਲਪ ਲਾਈਨਾਂ ਹਨ ਉਨ੍ਹਾਂ ਦੀ ਵਰਤੋਂ ਕਰੋ। ਬਸ ਡਰੋ ਬਿਲਕੁਲ ਨਾ। ਆਪਣੀ ਸੁਰਤ ਕਾਇਮ ਰੱਖੋ। ਚੇਤੰਨ ਰਹੋ। ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਜਾਦੂਗਰ ਜਾਲ ਨਾਲ ਨਹੀਂ, ਸਾਡੇ ਮਨਾਂ ਵਿੱਚ ਬੈਠੇ ਡਰ ਤੋਂ ਲਾਭ ਉਠਾਉਂਦੇ ਹਨ। ਸਿਰਫ਼ ਡਰ ਨੂੰ ਭਜਾਉ। ਸੁਰੱਖਿਅਤ ਰਹੋ।
ਸੰਪਰਕ: 98150-00873

Advertisement

Advertisement
Author Image

joginder kumar

View all posts

Advertisement