ਕੈਨੇਡਾ ਭੇਜਣ ਦੇ ਨਾਮ ’ਤੇ ਸਾਢੇ ਛੇ ਲੱਖ ਦੀ ਠੱਗੀ, ਦੋ ਭਰਾ ਨਾਮਜ਼ਦ
ਨਿੱਜੀ ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 6 ਜੁਲਾਈ
ਲਾਗਲੇ ਪਿੰਡ ਮੋਹੀ ਵਾਸੀ ਬਿਕਰਮਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਮਾਡਲ ਥਾਣਾ ਦਾਖਾ ਦੀ ਪੁਲੀਸ ਨੇ ਰਾਮ ਸ਼ਰਨ ਕੌਰੀ ਅਤੇ ਉਸ ਦੇ ਭਰਾ ਅਸ਼ੋਕ ਕੁਮਾਰ ਵਾਸੀ ਮੁਦਕੀ ਰੋਡ ਬਾਘਾ ਪੁਰਾਣਾ ਖ਼ਿਲਾਫ਼ ਵਿਦੇਸ਼ ਭੇਜਣ ਦੇ ਨਾਮ ’ਤੇ ਸਾਢੇ ਛੇ ਲੱਖ ਦੀ ਠੱਗੀ ਮਾਰਨ ਦਾ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਅਾਰੰਭ ਦਿੱਤੀ ਹੈ। ਬਿਕਰਮਜੀਤ ਸਿੰਘ ਨੇ ਇਕ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਰਾਮ ਸ਼ਰਨ ਕੌਰੀ ਨੇ ਉਸ ਨੂੰ ਅਤੇ ਉਸ ਦੇ ਮਾਮੇ ਦੇ ਪੁੱਤਰ ਅਰਸ਼ਦੀਪ ਸਿੰਘ ਨੂੰ ਖੇਤੀਬਾੜੀ ਵਰਕ-ਪਰਮਿਟ ‘ਤੇ ਕੈਨੇਡਾ ਭੇਜਣ ਬਦਲੇ 14 ਲੱਖ ਰੁਪਏ ਦੀ ਮੰਗ ਕੀਤੀ ਸੀ ਜਿਸ ਵਿੱਚੋਂ ਅੱਧੀ ਰਕਮ ਪਹਿਲਾਂ ਹਾਸਲ ਕੀਤੀ ਸੀ ਅਤੇ ਬਾਕੀ ਰਹਿੰਦੀ ਰਕਮ ਕੈਨੇਡਾ ਪਹੁੰਚ ਕੇ ਲੈਣ ਦਾ ਵਾਅਦਾ ਕੀਤਾ ਸੀ। ਬਿਕਰਮਜੀਤ ਸਿੰਘ ਨੇ ਦੋਸ਼ ਲਾਇਆ ਕਿ ਸਾਨੂੰ ਫ਼ਰਜ਼ੀ ਪੱਤਰ ਦਿਖਾ ਕੇ ਬਾਕੀ ਰਹਿੰਦੀ ਰਕਮ ਵੀ ਇੱਥੇ ਹੀ ਦੇਣ ਲਈ ਮਜਬੂਰ ਕੀਤਾ ਗਿਆ। ਉਪ ਪੁਲੀਸ ਕਪਤਾਨ (ਸਥਾਨਕ) ਹਰਦੀਪ ਸਿੰਘ ਵੱਲੋਂ ਜਾਂਚ ਦੌਰਾਨ ਦੋਸ਼ਾਂ ਦੀ ਪੁਸ਼ਟੀ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਦੇ ਹੁਕਮਾਂ ‘ਤੇ ਕੇਸ ਦਰਜ ਕੀਤਾ ਗਿਆ ਹੈ। ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੰਚਾਇਤੀ ਰਾਜ਼ੀਨਾਮੇ ਅਨੁਸਾਰ ਰਾਮ ਸ਼ਰਨ ਕੌਰੀ ਅਤੇ ਉਸ ਦੇ ਭਰਾ ਅਸ਼ੋਕ ਕੁਮਾਰ ਨੇ ਕੁਝ ਚੈੱਕ ਦਿੱਤੇ ਜਿਨ੍ਹਾਂ ਵਿੱਚੋਂ ਕੇਵਲ ਸਾਢੇ ਸੱਤ ਲੱਖ ਰੁਪਏ ਹੀ ਪ੍ਰਾਪਤ ਹੋਏ ਅਤੇ ਬੈਂਕ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਬਾਕੀ ਰਕਮ ਵਸੂਲ ਨਹੀਂ ਹੋ ਸਕੀ।