ਟਰੇਡਿੰਗ ਐਪ ਰਾਹੀਂ ਪੰਜ ਕਰੋੜ ਤੋਂ ਵੱਧ ਦੀ ਠੱਗੀ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 23 ਅਕਤੂਬਰ
ਪੁਲੀਸ ਨੇ ਪੁੱਡਾ ਕਲੋਨੀ ਮਲੋਟ ਦੇ ਰਹਿਣ ਵਾਲੇ ਸੌਰਵ ਅੱਗਰਵਾਲ ਨਾਲ ਟਰੇਡਿੰਗ ਐਪ ਰਾਹੀਂ ਮਾਰੀ ਗਈ ਪੰਜ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ।
ਸੌਰਵ ਨੇ ਟਰੇਡਿੰਗ ਐਪ ’ਤੇ 5.44 ਕਰੋੜ ਰੁਪਏ ਜਮ੍ਹਾਂ ਕਰਵਾਏ ਸਨ ਪਰ ਹੁਣ ਜਦੋਂ ਉਸ ਨੇ ਪੈਸੇ ਕਢਾਉਣ ਦੀ ਕੋਸ਼ਿਸ਼ ਕੀਤੀ ਤਾਂ ਪੈਸੇ ਤਾਂ ਵਾਪਸ ਕੀ ਮਿਲਣੇ, ਉਲਟਾ ਐਪ ਸੰਚਾਲਕਾਂ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਉਸ ਨੇ ਇਹ ਮਾਮਲਾ ਜ਼ਿਲ੍ਹਾ ਪੁਲੀਸ ਮੁਖੀ ਦੇ ਧਿਆਨ ਵਿੱਚ ਲਿਆਂਦਾ, ਜਿੱਥੇ ਪੁਲੀਸ ਨੇ ਥਾਣਾ ਸਾਈਬਰ ਕਰਾਈਮ ਵਿੱਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਗਰਵਾਲ ਨੇ ਦੱਸਿਆ ਕਿ ਨਾਮੀ ਕੰਪਨੀ ਦਾ ਨਾਮ ਲੈਂਦਿਆਂ ਇੱਕ ਵਿਅਕਤੀ ਨੇ ਵ੍ਹਟਸਐਪ ਰਾਹੀਂ ਉਸ ਨੂੰ ‘ਮੋਟੋ ਪ੍ਰੋ ਐਪ’ ਰਾਹੀਂ ਟਰੇਡਿੰਗ ਕਰਨ ਦੀ ਸਲਾਹ ਦਿੱਤੀ। ਇਸ ਮਗਰੋਂ ਉਸ ਨੂੰ ਉਸ ਐਪ ਰਾਹੀਂ ਕੁੱਝ ਮੁਨਾਫਾ ਵੀ ਹੋਇਆ। ਫਿਰ ਉਸ ਨੇ ਐਪ ਰਾਹੀਂ ਕਰੀਬ ਦਰਜਨ ਕੰਪਨੀਆਂ ਵਿੱਚ ਕੁੱਲ 5.44 ਕਰੋੜ ਰੁਪਏ ਜਮ੍ਹਾਂ ਕਰਵਾ ਦਿੱਤੇ।
ਹੁਣ ਉਹ ਸਾਰੀ ਰਕਮ ਕਢਵਾਉਣਾ ਚਾਹੁੰਦਾ ਸੀ ਪਰ ਅਜਿਹਾ ਕਰਨ ਵਿੱਚ ਸਮੱਸਿਆ ਆਈ। ਕੰਪਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਦੇ ਅਧਿਕਾਰੀਆਂ ਨੇ ਟੈਕਸ ਦੇ ਨਾਂ ’ਤੇ 50 ਲੱਖ ਰੁਪਏ ਅਤੇ ਬਿਨਾਂ ਪੁੱਛੇ ਪੈਸੇ ਕਢਵਾਉਣ ਬਦਲੇ 1 ਕਰੋੜ 30 ਲੱਖ ਰੁਪਏ ਜੁਰਮਾਨਾ ਜਮ੍ਹਾਂ ਕਰਾਉਣ ਲਈ ਕਿਹਾ। ਅਗਰਵਾਲ ਨੇ ਦੱਸਿਆ ਕਿ ਹੁਣ ਐਪ ਵਾਲੇ ਉਸ ਨੂੰ ਵ੍ਹਟਸਐਪ ਰਾਹੀਂ ਫੋਨ ਕਰਕੇ ਧਮਕੀਆਂ ਵੀ ਦੇ ਰਹੇ ਹਨ। ਪੁਲੀਸ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।