ਸੋਸ਼ਲ ਨੈੱਟਵਰਕਿੰਗ ਸਾਈਟ ਜ਼ਰੀਏ ਵੱਜੀ ਲੱਖਾਂ ਦੀ ਠੱਗੀ
ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 29 ਸਤੰਬਰ
ਸ਼ਹਿਰ ਦੀ ਪੂਜਾ ਮਹਿਤਾ ਨਾਲ ਸੋਸ਼ਲ ਨੈੱਟਵਰਕਿੰਗ ਸਾਈਟ ਰਾਹੀਂ ਲੱਖਾਂ ਰੁਪਏ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਉਸ ਨੂੰ ਇੱਕ ਸੋਸ਼ਲ ਨੈੱਟਵਰਕਿੰਗ ਸਾਈਟ ’ਤੇ ਘਰ ਬੈਠੇ ਪੈਸੇ ਕਮਾਉਣ ਦਾ ਝਾਂਸਾ ਦਿੱਤਾ ਗਿਆ ਸੀ ਤੇ ਉਹ ਇਸ ਸਾਈਟ ਦੇ ਚੁੰਗਲ ਵਿੱਚ ਉਦੋਂ ਪੂਰੀ ਤਰ੍ਹਾਂ ਫਸ ਗਈ ਜਦ ਉਸਨੇ ਯੂ-ਟਿਊਬ ’ਤੇ ਇੱਕ ਚੈਨਲ ਦਾ ਇਸ਼ਤਿਹਾਰ ਦੇਖਕੇ ਪਲੇਅ ਸਟੋਰ ਤੋਂ ਇਹ ਸੋਸ਼ਲ ਨੈੱਟਵਰਕਿੰਗ ਸਾਈਟ ਡਾਊਨਲੋਡ ਕਰ ਲਈ। ਪੀੜਤਾ ਪੂਜਾ ਮੁਤਾਬਕ ਉਸਨੇ ਸਾਈਟ ’ਤੇ ਪੈਸੇ ਜਮ੍ਹਾਂ ਕਰਵਾਉਣੇ ਸ਼ੁਰੂ ਕਰ ਦਿੱਤੇ। ਉਸਨੇ ਪਹਿਲਾਂ 70 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਤੇ ਲੰਘੀ 21 ਮਾਰਚ ਨੂੰ ਉਸਨੂੰ ਨੈੱਟਵਰਕਿੰਗ ਸਾਈਟ ਨੇ 700 ਰੁਪਏ ਦਿੱਤਾ ਜੋ ਉਸਦੀ ਜਮ੍ਹਾਂ ਰਾਸ਼ੀ ਵਿੱਚ ਜੋੜ ਦਿੱਤਾ ਗਿਆ। ਪੂਜਾ ਨੇ ਇਸ ਵਾਰ ਵੱਡਾ ਦਾਅ ਖੇਡਦਿਆਂ 5,75,825 ਰੁਪਏ ਜਮ੍ਹਾਂ ਕਰਵਾ ਦਿੱਤੇ। ਇਸ ਵਾਰ ਉਸਨੂੰ ਸਾਈਟ ਨੇ ਕੁੱਝ ਨਹੀਂ ਮੋੜਿਆ। ਕਾਫੀ ਸਮੇਂ ਤੱਕ ਕੁੱਝ ਜਮ੍ਹਾਂ ਨਾ ਹੋਣ ਮਗਰੋਂ ਇਹ ਸਾਈਟ ਬੰਦ ਹੋ ਗਈ। ਉਸਨੇ ਪਲੇਅ ਸਟੋਰ ਤੋਂ ਦੁਬਾਰਾ ਡਾਊਨਲੋਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਵਾਰ ਪਲੇਅ ਸਟੋਰ ਨੇ ਜਾਣਕਾਰੀ ਦਿੱਤੀ ਕਿ ਇਸ ਨੈੱਟਵਰਕਿੰਗ ਸਾਈਟ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਹੁਣ ਉਹ ਨੈੱਟਵਰਕਿੰਗ ਸਾਈਟ ਦੀ ਕੰਪਨੀ ਦਾ ਕੋਈ ਅਤਾ-ਪਤਾ ਨਹੀਂ ਲੱਗ ਰਿਹਾ।
ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ
ਪੂਜਾ ਦੀ ਸ਼ਿਕਾਇਤ ’ਤੇ ਸਾਈਬਰ ਕ੍ਰਾਈਮ ਫ਼ਰੀਦਕੋਟ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਇੰਸਪੈਕਟਰ ਅਮਰਿੰਦਰ ਸਿੰਘ ਮੁਤਾਬਕ ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਪੁਲੀਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੰਟਰਨੈੱਟ ਦੀ ਵਰਤੋਂ ਬਹੁਤ ਹੀ ਸਾਵਧਾਨੀ ਨਾਲ ਕਰਨ।