ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਜੁਲਾਈ
ਵੱਖ ਵੱਖ ਥਾਣਿਆਂ ਦੀ ਪੁਲੀਸ ਵੱਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਚਾਰ ਜਣਿਆਂ ਖ਼ਿਲਾਫ਼ ਦੋ ਕੇਸ ਦਰਜ ਕੀਤੇ ਹਨ। ਥਾਣਾ ਡਵੀਜ਼ਨ ਨੰਬਰ 2 ਦੀ ਪੁਲੀਸ ਨੂੰ ਲਕਸ਼ਮੀ ਦੇਵੀ ਪੁੱਤਰੀ ਕੁਲਵਿੰਦਰ ਰਾਮ ਵਾਸੀ ਪਿੰਡ ਡਾਕਖਾਨਾ ਮਾਣਕਰਾਏ ਜ਼ਿਲ੍ਹਾ ਜਲੰਧਰ ਨੇ ਦੱਸਿਆ ਹੈ ਕਿ ਮੇਹਰ ਅਬਰੋਡ ਪਲਾਨਰ ਚੀਮਾ ਚੌਕ ਦੇ ਪੰਕਜ ਖੋਖਰ, ਕੇਨਾਲ ਗਿੱਲ ਅਤੇ ਹਰੀਸ਼ ਗਿੱਲ ਨੇ ਉਸ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਪਾਸੋਂ 50 ਹਜ਼ਾਰ ਰੁਪਏ ਹਾਸਲ ਕੀਤੇ ਸਨ। ਉਨ੍ਹਾਂ ਨੇ ਨਾ ਤਾਂ ਉਸ ਨੂੰ ਕੈਨੇਡਾ ਦਾ ਵੀਜ਼ਾ ਲਗਵਾ ਕੇ ਦਿੱਤਾ ਅਤੇ ਨਾ ਹੀ ਉਸਦੇ ਪੈਸੇ ਵਾਪਿਸ ਕੀਤੇ। ਥਾਣੇਦਾਰ ਬਲੋਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਜਮਾਲਪੁਰ ਦੀ ਪੁਲੀਸ ਨੂੰ ਬਲਵਿੰਦਰ ਸਿੰਘ ਪੁੱਤਰ ਰਾਮ ਕਿਸ਼ਨ ਵਾਸੀ ਜੀਕੇ ਇਸਟੇਟ ਮੁੰਡੀਆ ਕਲਾਂ ਨੇ ਦੱਸਿਆ ਹੈ ਕਿ ਗੁਰਪ੍ਰੀਤ ਸਿੰਘ ਮਾਲਕ ਚੀਫ ਇੰਮੀਗ੍ਰੇਸ਼ਨ ਕੰਸਲਟੈਂਸੀ, ਦੂਜੀ ਮੰਜ਼ਿਲ ਸੈਕਟਰ 37-ਸੀ ਚੰਡੀਗੜ੍ਹ ਨੇ ਉਸ ਦੇ ਜਾਣਕਾਰ ਰਘਬੀਰ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਪਾਸੋਂ 8 ਲੱਖ ਰੁਪਏ ਹਾਸਲ ਕਰ ਲਏ ਅਤੇ ਵਿਦੇਸ਼ ਨਹੀਂ ਭੇਜਿਆ। ਥਾਣੇਦਾਰ ਮਨਪ੍ਰੀਤ ਕੌਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।