ਔਰਤ ਦਾ ਫੋਨ ਹੈਕ ਕਰਕੇ ਮਾਰੀ ਲੱਖਾਂ ਰੁਪਏ ਦੀ ਠੱਗੀ
ਪੱਤਰ ਪ੍ਰੇਰਕ
ਜਲੰਧਰ, 3 ਜੁਲਾਈ
ਸਾਈਬਰ ਠੱਗਾਂ ਨੇ ਹੁਣ ਠੱਗੀ ਮਾਰਨ ਦਾ ਨਵਾਂ ਢੰਗ ਲੱਭ ਲਿਆ ਹੈ। ਇਸ ਤਹਿਤ ਠੱਗਾਂ ਨੇ ਜਲੰਧਰ ਦੇ ਉਦਯੋਗਪਤੀ ਦੀ ਪਤਨੀ ਦੇ ਨਾਮ ’ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰ ਲਈ। ਪੀੜਤ ਉਦਯੋਗਪਤੀ ਚੇਤਨ ਧੀਰ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ 401 ਨੰਬਰ ਤੋਂ ਫੋਨ ਆਇਆ ਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਏਹੀ ਨੰਬਰ ਡਾਇਲ ਕਰਨ ਜਿਸ ਨਾਲ ਉਨ੍ਹਾਂ ਦਾ ਇੰਟਰਨੈੱਟ ਹੋਰ ਤੇਜ਼ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਸ ਦੀ ਪਤਨੀ ਨੇ ਨੰਬਰ ਡਾਇਲ ਕੀਤਾ ਤਾਂ ਉਸ ਦੀ ਮੇਲ, ਵੱਟਸਐਪ ਅਤੇ ਫੋਨ ਹੈਕ ਹੋ ਗਿਆ। ਇਸੇ ਦੌਰਾਨ ਠੱਗ ਵਲੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਵੱਖ ਵੱਖ ਖਾਤਿਆਂ ਵਿਚ ਪੈਸੇ ਟਰਾਂਸਫਰ ਕਰਨ ਨੂੰ ਕਿਹਾ।
ਇਹ ਸਭ ਉਸ ਵੇਲੇ ਪਤਾ ਲੱਗਿਆ ਜਦੋਂ ਚੇਤਨ ਧੀਰ ਤੋਂ ਵੀ ਉਸ ਦੀ ਪਤਨੀ ਦੇ ਫੋਨ ਤੋਂ ਠੱਗ ਵਲੋਂ ਪੈਸਿਆਂ ਦੀ ਮੰਗ ਕੀਤੀ ਗਈ। ਚੇਤਨ ਧੀਰ ਨੇ ਦੱਸਿਆ ਕਿ ਹੁਣ ਤੱਕ ਡੇਢ ਲੱਖ ਰੁਪਏ ਤੋਂ ਵੱਧ ਠੱਗੀ ਹੋਣ ਦਾ ਪਤਾ ਲੱਗਾ ਹੈ ਜੋ ਹੋਰ ਵੀ ਜ਼ਿਆਦਾ ਹੋ ਸਕਦੀ ਹੈ। ਇਸ ਸਬੰਧ ਵਿਚ ਚੇਤਨ ਧੀਰ ਨੇ ਸਾਈਬਰ ਕ੍ਰਾਇਮ ਬ੍ਰਾਂਚ ਅਤੇ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ।