ਵਿਦੇਸ਼ ਭੇਜਣ ਦੇ ਨਾਂ ਹੇਠ ਲੱਖਾਂ ਦੀ ਠੱਗੀ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 25 ਸਤੰਬਰ
ਕੈਨੇਡਾ ਜਾ ਕੇ ਵਸਣ ਦਾ ਸੁਫ਼ਨਾ ਵੇਖਣ ਵਾਲੇ ਇੱਕ ਨੌਜਵਾਨ ਦੀ ਸ਼ਿਕਾਇਤ ’ਤੇ ਅੱਜ ਥਾਣਾ ਹਠੂਰ ਦੀ ਪੁਲੀਸ ਨੇ ਪੜਤਾਲ ਕਰਨ ਮਗਰੋਂ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਨੌਜਵਾਨ ਗੁਰਪ੍ਰੀਤ ਸਿੰਘ ਵਾਸੀ ਪਿੰਡ ਝੋਰੜਾਂ ਨੇ ਦੱਸਿਆ ਕਿ ਉਹ ਕੈਨੇਡਾ ਜਾਣਾ ਚਾਹੁੰਦਾ ਸੀ, ਜਿਸ ਸਬੰਧ ਵਿੱਚ ਉਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਕਲਾਨੌਰ ਨਾਲ ਸਬੰਧਤ ਏਜੰਟ ਰਾਜ ਕੁਮਾਰ ਜੋਸ਼ੀ ਵਾਸੀ ਕੱਟੜਾ ਮੁਹੱਲਾ, ਰਾਕੇਸ਼ ਕੁਮਾਰ ਬੇਲੀ ਵਾਸੀ ਰਾਮ ਮੰਦਰ ਅਤੇ ਰਮਨ ਕੁਮਾਰ ਨਾਲ ਸਪੰਰਕ ਕੀਤਾ। ਇਨ੍ਹਾਂ ਏਜੰਟਾਂ ਨੇ ਗੁਰਪ੍ਰੀਤ ਤੋਂ ਵੱਖ-ਵੱਖ ਤਰੀਕਿਆਂ ਰਾਂਹੀ 22 ਲੱਖ ਰੁਪਏ ਲਏ ਤੇ ਉਸ ਨੂੰ ਦੁਬਈ ਭੇਜ ਦਿੱਤਾ। ਏਜੰਟਾਂ ਨੇ ਗੁਰਪ੍ਰੀਤ ਨਾਲ ਵਾਅਦਾ ਕੀਤਾ ਸੀ ਕਿ ਉਹ ਦੁਬਈ ਤੋਂ ਲਾਇਸੈਂਸ ਬਣਾ ਕੇ ਅੱਗੇ ਕੈਨੇਡਾ ਭੇਜ ਦੇਣਗੇ ਪਰ ਕਰੀਬ ਡੇਢ ਸਾਲ ਬੀਤਣ ’ਤੇ ਵੀ ਨਾ ਗੁਰਪ੍ਰੀਤ ਨੂੰ ਦੁਬਈ ਭੇਜਿਆ ਗਿਆ ਤੇ ਨਾ ਹੀ ਲਾਇਸੈਂਸ ਬਣਵਾ ਕੇ ਦਿੱਤਾ ਗਿਆ। ਇਸ ਤੋਂ ਉਲਟ ਗੁਰਪ੍ਰੀਤ ਦੇ ਮਾਪੀਆਂ ਤੋਂ 12000 ਦਰਾਮ ਹੋਰ ਮੰਗਵਾ ਲਏ। ਜਦੋਂ ਕੁਝ ਨਾ ਬਣਦਾ ਦਿਖਿਆ ਤਾਂ ਗੁਰਪ੍ਰੀਤ ਘਰੋਂ ਟਿਕਟ ਦੇ ਪੈਸੇ ਮੰਗਾਂ ਕੇ ਪੰਜਾਬ ਪਰਤਿਆ। ਪੁਲੀਸ ਨੇ ਗੁਰਪ੍ਰੀਤ ਵੱਲੋਂ ਦਿੱਤੇ ਵੇਰਵਿਆਂ ਦੀ ਪੜਤਾਲ ਕਰ ਕੇ ਉਕਤ ਤਿੰਨੇ ਏਜੰਟਾਂ, ਜੋ ਆਪਸ ਵਿੱਚ ਰਿਸ਼ਤੇਦਾਰ ਹਨ, ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਆਸਟ੍ਰੇਲੀਆ ਭੇਜਣ ਦੇ ਨਾਂ ’ਤੇ 22 ਲੱਖ ਠੱਗੇ
ਥਾਣਾ ਸਦਰ ਦੀ ਪੁਲੀਸ ਨੇ ਅਸਟਰੇਲੀਆ ਭੇਜਣ ਦੀ ਗੱਲ ਆਖ ਕੇ ਠੱਗੀ ਮਾਰਨ ਵਾਲੀ ਇੱਕ ਔਰਤ ਤੇ ਆਦਮੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਏਐੱਸਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਬਹਾਦਰ ਸਿੰਘ ਵਾਸੀ ਪਿੰਡ ਭਨੋਹੜ (ਦਾਖਾ) ਨੇ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਪਿੰਡ ਹਾਂਸ ਕਲਾਂ ਦੀ ਰਹਿਣ ਵਾਲੀ ਦਲਜੀਤ ਕੌਰ ਤੇ ਉਸ ਦੇ ਭਰਾ ਤਰਵਿੰਦਰ ਸਿੰਘ ਨੇ ਉਸ ਦੀ ਪਤਨੀ ਨੂੰ ਅਸਟਰੇਲੀਆ ਭੇਜਣ ਲਈ 20 ਲੱਖ ਵਸੂਲੇ ਸਨ, ਪਰ ਨਾ ਉਸ ਨੂੰ ਆਸਟਰੇਲੀਆ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ।