ਡਾਕਖਾਨੇ ਦੇ ਖਾਤਾਧਾਰਕਾਂ ਨਾਲ ਕਰੋੜਾਂ ਦੀ ਧੋਖਾਧੜੀ
ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 25 ਫਰਵਰੀ
ਸਰਹਿੰਦ ਮੰਡੀ ਦੇ ਡਾਕਖਾਨੇ ਦੇ ਏਜੰਟਾਂ ’ਤੇ ਲੋਕਾਂ ਪੈਸੇ ਹੜੱਪਣ ਦੇ ਦੋਸ਼ ਲੱਗੇ ਹਨ| ਬਜ਼ੁਰਗਾਂ ਅਤੇ ਔਰਤਾਂ ਨੇ ਸਰਹਿੰਦ ਮੰਡੀ ਦੇ ਡਾਕਖਾਨੇ ਦੇ ਬਾਹਰ ਨਾਅਰੇਬਾਜ਼ੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਉਮਰ ਭਰ ਦੀ ਜਮਾਂ ਪੂੰਜੀ ਧੋਖੇ ਨਾਲ ਡਾਕਖਾਨੇ ਦੇ ਏਜੰਟਾਂ ਨੇ ਹੜੱਪ ਲਈ ਹੈ|
ਡਾਕਖਾਨੇ ਅੱਗੇ ਰੋਸ ਪ੍ਰਗਟ ਕਰ ਰਹੇ ਜਤਿੰਦਰ ਸਿੰਘ, ਸੁਖਵੰਤ ਸਿੰਘ, ਅਵਤਾਰ ਸਿੰਘ ਅਤੇ ਸੁਸ਼ੀਲ ਕੁਮਾਰ ਆਦਿ ਨੇ ਦੱਸਿਆ ਕਿ ਸਰਹਿੰਦ ਡਾਕਖਾਨੇ ਦੇ ਦੋ ਅਧਿਕਾਰਤ ਏਜੰਟ ਲੋਕਾਂ ਦੇ ਖਾਤੇ ਖੁੱਲ੍ਹਵਾਉਣ, ਐੱਫਡੀ, ਆਰਡੀ ਅਤੇ ਪੈਸਿਆਂ ਦੇ ਲੈਣ-ਦੇਣ ਦਾ ਕੰਮ ਕਰਦੇ ਹਨ| ਪੀੜਤਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਰੀ ਕਮਾਈ ਏਜੰਟਾਂ ਦੇ ਕਹਿਣ ’ਤੇ ਡਾਕਖਾਨੇ ’ਚ ਲਗਾ ਦਿੱਤੀ ਪਰ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਏਜੰਟ ਉਨ੍ਹਾਂ ਸਣੇ ਕਈ ਲੋਕਾਂ ਦੇ ਕਰੋੜਾਂ ਰੁਪਏ ਹੜੱਪ ਗਏ ਹਨ| ਪੀੜਤਾਂ ਨਾਲ ਮੌਜੂਦ ਬਲਜੀਤ ਸਿੰਘ ਭੁੱਟਾ ਨੇ ਦੱਸਿਆ ਕਿ ਏਜੰਟਾਂ ਵੱਲੋਂ ਸੁਖਵੰਤ ਸਿੰਘ ਦੇ 55 ਲੱਖ, ਜਤਿੰਦਰ ਸਿੰਘ ਦੇ 12 ਲੱਖ, ਅਵਤਾਰ ਸਿੰਘ ਦੇ 16 ਲੱਖ, ਅਮਨ ਦੇ 5 ਲੱਖ, ਗੁਰਪ੍ਰੀਤ ਦੇ 36 ਲੱਖ, ਸੁਸ਼ੀਲ ਕੁਮਾਰ ਦੇ 20 ਲੱਖ, ਜਗਦੀਸ਼ ਕੌਰ ਦੇ 6 ਲੱਖ, ਜਸਵੀਰ ਸਿੰਘ ਦੇ 13 ਲੱਖ ਰੁਪਏ ਠੱਗਣ ਦੀ ਜਾਣਕਾਰੀ ਹੈ, ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਲੋਕ ਇਨ੍ਹਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ| ਪੀੜਤਾਂ ਦੀਆਂ ਡਾਕਖਾਨੇ ਦੇ ਖਾਤਿਆਂ ਦੀਆਂ ਪਾਸਬੁੱਕਾਂ ਦਿਖਾਉਂਦੇ ਹੋਏ ਸ੍ਰੀ ਭੁੱਟਾ ਨੇ ਕਿਹਾ ਕਿ ਇਨ੍ਹਾਂ ’ਤੇ ਬਕਾਇਦਾ ਮੋਹਰਾਂ ਵੀ ਲੱਗੀਆਂ ਹੋਈਆਂ ਹਨ।
ਇਸ ਸਬੰਧੀ ਜਦੋਂ ਕਿਰਨ ਬਾਲਾ ਤੇ ਉਸ ਦੇ ਲੜਕੇ ਮਨਦੀਪ ਰਾਣਾ ਨੇ ਕਿਹਾ ਕਿ ਉਨ੍ਹਾਂ ਨੇ ਡਾਕਖਾਨੇ ਦੇ ਖਾਤਿਆਂ ਦੇ ਕੰਮ ਲਈ ਨੌਕਰ ਰੱਖਿਆ ਹੋਇਆ ਸੀ। ਉਸ ਵੱਲੋਂ ਹੇਰਾਫੇਰੀ ਬਾਰੇ ਪਤਾ ਲੱਗਣ ’ਤੇ ਉਨ੍ਹਾਂ ਨੇ ਉਸ ਮੁਲਾਜ਼ਮ ਖ਼ਿਲਾਫ਼ ਕਾਰਵਾਈ ਲਈ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ।
ਮਾਮਲੇ ਦੀ ਜਾਂਚ ਜਾਰੀ: ਅਧਿਕਾਰੀ
ਡਾਕਖਾਨੇ ਦੇ ਅਧਿਕਾਰੀ ਪ੍ਰੀਆ ਨੇ ਕਿਹਾ ਕਿ ਵਿਭਾਗ ਦੇ ਸੀਨੀਅਰ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਵਿਭਾਗ ਵੱਲੋਂ ਏਜੰਟ ਕਿਰਨ ਬਾਲਾ ਦੀ ਏਜੰਸੀ ਰੱਦ ਵੀ ਕੀਤੀ ਜਾ ਚੁੱਕੀ ਹੈ ਜਦੋਂਕਿ ਮਨਦੀਪ ਰਾਣਾ ਦੀ ਏਜੰਸੀ ਰੱਦ ਕਰਨ ਸਬੰਧੀ ਕਾਰਵਾਈ ਚੱਲ ਰਹੀ ਹੈ।