ਨੌਕਰੀ ਦਾ ਝਾਂਸਾ ਦੇ ਕੇ 3 ਲੱਖ ਰੁਪਏ ਦੀ ਠੱਗੀ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 23 ਜੁਲਾਈ
ਇੱਥੋਂ ਦੀ ਪੁਲੀਸ ਵੱਲੋਂ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 3 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪਤੀ-ਪਤਨੀ ਸਮੇਤ 6 ਵਿਅਕਤੀਆਂ ਖਿਲਾਫ਼ ਠੱਗੀ ਮਾਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ।
ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਬਲਿਆਲ ਦੇ ਅਵਤਾਰ ਸਿੰਘ ਨੇ ਦੱਸਿਆ ਕਿ ਸੋਮਾ ਸਿੰਘ ਵਾਸੀ ਪਿੰਡ ਮਾਝਾ ਨੇ ਉਸ ਨੂੰ ਫੋਨ ’ਤੇ ਕਿਹਾ ਕਿ ਉਸ ਦੀ ਭੈਣ ਬਿੰਦਰ ਕੌਰ ਉਰਫ ਰਾਣੋ ਉਸ ਨੂੰ ਨੌਕਰੀ ’ਤੇ ਰਖਵਾ ਸਕਦੀ ਹੈ। ਨੌਕਰੀ ਦੀ ਤਲਾਸ਼ ਕਾਰਨ ਉਹ ਆਪਣੇ ਪਿਤਾ ਨੂੰ ਨਾਲ ਲੈ ਕੇ ਬਿੰਦਰ ਕੌਰ ਵਾਸੀ ਭਵਾਨੀਗੜ੍ਹ ਨੂੰ ਮਿਲਣ ਲਈ ਉਸ ਦੇ ਘਰ ਗਿਆ। ਉੱਥੇ ਬਿੰਦਰ ਕੌਰ ਦਾ ਪਤੀ ਜਰਨੈਲ ਸਿੰਘ, ਸੋਮਾ ਸਿੰਘ, ਮਲਕੀਤ ਸਿੰਘ ਵੀ ਮੌਜੂਦ ਸਨ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਦੌਰਾਨ ਬਿੰਦਰ ਕੌਰ ਨੇ ਉਸ ਨੂੰ ਵਿਸ਼ਵਾਸ ਦਵਾਇਆ ਕਿ ਅੱਜ ਕੱਲ੍ਹ ਪੀਜੀਆਈ ਘਾਬਦਾਂ ਵਿੱਚ ਨਵੇਂ ਮੁੰਡਿਆਂ ਦੀ ਭਰਤੀ ਹੋ ਰਹੀ ਹੈ ਤੇ ਇਸ ਸਬੰਧੀ ਉਕਤ ਔਰਤ ਨੇ ਉਨ੍ਹਾਂ ਕੋਲੋਂ 3 ਲੱਖ ਰੁਪਏ ਦੀ ਮੰਗ ਕਰਦਿਆਂ ਕਿਹਾ ਕਿ ਉਹ ਘਾਬਦਾਂ ਪੀਜੀਆਈ ’ਚ ਉਸ ਨੂੰ ਨੌਕਰੀ ਦਵਾ ਦੇਵੇਗੀ ਜਿਸ ਦੀਆਂ ਗੱਲਾਂ ’ਚ ਆ ਕੇ ਦਰਖਾਸਤੀ ਨੇ ਉਸ ਨੂੰ 3 ਲੱਖ ਰੁਪਏ ਦੇ ਦਿੱਤੇ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਪੈਸੇ ਲੈਣ ਦੇ ਬਾਵਜੂਦ ਨਾ ਤਾਂ ਉਸ ਨੂੰ ਨੌਕਰੀ ’ਤੇ ਰਖਵਾਇਆ ਗਿਆ ਤੇ ਨਾ ਹੀ ਹੁਣ ਉਸ ਦੇ ਪੈਸੇ ਵਾਪਸ ਕੀਤੇ ਜਾ ਰਹੇ ਹਨ।
ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਉਕਤ ਬਿੰਦਰ ਕੌਰ ਉਰਫ ਰਾਣੋ ਤੇ ਉਸ ਦੇ ਪਤੀ ਜਰਨੈਲ ਸਿੰਘ ਵਾਸੀ ਭਵਾਨੀਗੜ੍ਹ, ਮਲਕੀਤ ਸਿੰਘ, ਸੋਮਾ ਸਿੰਘ ਦੋਵੇਂ ਵਾਸੀ ਪਿੰਡ ਮਾਝਾ, ਹਰਵਿੰਦਰ ਸਿੰਘ ਵਾਸੀ ਖੇੜੀ ਚੰਦਵਾਂ ਸਮੇਤ ਅਣਪਛਾਤੇ ਵਿਅਕਤੀ ਖਿਲਾਫ਼ ਥਾਣਾ ਭਵਾਨੀਗੜ੍ਹ ਵਿੱਚ ਧੋਖਾਦੇਹੀ ਦਾ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀ ਅਜੇ ਪੁਲੀਸ ਗ੍ਰਿਫ਼ਤ ਤੋਂ ਬਾਹਰ ਹਨ।
ਵਿਦੇਸ਼ ਭੇਜਣ ਦੇ ਨਾਮ ’ਤੇ 32 ਲੱਖ ਦੀ ਠੱਗੀ
ਦੇਵੀਗੜ੍ਹ (ਪੱਤਰ ਪ੍ਰੇਰਕ): ਜੁਲਕਾਂ ਦੀ ਪੁਲੀਸ ਕੋਲ ਸਾਹਿਬ ਸਿੰਘ ਵਾਸੀ ਪਿੰਡ ਗੁਲਾਹੜ ਥਾਣਾ ਪਾਤੜਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਸੁਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਮਕਬੂਲਪੁਰ ਭੈਣੀ ਨੇ ਉਸ ਦੇ ਲੜਕੇ ਅਰਸ਼ਦੀਪ ਸਿੰਘ ਅਤੇ ਨੂੰਹ ਕੋਮਲ ਕੌਰ ਨੂੰ ਯੂ.ਐੱਸ.ਏ. ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 31 ਲੱਖ 80 ਹਜ਼ਾਰ 600 ਰੁਪਏ ਲੈ ਲਏ ਸਨ ਪਰ ਬਾਅਦ ਵਿੱਚ ਉਸ ਨੇ ਉਸ ਨੂੰ ਨਾ ਯੂ.ਐੱਸ.ਏ. ਭੇਜਿਆ ਅਤੇ ਨਾ ਹੀ ਪੈਸੇ ਵਾਪਿਸ ਕੀਤੇ। ਜੁਲਕਾਂ ਦੀ ਪੁਲੀਸ ਨੇ ਸੁਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਖ਼ਿਲਾਫ਼ ਧਾਰਾ 406, 420 ਆਈ.ਪੀ.ਸੀ. ਤਹਿਤ ਮੁਕੱਦਮਾ ਨੰਬਰ 76 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।