ਦੋ ਐਫਡੀਆਂ ਤੁੜਵਾ ਕੇ 10 ਲੱਖ ਰੁਪਏ ਦੀ ਠੱਗੀ
ਪੱਤਰ ਪ੍ਰੇਰਕ
ਜਲੰਧਰ, 6 ਜੂਨ
ਠੱਗਾਂ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੀ ਜੰਡੂਸਿੰਘਾ ਸ਼ਾਖਾ ‘ਚੋਂ 5-5 ਲੱਖ ਰੁਪਏ ਦੀਆਂ ਦੋ ਐਫਡੀਆਂ ਤੁੜਵਾ ਕੇ ਆਨਲਾਈਨ ਹੀ ਪੈਸੇ ਕਢਵਾ ਲਏ ਗਏ। ਇਸ ਠੱਗੀ ਮਗਰੋਂ ਲੋਕ ਬੈਂਕ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਇਸ ਸਬੰਧੀ ਪਿੰਡ ਨਰੰਗਪੁਰ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਕੁਲਵੰਤ ਸਿੰਘ ਪੁੱਤਰ ਦੀਦਾਰ ਸਿੰਘ ਨੇ ਦੱਸਿਆ ਕਿ ਉਸ ਨੇੇ ਆਪਣੇ ਪੁੱਤਰ ਉਪਕਰਨ ਸਿੰਘ ਦਿਓਲ ਅਤੇ ਕੁਲਵੰਤ ਸਿੰਘ ਦੇ ਨਾਂਅ ‘ਤੇ ਜਾਇੰਟ ਖਾਤਾ ਸਟੇਟ ਬੈਂਕ ‘ਚ ਚੱਲ ਰਿਹਾ ਹੈ। ਇਸ ਬੈਂਕ ‘ਚ ਉਸ ਦੇ ਪੁੱਤਰ ਉਪਕਰਨ ਸਿੰਘ ਦੇ ਨਾਂ ‘ਤੇ ਉਸ ਨੇ ਦੋ ਐਫ.ਡੀ. ਮਿਤੀ 19-11-2022 ਨੂੰ ਪੰਜ-ਪੰਜ ਲੱਖ ਰੁਪਏ ਦੀਆਂ ਕਰਵਾਈਆਂ ਸਨ। 3 ਜੂਨ 2023 ਨੂੰ ਰਾਤ 8.51 ‘ਤੇ ਉਸ ਨੂੰ ਫੋਨ ਆਇਆ ਕਿ ਤਾਂ ਉਸ ਵਿਅਕਤੀ ਨੇ ਕਿਹਾ ਉਹ ਬੈਂਕ ਵੱਲੋਂ ਬੋਲ ਰਿਹਾ ਹੈ। ਫੋਨ ਕਰਨ ਵਾਲੇ ਨੇ ਕਿਹਾ ਕਿ ਤੁਸੀਂ ਕੋਈ ਐਫਡੀ ਤੁੜਵਾ ਕੇ ਪੈਸੇ ਕੱਢਵਾਏ ਹਨ ਤਾਂ ਪੀੜਤ ਨਾਂਹ ਦੇ ਵਿੱਚ ਜਵਾਬ ਦੇ ਦਿੱਤਾ। ਇਸ ਤੋਂ ਕੁਝ ਦੇਰ ਬਾਅਦ ਹੀ ਪੀੜਤ ਦੇ ਫੋਨ ‘ਤੇ ਸੁਨੇਹਾ ਆਇਆ ਕਿ ਐਫਡੀ ਤੋਂ ਪੈਸੇ ਬੱਚਤ ਖਾਤੇ ‘ਚ ਜਮ੍ਹਾਂ ਹੋ ਗਏ ਹਨ ਪਰ ਕੁਝ ਦੇਰ ਬਾਅਦ ਹੀ ਬੱਚਤ ਖਾਤੇ ‘ਚੋਂ ਉਹ ਸਾਰੇ ਪੈਸੇ ਫਿਰ ਨਿਕਲ ਗਏ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਬੈਂਕ ‘ਚ ਵੀ ਕੀਤੀ ਹੈ ਅਤੇ ਸਾਇਬਰ ਕ੍ਰਾਈਮ ਥਾਣੇ ‘ਚ ਵੀ ਕੀਤੀ ਹੈ।
ਇਸ ਬਾਰੇ ਸਟੇਟ ਬੈਂਕ ਦੇ ਮੁਲਾਜ਼ਮ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਬੈਂਕ ਦੇ ਉੱਚ ਅਧਿਕਾਰੀਆਂ ਨਾਲ ਇਸ ਸਬੰਧੀ ਸਾਰੀ ਘਟਨਾ ਬਾਰੇ ਦੱਸ ਦਿੱਤਾ ਹੈ, ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।