ਏਲਨਾਬਾਦ ’ਚ ਮਹਿਲਾ ਡਾਕਟਰ ਨਾਲ 1.90 ਲੱਖ ਰੁਪਏ ਦੀ ਧੋਖਾਧੜੀ
ਜਗਤਾਰ ਸਮਾਲਸਰ
ਏਲਨਾਬਾਦ, 13 ਅਕਤੂਬਰ
ਠੱਗਾਂ ਵੱਲੋਂ ਆਪਣੇ ਖੁਦ ਨੂੰ ਬੀਐੱਸਐੱਫ਼ ਅਧਿਕਾਰੀ ਦੱਸ ਕੇ ਏਲਨਾਬਾਦ ਦੀ ਮਹਿਲਾ ਡਾਕਟਰ ਨਾਲ 1.90 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਸਾਈਬਰ ਕ੍ਰਾਈਮ ਥਾਣਾ ਪੁਲੀਸ ਨੇ ਮਹਿਲਾ ਡਾਕਟਰ ਕੋਮਲ ਬਾਂਸਲ ਪਤਨੀ ਉਮੇਸ਼ ਕੁਮਾਰ ਸ਼ਰਮਾ ਗੋਵਿੰਦ ਵਿਹਾਰ ਕਲੋਨੀ ਏਲਨਾਬਾਦ ਦੀ ਸ਼ਿਕਾਇਤ ’ਤੇ ਦੋ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਡਾਕਟਰ ਕੋਮਲ ਬਾਂਸਲ ਨੇ ਦੱਸਿਆ ਕਿ ਉਹ ਏਲਨਾਬਾਦ ਵਿੱਚ ਡਾਕਟਰ ਕੋਮਲ ਸਕਿਨ ਕੇਅਰ ਦੇ ਨਾਂ ’ਤੇ ਕਲੀਨਿਕ ਚਲਾਉਂਦੀ ਹੈ। 9 ਅਕਤੂਬਰ ਨੂੰ ਉਸ ਦੇ ਮੋਬਾਈਲ ’ਤੇ ਇੱਕ ਫ਼ੋਨ ਆਇਆ ਜਿਸ ਰਾਹੀਂ ਇੱਕ ਵਿਅਕਤੀ ਨੇ ਕਿਹਾ ਕਿ ਉਹ ਬੀਐੱਸਐੱਫ ਹੈੱਡਕੁਆਰਟਰ ਦਾ ਹੈੱਡ ਕਾਂਸਟੇਬਲ ਸਤੀਸ਼ ਬੋਲ ਰਿਹਾ ਹੈ। ਉਨ੍ਹਾਂ ਨੇ ਸਿਰਸਾ ਏਅਰ ਫੋਰਸ ਸਟੇਸ਼ਨ ਤੇ 95 ਮਹਿਲਾ ਕੈਡਿਟ ਦਾ ਮੈਡੀਕਲ ਚੈੱਕਅਪ ਕਰਵਾਉਣਾ ਹੈ। ਇਸ ਲਈ ਤੁਹਾਡੀ ਫ਼ੀਸ ਕਿੰਨੀ ਹੈ। ਮਹਿਲਾ ਡਾਕਟਰ ਨੇ ਦੱਸਿਆ ਕਿ ਉਸ ਨੇ ਆਪਣੀ ਫੀਸ 60 ਹਜ਼ਾਰ ਰੁਪਏ ਦੱਸੀ। ਇਸ ਤੋਂ ਬਾਅਦ ਉਸਨੇ ਸੰਦੀਪ ਰਾਵਤ ਨਾਮ ਦੇ ਬੰਦੇ ਨਾਲ ਗੱਲਬਾਤ ਕਰਵਾਈ।
ਸੰਦੀਪ ਰਾਵਤ ਨੇ ਕਿਹਾ ਕਿ ਉਹ ਫ਼ੋਨ ਪੇਅ ਰਾਹੀਂ ਪੈਸੇ ਭੇਜ ਰਹੇ ਹਨ ਪਰ ਇਸ ਲਈ ਉਨ੍ਹਾਂ ਨੂੰ ਕੁਝ ਗੱਲਾਂ ਦੀ ਪਾਲਣਾ ਕਰਨੀ ਪਵੇਗੀ। ਡਾ: ਕੋਮਲ ਨੇ ਦੱਸਿਆ ਕਿ ਉਸ ਨੇ ਭਰੋਸਾ ਕਰਕੇ ਉਨ੍ਹਾਂ ਦੀਆਂ ਦੱਸੀਆਂ ਗੱਲਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਮੁਲਜ਼ਮਾਂ ਨੇ ਧੋਖਾਧੜੀ ਕਰਦਿਆਂ ਉਸ ਦੇ ਖਾਤੇ ਵਿੱਚੋਂ 1 ਲੱਖ 90 ਹਜ਼ਾਰ ਰੁਪਏ ਦੀ ਨਗਦੀ ਕਢਵਾ ਲਈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।