ਜ਼ਮੀਨ ਦੀ ਖ਼ਰੀਦੋ-ਫ਼ਰੋਖ਼ਤ ’ਚ ਧੋਖਾਧੜੀ; ਪੰਜ ਵਿਅਕਤੀ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 15 ਦਸੰਬਰ
ਸਦਰ ਪੁਲੀਸ ਨੇ ਜ਼ਮੀਨ ਦੀ ਖ਼ਰੀਦੋ ਫ਼ਰੋਖ਼ਤ ਦੌਰਾਨ 17 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਦੋ ਮਹਿਲਾਵਾਂ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿੰਡ ਸੁਰਲ ਕਲਾਂ ਦੇ ਸਰਪੰਚ ਕਸ਼ਮੀਰ ਚੰਦ ਅਤੇ ਪੰਚ ਮਿੱਠੂ ਰਾਮ ਨੇ ਜ਼ਿਲ੍ਹਾ ਪੁਲੀਸ ਮੁਖੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਪੰਚਾਇਤ ਨੇ ਜ਼ਰੂਰਤਮੰਦ ਲੋਕਾਂ ਲਈ 5-5 ਮਰਲੇ ਦੇ ਪਲਾਟ ਦੇਣ ਲਈ ਪ੍ਰਾਈਵੇਟ ਜ਼ਮੀਨ ਖ਼ਰੀਦਣ ਸਬੰਧੀ ਮਤਾ ਪਾਇਆ ਸੀ। ਪਿੰਡ ਦੇ ਹੀ ਵਸਨੀਕ ਹਰਮੀਤ ਸਿੰਘ ਨੇ ਪੰਚਾਇਤ ਨੂੰ ਦੱਸਿਆ ਕਿ ਉਸ ਦੀ ਰਿਸ਼ਤੇਦਾਰ ਕਰਮਜੀਤ ਕੌਰ ਪਤਨੀ ਦਰਸ਼ਨ ਸਿੰਘ ਦੀ ਪਿੰਡ ਸੁਰਲ ਕਲਾਂ ਵਿੱਚ ਮਲਕੀਅਤੀ ਜ਼ਮੀਨ ਹੈ ਅਤੇ ਉਸ ਨੇ ਕਰਮਜੀਤ ਕੌਰ ਦੀ 22 ਕਨਾਲ 19 ਮਰਲੇ ਜ਼ਮੀਨ ਦਾ ਸੌਦਾ ਪੰਚਾਇਤ ਨਾਲ ਕਰਵਾ ਕੇ ਬਿਆਨਾ ਰਕਮ 17 ਲੱਖ ਰੁਪਏ ਕਰਮਜੀਤ ਕੌਰ ਦੇ ਖਾਤੇ ਵਿੱਚ ਆਰਟੀਜੀਐੱਸ ਕਰਵਾ ਲਏ ਪਰ ਬਾਅਦ ਵਿੱਚ ਕਰਮਜੀਤ ਕੌਰ ਨੇ ਆਪਣੀ ਜ਼ਮੀਨ ਦਾ ਕਿਸੇ ਹੋਰ ਨਾਲ ਬਿਆਨਾ ਕਰ ਲਿਆ। ਪੰਚਾਇਤ ਨੂੰ ਇਸ ਦੀ ਸੂਹ ਮਿਲਣ ’ਤੇ ਉਨ੍ਹਾਂ ਨੇ ਛਾਣਬੀਣ ਕੀਤੀ ਤਾਂ ਉਕਤ ਕਰਮਜੀਤ ਕੌਰ ਬਿਆਨਾ ਦੀ ਰਕਮ ਮਿਲਣ ਤੋਂ ਇਨਕਾਰੀ ਹੋ ਗਈ ਜਦੋਂ ਪੁਲੀਸ ਨੇ ਪੜਤਾਲ ਕੀਤੀ ਤਾਂ ਪਾਇਆ ਕਿ ਹਰਮੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਸੁਰਲ ਕਲਾਂ, ਕਰਮਜੀਤ ਕੌਰ ਪਤਨੀ ਦਰਸ਼ਨ ਸਿੰਘ, ਸੁਰਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀਆਨ ਮਲਕੋ ਮਾਜਰਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਕਰਮਜੀਤ ਕੌਰ ਪਤਨੀ ਸਰਦੂਲ ਸਿੰਘ ਤੇ ਦੀਪਕ ਕੁਮਾਰ ਉਰਫ਼ ਹਨੀ ਪੁੱਤਰ ਪਵਨਜੀਤ ਵਾਸੀਆਨ ਪੁਰਾਣੀ ਮਿਰਚ ਮੰਡੀ ਰਾਜਪੁਰਾ ਨੇ ਮਿਲੀ ਭੁਗਤ ਕਰ ਕੇ ਉਕਤ 17 ਲੱਖ ਰੁਪਏ ਕਰਮਜੀਤ ਕੌਰ ਪਤਨੀ ਸਰਦੂਲ ਸਿੰਘ ਦੇ ਖਾਤੇ ਵਿੱਚ ਪੁਆ ਲਏ।