ਧੋਖਾਧੜੀ ਮਾਮਲੇ: ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ
ਗੁਰਿੰਦਰ ਸਿੰਘ
ਲੁਧਿਆਣਾ, 5 ਨਵੰਬਰ
ਪੁਲੀਸ ਵੱਲੋਂ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਦਰ ਦੀ ਪੁਲੀਸ ਨੇ ਪਤੀ ਪਤਨੀ ਵੱਲੋਂ ਇੱਕ ਵਿਅਕਤੀ ਨੂੰ ਪੈਸੇ ਦੁੱਗਣਾ ਕਰਨ ਦਾ ਝਾਂਸਾ ਦੇ ਕੇ ਕੀਤੀ ਠੱਗੀ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਰਾਜਵੀਰ ਕੌਰ ਨੇ ਦੱਸਿਆ ਕਿ ਮੁਕੇਸ਼ ਕੁਮਾਰ ਮਾਧੋਕ ਅਤੇ ਉਸਦੀ ਪਤਨੀ ਸ਼ਿਖਾ ਮਧੋਕ ਨੇ ਉਸ ਪਾਸੋਂ ਪੈਸੇ ਲੈ ਕੇ ਦੁੱਗਣੇ ਕਰ ਕੇ ਮੋੜਨ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੇ ਬਾਅਦ ਵਿੱਚ ਪੈਸੇ ਵਾਪਸ ਨਹੀਂ ਕੀਤੇ। ਉਸ ਨੇ ਦੋਸ਼ ਲਾਇਆ ਕਿ ਜਦੋਂ ਉਸ ਵੱਲੋਂ ਜਦੋਂ ਪੈਸੇ ਮੰਗੇ ਗਏ ਤਾਂ ਉਨ੍ਹਾਂ ਬਲੈਕਮੇਲ ਕਰਦਿਆਂ ਧਮਕੀਆਂ ਦਿੱਤੀਆਂ। ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੂੰ ਪਿੰਡ ਬੱਗੇ ਕੇ ਪਿੱਪਲ ਜ਼ਿਲ੍ਹਾ ਫਿਰੋਜ਼ਪੁਰ ਵਾਸੀ ਜਸਨੀਤ ਸਿੰਘ ਨੇ ਦੱਸਿਆ ਕਿ ਉਹ ਇਮੀਗਰੇਸ਼ਨ ਦਾ ਕੰਮ ਕਰਦਾ ਹੈ ਅਤੇ ਬੀਰਇੰਦਰ ਸਿੰਘ ਚਾਵਲਾ ਉਰਫ਼ ਬੀਰੀ ਚਾਵਲਾ ਫਿਰੋਜ਼ ਗਾਂਧੀ ਮਾਰਕੀਟ ਅਤੇ ਉਸਦੀ ਮਾਤਾ ਕ੍ਰਿਪਾਲ ਕੌਰ ਉਸ ਨਾਲ ਰਲ ਕੇ ਕੰਮ ਕਰਦੇ ਸਨ। ਉਹ ਇੱਕ ਦੂਸਰੇ ਕੋਲੋਂ ਫਾਈਲਾਂ ਲਗਵਾਉਂਦੇ ਸਨ। ਉਨ੍ਹਾਂ ਪਾਸ ਉਸਦੀਆਂ ਫਾਈਲਾਂ ਦੇ ਕਰੀਬ 15 ਲੱਖ 50 ਹਜ਼ਾਰ ਰੁਪਏ ਗਏ ਹੋਏ ਸਨ। ਇਸ ਰਕਮ ਵਿੱਚੋਂ ਉਨ੍ਹਾਂ 10 ਲੱਖ ਰੁਪਏ ਦੇ ਦਿੱਤੇ ਹਨ ਜਦਕਿ ਬਕਾਇਆ ਰਕਮ 5 ਲੱਖ 50 ਹਜ਼ਾਰ ਰਪਏ ਵਾਪਸ ਨਹੀਂ ਕੀਤੇ। ਥਾਣੇਦਾਰ ਗੁਲਮੇਜ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮਾਂ-ਪੁੱਤਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।