ਮੱਛੀ ਫਾਰਮ ਦੇ ਠੇਕੇਦਾਰ ਵਿਰੁੱਧ ਧੋਖਾਧੜੀ ਦਾ ਕੇਸ ਦਰਜ
ਪੱਤਰ ਪ੍ਰੇਰਕ
ਗੁਰੂਸਰ ਸੁਧਾਰ/ ਮੁੱਲਾਂਪੁਰ, 3 ਅਗਸਤ
ਲਾਗਲੇ ਪਿੰਡ ਪੰਡੋਰੀ ਦੀ ਸਰਪੰਚ ਰਣਜੀਤ ਕੌਰ ਦੀ ਸ਼ਿਕਾਇਤ ’ਤੇ ਦਾਖਾ ਪੁਲੀਸ ਨੇ ਮੱਛੀ ਫਾਰਮ ਦੇ ਠੇਕੇਦਾਰ ਵਰਿੰਦਰ ਸਿੰਘ ਵਾਸੀ ਆਤਮ ਨਗਰ ਜਗਰਾਉਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸਰਪੰਚ ਰਣਜੀਤ ਕੌਰ ਦੀ ਸ਼ਿਕਾਇਤ ਦੀ ਪੜਤਾਲ ਜਸਬਿੰਦਰ ਸਿੰਘ ਖਹਿਰਾ ਉਪ ਪੁਲੀਸ ਕਪਤਾਨ ਦਾਖਾ ਵੱਲੋਂ ਕੀਤੀ ਗਈ ਸੀ। ਦੋਸ਼ਾਂ ਦੀ ਪੁਸ਼ਟੀ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਦੇ ਹੁਕਮਾਂ ’ਤੇ ਕੇਸ ਦਰਜ ਕੀਤਾ ਗਿਆ। ਜਾਂਚ ਅਫ਼ਸਰ ਅਤੇ ਥਾਣਾ ਮੁਖੀ ਕਰਮਜੀਤ ਸਿੰਘ ਅਨੁਸਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ। ਸ਼ਿਕਾਇਤਕਰਤਾ ਸਰਪੰਚ ਰਣਜੀਤ ਕੌਰ ਨੇ ਦੋਸ਼ ਲਾਇਆ ਕਿ ਪੰਡੋਰੀ ਪਿੰਡ ਵਿੱਚ 11 ਏਕੜ ਵਿੱਚ ਬਣੇ ਮੱਛੀ ਫਾਰਮ ਦਾ 2019 ਵਿੱਚ ਠੇਕਾ ਪੌਣੇ ਚਾਰ ਲੱਖ ਰੁਪਏ ਪ੍ਰਤੀ ਸਾਲ ਦੇ ਹਿਸਾਬ ਵਰਿੰਦਰ ਸਿੰਘ ਨੇ ਲਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਕੇਵਲ 6 ਲੱਖ 15 ਹਜ਼ਾਰ ਰੁਪਏ ਹੀ ਅਦਾ ਕੀਤੇ ਜਦਕਿ 6 ਲੱਖ 97 ਹਜ਼ਾਰ ਹੋਰ ਬਕਾਇਆ ਖੜ੍ਹਾ ਸੀ। ਇਸੇ ਤਰ੍ਹਾਂ ਚਾਰ ਲੱਖ ਦੇ ਕਰੀਬ ਬਿਜਲੀ ਦਾ ਬਿੱਲ ਵੀ ਬਕਾਇਆ ਖੜ੍ਹਾ ਹੈ। ਜਾਂਚ ਦੌਰਾਨ ਵਰਿੰਦਰ ਸਿੰਘ ਨੇ ਪੈਸੇ ਦੇਣਾ ਮੰਨਿਆ ਸੀ ਪਰ ਹਾਲੇ ਤੱਕ ਅਦਾਇਗੀ ਨਹੀਂ ਕੀਤੀ।
ਵਪਾਰ ਦੇ ਮਾਮਲੇ ਵਿੱਚ ਲੱਖਾਂ ਦੀ ਠੱਗੀ ਦਾ ਦੋਸ਼
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ):ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਵੱਲੋਂ ਵਪਾਰ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਦੋ ਜਣਿਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਗਲੀ ਨੰਬਰ 3 ਗੋਬਿੰਦ ਨਗਰ ਡਾਬਾ ਵਾਸੀ ਤਜਿੰਦਰ ਪਾਲ ਸਿੰਘ ਨੇ ਦੱਸਿਆ ਹੈ ਕਿ ਸੁਨੀਲਾ ਗੁਪਤਾ ਅਤੇ ਅੰਕੁਰ ਗੁਪਤਾ ਵਾਸੀ ਅਗਰ ਨਗਰ ਨੇ ਉਸ ਦੀ ਕੰਪਨੀ ਕੋਲੋਂ 46 ਲੱਖ 51 ਹਜ਼ਾਰ 666 ਰੁਪਏ ਦਾ ਸਕਰੈਬ ਲੈ ਕੇ ਤੇ ਪੇਸੇ ਨਾ ਦੇ ਕੇ ਉਸ ਨਾਲ ਧੋਖਾਧੜੀ ਕੀਤੀ ਹੈ। ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।