ਧੋਖਾਧੜੀ ਮਾਮਲਾ: ਅਦਾਲਤ ਨੇ ਪੂਜਾ ਖੇੜਕਰ ਨੂੰ ਗ੍ਰਿਫ਼ਤਾਰੀ ਤੋਂ ਅੰਤਰਿਮ ਸੁਰੱਖਿਆ ਦਿੱਤੀ
ਨਵੀਂ ਦਿੱਲੀ, 12 ਅਗਸਤ
ਦਿੱਲੀ ਹਾਈ ਕੋਰਟ ਨੇ ਧੋਖਾਧੜੀ ਕਰਨ ਅਤੇ ਹੋਰ ਪਛੜਾ ਵਰਗ ਤੇ ਅੰਗਹੀਣਤਾ ਦੇ ਰਾਖਵੇਂਕਰਨ ਦਾ ਗਲਤ ਤਰੀਕੇ ਨਾਲ ਲਾਭ ਉਠਾਉਣ ਦੇ ਦੋਸ਼ ਹੇਠ ਸਾਬਕਾ ਪ੍ਰੋਬੇਸ਼ਨਰ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਨੂੰ ਅੱਜ ਗ੍ਰਿਫ਼ਤਾਰੀ ਤੋਂ 21 ਅਗਸਤ ਤੱਕ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ ਹੈ। ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਖੇੜਕਰ ਦੀ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ’ਤੇ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੇ ਨਾਲ ਹੀ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕੀਤਾ ਅਤੇ ਉਨ੍ਹਾਂ ਨੂੰ ਜਵਾਬ ਦੇਣ ਲਈ ਕਿਹਾ। ਜਸਟਿਸ ਪ੍ਰਸਾਦ ਨੇ ਕਿਹਾ, ‘‘ਮੌਜੂਦਾ ਮਾਮਲਿਆਂ ਵਿੱਚ ਤੱਥਾਂ ’ਤੇ ਗੌਰ ਕਰਦੇ ਹੋਏ ਅਦਾਲਤ ਦਾ ਇਹ ਮੰਨਣਾ ਹੈ ਕਿ ਪਟੀਸ਼ਨਰ ਨੂੰ ਸੁਣਵਾਈ ਦੀ ਅਗਲੀ ਤਰੀਕ ਤੱਕ ਗ੍ਰਿਫਤਾਰ ਨਾ ਕੀਤਾ ਜਾਵੇ।’’ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 21 ਅਗਸਤ ਦੀ ਤਰੀਕ ਤੈਅ ਕੀਤੀ ਹੈ।
ਖੇੜਕਰ ’ਤੇ ਰਾਖਵੇਂਕਰਨ ਦਾ ਲਾਭ ਲੈਣ ਲਈ ਯੂਪੀਐੱਸਸੀ ਸਿਵਲ ਸੇਵਾ ਪ੍ਰੀਖਿਆ 2022 ਵਾਸਤੇ ਆਪਣੀ ਅਰਜ਼ੀ ਵਿੱਚ ਗਲਤ ਜਾਣਕਾਰੀ ਪੇਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਯੂਪੀਐੱਸਸੀ ਨੇ 31 ਜੁਲਾਈ ਨੂੰ ਖੇੜਕਰ ਦੀ ਉਮੀਦਵਾਰੀ ਰੱਦ ਕਰ ਦਿੱਤੀ ਸੀ। -ਪੀਟੀਆਈ