ਰੂਸ ਨਾਲ ਜੰਗ ਦੇ ਖ਼ਾਤਮੇ ਲਈ ਯੂਕਰੇਨ ਦੀ ਯੋਜਨਾ ਨੂੰ ਫਰਾਂਸ ਨੇ ਦਿੱਤੀ ਹਮਾਇਤ
ਕੀਵ, 19 ਅਕਤੂਬਰ
ਫਰਾਂਸ ਦੇ ਵਿਦੇਸ਼ ਮੰਤਰੀ ਜਯਾਂ-ਨੋਇਲ ਬੈਰੋਟ ਨੇ ਰੂਸ ਨਾਲ ਢਾਈ ਸਾਲਾਂ ਤੋਂ ਚੱਲ ਰਹੀ ਜੰਗ ਦੇ ਖ਼ਾਤਮੇ ਲਈ ਯੂਕਰੇਨ ਦੀ ਯੋਜਨਾ ਨੂੰ ਹਮਾਇਤ ਦੇਣ ਦਾ ਅਹਿਦ ਲਿਆ ਹੈ। ਕੀਵ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਤਜਵੀਜ਼ ’ਤੇ ਹੋਰ ਮੁਲਕਾਂ ਦੀ ਹਮਾਇਤ ਲੈਣ ਲਈ ਯੂਕਰੇਨੀ ਅਧਿਕਾਰੀਆਂ ਨਾਲ ਰਲ ਕੇ ਕੰਮ ਕਰਨਗੇ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਨੇ ‘ਜਿੱਤ ਦੀ ਯੋਜਨਾ’ ਪੇਸ਼ ਕਰਦਿਆਂ ਆਸ ਜਤਾਈ ਹੈ ਕਿ ਉਹ ਸੌਦੇਬਾਜ਼ੀ ਰਾਹੀਂ ਰੂਸ ਨੂੰ ਜੰਗ ਖ਼ਤਮ ਕਰਨ ਲਈ ਮਜਬੂਰ ਕਰ ਦੇਣਗੇ। ਜ਼ੈਲੇਂਸਕੀ ਦੀ ਯੋਜਨਾ ’ਤੇ ਯੂਕਰੇਨ ਦੇ ਪੱਛਮੀ ਭਾਈਵਾਲਾਂ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਆਪਣੇ ਯੂਕਰੇਨੀ ਹਮਰੁਤਬਾ ਆਂਦਰੀ ਸਿਬੀਹਾ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੈਰੋਟ ਨੇ ਕਿਹਾ ਕਿ ਫਰਾਂਸ ਅਗਲੇ ਸਾਲ ਦੇ ਪਹਿਲੇ ਤਿੰਨ ਮਹੀਨਿਆਂ ’ਚ ਯੂਕਰੇਨ ਨੂੰ ਮਿਰਾਜ 2000 ਜੈੱਟਾਂ ਦੀ ਪਹਿਲੀ ਖੇਪ ਸੌਂਪ ਦੇਵੇਗਾ। -ਏਪੀ
ਰੂਸ ਅਤੇ ਯੂਕਰੇਨ ਵੱਲੋਂ 190 ਜੰਗੀ ਕੈਦੀ ਰਿਹਾਅ
ਰੂਸ ਅਤੇ ਯੂਕਰੇਨ ਨੇ 190 ਹੋਰ ਜੰਗੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਸੰਯੁਕਤ ਅਰਬ ਅਮੀਰਾਤ ਦੇ ਯਤਨਾਂ ਸਦਕਾ ਜੰਗੀ ਕੈਦੀਆਂ ਦੀ ਅਦਲਾ-ਬਦਲੀ ਯਕੀਨੀ ਬਣੀ। ਛੱਡੇ 95 ਯੂਕਰੇਨੀ ਜੰਗੀ ਕੈਦੀਆਂ ’ਚ 34 ਅਜ਼ੋਵ ਲੜਾਕੇ ਵੀ ਸ਼ਾਮਲ ਹਨ ਜਿਨ੍ਹਾਂ ਮਾਰੀਓਪੋਲ ਅਤੇ ਅਜ਼ੋਵਸਤਾਲ ਸਟੀਲਵਰਕਸ ਦੀ ਰਾਖੀ ਕੀਤੀ ਸੀ। ਅਜ਼ੋਵ ਰੈਜੀਮੈਂਟ ਦੇ ਮੁਖੀ ਡੇਨਿਸ ਪ੍ਰੋਕੋਪੇਂਕੋ ਨੇ ਫੇਸਬੁੱਕ ’ਤੇ ਕਿਹਾ ਕਿ 34 ਅਜ਼ੋਵ ਲੜਾਕੇ ਪਰਤ ਹਨ ਪਰ 900 ਹੋਰ ਲੜਾਕੇ ਰੂਸੀ ਹਿਰਾਸਤ ’ਚ ਹਨ। -ਏਪੀ