ਫਰਾਂਸ: ਪ੍ਰਦਰਸ਼ਨਕਾਰੀਆਂ ਨੇ ਮੇਅਰ ਦੇ ਘਰ ਨੂੰ ਨਿਸ਼ਾਨਾ ਬਣਾਇਆ
ਪੈਰਿਸ, 2 ਜੁਲਾਈ
ਫਰਾਂਸ ’ਚ ਪੁਲੀਸ ਦੀ ਗੋਲੀ ਨਾਲ ਇੱਕ ਨੌਜਵਾਨ ਦੀ ਮੌਤ ਹੋਣ ਮਗਰੋਂ ਰੋਹ ’ਚ ਆਏ ਲੋਕਾਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰੇ ਅੱਜ ਪੰਜਵੀਂ ਰਾਤ ਵੀ ਜਾਰੀ ਰਹੇ ਅਤੇ ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਸਡ਼ਦੀ ਹੋਈ ਕਾਰ ਨਾਲ ਮੇਅਰ ਦੇ ਘਰ ਨੂੰ ਨਿਸ਼ਾਨਾ ਬਣਾਇਆ। ਕੲੀ ਥਾਵਾਂ ’ਤੇ ਪੁਲੀਸ ਤੇ ਮੁਜ਼ਾਹਰਾਕਾਰੀਆਂ ਵਿਚਾਲੇ ਝਡ਼ਪਾਂ ਵੀ ਹੋੲੀਆਂ ਹਨ।
ਹਾਲਾਂਕਿ ਪਿਛਲੀਆਂ ਰਾਤਾਂ ਮੁਕਾਬਲੇ ਹਿੰਸਕ ਘਟਨਾਵਾਂ ’ਚ ਕਮੀ ਦਰਜ ਕੀਤੀ ਗਈ ਹੈ। ਫਰਾਂਸ ’ਚ ਹੁਣ ਤੱਕ ਦੇ ਸਭ ਤੋਂ ਵੱਡੇ ਸਮਾਜਕ ਸੰਕਟ ਨੂੰ ਠੱਲ੍ਹਣ ਲਈ ਵੱਡੀ ਵੱਧਰ ’ਤੇ ਸੁਰੱਖਿਆ ਤਾਇਨਾਤੀ ਮਗਰੋਂ ਪੁਲੀਸ ਨੇ ਅੱਜ ਸਵੇਰ ਤੱਕ ਦੇਸ਼ ਭਰ ਵਿੱਚ 719 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਕਟ ਨੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੀ ਅਗਵਾਈ ਹੇਠਲੀ ਸਰਕਾਰ ਲਈ ਨਵੀਂ ਚੁਣੌਤੀ ਪੇਸ਼ ਕੀਤੀ ਹੈ। ਇਨ੍ਹਾਂ ਮੁਜ਼ਾਹਰਿਆਂ ਦੌਰਾਨ ਉਹ ਲੋਕ ਵੀ ਰੋਸ ਪ੍ਰਗਟਾ ਰਹੇ ਹਨ ਜੋ ਘੱਟ ਆਮਦਨ, ਪੱਖਪਾਤ ਤੇ ਰੁਜ਼ਗਾਰ ਦੀ ਘਾਟ ਕਾਰਨ ਪਿਛਲੇ ਸਮੇਂ ਤੋਂ ਸਰਕਾਰ ਤੋਂ ਖਫ਼ਾ ਸਨ। ਜ਼ਿਕਰਯੋਗ ਹੈ ਕਿ ਲੰਘੇ ਮੰਗਲਵਾਰ ਨੂੰ ਨੈਨਤੇਰੇ ’ਚ ਪੁਲੀਸ ਦੀ ਗੋਲੀ ਨਾਲ 17 ਨੌਜਵਾਨ ਨਾਹੇਲ ਦੀ ਮੌਤ ਹੋ ਗਈ ਸੀ ਜਿਸ ਮਗਰੋਂ ਫਰਾਂਸ ’ਚ ਦੰਗੇ ਭਡ਼ਕੇ ਹੋਏ ਹਨ। ਲੰਘੀ ਰਾਤ ਫਰਾਂਸ ਦੀ ਰਾਜਧਾਨੀ ’ਚ ਵੱਡੀ ਗਿਣਤੀ ’ਚ ਲੋਕ ਇਕੱਠੇ ਹੋਏ ਪਰ ਉਨ੍ਹਾਂ ਨੂੰ ਪੁਲੀਸ ਨੇ ਰੋਕ ਲਿਆ। ਇਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਪੁਲੀਸ ਵੱਲੋਂ ਲਾਏ ਬੈਰੀਕੇਡਾਂ ਨੂੰ ਅੱਗ ਲਗਾ ਦਿੱਤੀ ਜਿਸ ਦੇ ਜਵਾਬ ਵਿੱਚ ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਮੁਜ਼ਾਹਰਾਕਾਰੀਆਂ ਨੇ ਇਸੇ ਦਰਮਿਆਨੀ ਪੈਰਿਸ ਦੇ ਨੀਮ ਸ਼ਹਿਰੀ ਇਲਾਕੇ ਦੇ ਮੇਅਰ ਦੀ ਰਿਹਾਇਸ਼ ’ਤੇ ਸਡ਼ਦੀ ਹੋਈ ਕਾਰ ਨਾਲ ਹਮਲਾ ਕਰ ਦਿੱਤਾ।
ਮੇਅਰ ਵਿੰਸੈਂਟ ਯਾਂਬਰੁਨ ਨੇ ਦੱਸਿਆ ਕਿ ਉਸ ਦੀ ਪਤਨੀ ਤੇ ਬੱਚੇ ਇਸ ਹਮਲੇ ’ਚ ਜ਼ਖ਼ਮੀ ਹੋਏ। ਮੁਜ਼ਾਹਰਾਕਾਰੀਆਂ ਨੇ ਦੇਰ ਰਾਤ 1.30 ਵਜੇ ਜਦੋਂ ਹਮਲਾ ਕੀਤਾ ਤਾਂ ਉਹ ਆਪਣੇ ਘਰ ਅੰਦਰ ਸੁੱਤੇ ਪਏ ਸਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਹਾਲਾਤ ਨੂੰ ਦੇਖਦੇ ਹੋਏ ਮੁਲਕ ’ਚ ਅੈਮਰਜੈਂਸੀ ਲਾਈ ਜਾਵੇ। -ਪੀਟੀਆਈ