ਫਰਾਂਸ: ਪੁਲੀਸ ਵੱਲੋਂ 1311 ਦੰਗਾਕਾਰੀ ਗ੍ਰਿਫ਼ਤਾਰ
ਪੈਰਿਸ, 1 ਜੁਲਾਈ
ਫਰਾਂਸ ’ਚ ਇਕ ਨਾਬਾਲਗ ਦੀ ਪੁਲੀਸ ਗੋਲੀ ਨਾਲ ਮੌਤ ਮਗਰੋਂ ਭੜਕੇ ਦੰਗਿਆਂ ’ਚ 2400 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿਛਲੇ ਚਾਰ ਦਿਨਾਂ ਤੋਂ ਪੁਲੀਸ ਦੀ ਵੱਡੀ ਤਾਇਨਾਤੀ ਦੇ ਬਾਵਜੂਦ ਲੋਕਾਂ ਨੇ ਕਈ ਕਾਰਾਂ ਅਤੇ ਇਮਾਰਤਾਂ ਨੂੰ ਅੱਗ ਲਗਾ ਦਿੱਤੀ ਅਤੇ ਸਟੋਰ ਲੁੱਟ ਲਏ।
ਉਂਜ ਪੁਲੀਸ ਨੇ ਦੰਗਿਆਂ ਦੀ ਚੌਥੀ ਰਾਤ ਸਭ ਤੋਂ ਜ਼ਿਆਦਾ 1311 ਵਿਅਕਤੀ ਗ੍ਰਿਫ਼ਤਾਰ ਕੀਤੇ ਹਨ। ਰਾਸ਼ਟਰਪਤੀ ਇਮੈਨੂਅਲ ਮੈਕਰੌਂ ਵੱਲੋਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਘਰਾਂ ਅੰਦਰ ਰਹਿਣ ਦੀ ਕੀਤੀ ਜਾ ਰਹੀ ਅਪੀਲ ਦੇ ਬਾਵਜੂਦ ਨੌਜਵਾਨਾਂ ਅਤੇ ਪੁਲੀਸ ਵਿਚਕਾਰ ਝੜਪਾਂ ਲਗਾਤਾਰ ਜਾਰੀ ਹਨ। ਅਧਿਕਾਰੀਆਂ ਮੁਤਾਬਕ ਕਰੀਬ 2500 ਅੱਗਾਂ ਲਾਈਆਂ ਗਈਆਂ ਅਤੇ ਸਟੋਰਾਂ ਨੂੰ ਲੁੱਟਿਆ ਗਿਆ ਹੈ। ਉਧਰ ਪੈਰਿਸ ਨੇੜਲੇ ਕਸਬੇ ਨਾਨਟੇਰੇ ’ਚ ਮੰਗਲਵਾਰ ਨੂੰ ਪੁਲੀਸ ਦੀ ਗੋਲੀ ਨਾਲ ਮਾਰੇ ਗਏ ਨੌਜਵਾਨ ਨਾਹੇਲ ਨੂੰ ਪਰਿਵਾਰ ਨੇ ਅੱਜ ਦਫ਼ਨਾ ਦਿੱਤਾ।
ਪੈਰਿਸ ਤੋਂ ਲੈ ਕੇ ਮਾਸੇਲੇ ਅਤੇ ਲਿਓਨ ਤੱਕ ਦੰਗਿਆਂ ਦੀ ਅੱਗ ਭੜਕੀ ਹੋਈ ਹੈ ਅਤੇ ਫਰੈਂਚ ਗੁਆਇਨਾ ’ਚ ਗੋਲੀ ਲੱਗਣ ਕਾਰਨ 54 ਵਰ੍ਹਿਆਂ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਦੰਗਿਆਂ ’ਚ ਸੈਂਕੜੇ ਪੁਲੀਸ ਅਤੇ ਅੱਗ ਬੁਝਾੳੂ ਦਸਤਿਆਂ ਦੇ ਮੁਲਾਜ਼ਮ ਜ਼ਖ਼ਮੀ ਹੋਏ ਹਨ ਪਰ ਅਧਿਕਾਰੀਆਂ ਨੇ ਜ਼ਖ਼ਮੀ ਹੋਏ ਸਿਰਫ਼ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਹੀ ਜਾਰੀ ਕੀਤੀ ਹੈ। ਫਰਾਂਸੀਸੀ ਫੁੱਟਬਾਲ ਟੀਮ ਦੇ ਉੱਘੇ ਖਿਡਾਰੀ ਕਿਲਿਆਨ ਐੱਮਬਾਪੇ ਨੇ ਨੌਜਵਾਨ ਨੂੰ ਹਿੰਸਾ ਖ਼ਤਮ ਕਰਨ ਦੀ ਅਪੀਲ ਕੀਤੀ ਹੈ। -ਏਪੀ