ਫਰਾਂਸ: ਇੰਗਲਿਸ਼ ਚੈਨਲ ’ਚ ਪਰਵਾਸੀਆਂ ਵਾਲੀ ਕਿਸ਼ਤੀ ਡੁੱਬੀ, 12 ਦੀ ਮੌਤ
ਬੌਲੌਂਗ-ਸੁਰ-ਮੈਰ/ਪੈਰਿਸ, 3 ਸਤੰਬਰ
ਫਰਾਂਸ ਦੇ ਉੱਤਰੀ ਇਲਾਕੇ ’ਚ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਇੱਕ ਕਿਸ਼ਤੀ ਡੁੱਬਣ ਕਾਰਨ 12 ਪਰਵਾਸੀਆਂ ਦੀ ਮੌਤ ਹੋ ਗਈ। ਫਰਾਂਸ ਦੇ ਤੱਟੀ ਕਸਬੇ ਲੀ ਪੋਰਟਲ ਦੇ ਮੇਅਰ ਓਲਿਵਰ ਬਾਰਬੇਰਿਨ ਅਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਚੈਨਲ ਦੇ ਨੇੜੇ ਇੱਕ ਕਿਸ਼ਤੀ ਡੁੱਬਣ ਕਾਰਨ ਦਰਜਨਾਂ ਪਰਵਾਸੀ ਪਾਣੀ ’ਚ ਫਸ ਗਏ। ਓਲਿਵਰ ਨੇ ਦੱਸਿਆ ਕਿ ਇਹ ਹਾਦਸਾ ਕਿਸ਼ਤੀ ਦਾ ਹੇਠਲਾ ਹਿੱਸਾ ਟੁੱਟਣ ਕਾਰਨ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ’ਚ ਜ਼ਿਆਦਾਤਰ ਔਰਤਾਂ ਸਨ, ਜਿਨ੍ਹਾਂ ਵਿੱਚੋਂ ਕੁਝ ਦੀ ਉਮਰ 18 ਸਾਲ ਤੋਂ ਘੱਟ ਸੀ। ਬਹੁਤ ਸਾਰੇ ਯਾਤਰੀਆਂ ਕੋਲ ਜੀਵਨ ਰੱਖਿਅਕ ਜੈਕਟਾਂ ਵੀ ਨਹੀਂ ਸਨ। ਇਸ ਤੋਂ ਪਹਿਲਾਂਇੱਕ ਸਮੁੰਦਰੀ ਬਚਾਅ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਹਾਦਸੇ ’ਚ ਘੱਟੋ ਘੱਟ 13 ਵਿਅਕਤੀ ਮਾਰੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਕਿਸ਼ਤੀ ਗਰਿਸ-ਨੇਜ਼ ਪੁਆਇੰਟ ’ਤੇ ਘਿਰ ਗਈ ਅਤੇ ਉਸ ’ਚ ਸਵਾਰ ਸਾਰੇ ਜਣੇ ਪਾਣੀ ’ਚ ਡਿੱਗ ਪਏ। ਬੈਗੀਓ ਤੇ ਮੇਅਰ ਨੇ ਕਿਹਾ ਕਿ ਚਾਰ ਘੰਟਿਆਂ ਤੱਕ ਚੱਲੇ ਬਚਾਅ ਅਪਰੇਸ਼ਨ ਦੌਰਾਨ ਰਾਹਤ ਕਰਮੀਆਂ ਨੂੰ ਪਾਣੀ ਵਿਚੋਂ 65 ਵਿਅਕਤੀ ਮਿਲੇ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ 12 ਮੌਤਾਂ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਮੁਤਾਬਕ 12 ਹੋਰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਦੋ ਹਾਲਤ ਕਾਫੀ ਗੰਭੀਰ ਹੈ। -ਏਪੀ