ਫਰਾਂਸ: ਚੱਕਰਵਾਤੀ ਤੂਫਾਨ ‘ਚੀਡੋ’ ਨੇ ਮਚਾਈ ਤਬਾਹੀ, 11 ਮੌਤਾਂ
ਕੇਪਟਾਊਨ, 15 ਦਸੰਬਰ
ਹਿੰਦ ਮਹਾਸਾਗਰ ਵਿੱਚ ਫਰਾਂਸ ਦੇ ਮਾਯੋਟ ’ਚ ਚੱਕਰਵਾਤੀ ਤੂਫਾਨ ‘ਚੀਡੋ’ ਕਾਰਨ ਘੱਟੋ-ਘੱਟ 11 ਜਣਿਆਂ ਦੀ ਮੌਤ ਹੋ ਗਈ। ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਅੱਜ ਦੱਸਿਆ ਕਿ ਜ਼ਖ਼ਮੀਆਂ ਦੀ ਸਹੀ ਗਿਣਤੀ ਅਜੇ ਪਤਾ ਨਹੀਂ ਹੈ ਪਰ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਮਾਯੋਟ ਦੇ ਇੱਕ ਹਸਪਤਾਲ ਨੇ ਦੱਸਿਆ ਕਿ ਉੱਥੇ ਦਾਖਲ ਨੌਂ ਜਣਿਆਂ ਦੀ ਹਾਲਤ ਗੰਭੀਰ ਹੈ ਅਤੇ 246 ਹੋਰ ਜ਼ਖਮੀ ਹਨ। ਮਾਯੋਟ ਦੇ ਇੱਕ ਉੱਚ ਅਧਿਕਾਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਸ ਚੱਕਰਵਾਤ ਨਾਲ ਸੈਂਕੜੇ ਜਾਨਾਂ ਜਾਣ ਦੀ ਸੰਭਾਵਨਾ ਹੈ ਅਤੇ ਮੌਤਾਂ ਦੀ ਗਿਣਤੀ ਇੱਕ ਹਜ਼ਾਰ ਤੱਕ ਪਹੁੰਚ ਸਕਦੀ ਹੈ।
ਇਹ ਚੱਕਰਵਾਤ ਦੱਖਣ-ਪੂਰਬੀ ਹਿੰਦ ਮਹਾਸਾਗਰ ਵਿੱਚੋਂ ਲੰਘਿਆ, ਜਿਸ ਦਾ ਅਸਰ ਕੋਮੋਰੋਸ ਅਤੇ ਮੈਡਾਗਾਸਕਰ ’ਤੇ ਵੀ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਮਾਯੋਟ ਸਿੱਧਾ ਚੱਕਰਵਾਤ ਦੇ ਰਸਤੇ ਵਿੱਚ ਪੈ ਰਿਹਾ ਸੀ ਜਿਸ ਕਾਰਨ ਭਾਰੀ ਨੁਕਸਾਨ ਹੋਇਆ। ਮਾਯੋਟ ਦੇ ਪ੍ਰੀਫੈਕਟ (ਉੱਚ ਅਧਿਕਾਰੀ) ਨੇ ਕਿਹਾ ਕਿ ਇਹ 90 ਸਾਲਾਂ ਵਿੱਚ ਮਾਯੋਟ ਵਿੱਚ ਆਉਣ ਵਾਲਾ ਸਭ ਤੋਂ ਭਿਆਨਕ ਚੱਕਰਵਾਤ ਸੀ। ‘ਚੀਡੋ’ ਹੁਣ ਅਫਰੀਕੀ ਮੁੱਖ ਭੂਮੀ ਮੋਜ਼ੰਬਿਕ ’ਤੇ ਪਹੁੰਚ ਗਿਆ ਹੈ, ਜਿੱਥੇ ਅਧਿਕਾਰੀਆਂ ਨੂੰ ਡਰ ਹੈ ਕਿ ਇਸ ਨਾਲ ਦੋ ਉੱਤਰੀ ਸੂਬਿਆਂ ਦੇ 25 ਲੱਖ ਲੋਕ ਪ੍ਰਭਾਵਿਤ ਹੋ ਸਕਦੇ ਹਨ। -ਏਪੀ
ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ ਆਏ ਆਇਓਵਾ ਤੇ ਪੂਰਬੀ ਨੇਬਰਾਸਕਾ
ਓਮਾਹਾ : ਅਮਰੀਕਾ ਦੇ ਆਇਓਵਾ ਅਤੇ ਪੂਰਬੀ ਨੇਬਰਾਸਕਾ ’ਚ ਬਰਫੀਲੇ ਤੂਫਾਨ ਕਾਰਨ ਸੜਕਾਂ ’ਤੇ ਬਰਫ਼ ਜੰਮ ਗਈ ਅਤੇ ਕਈ ਵਾਹਨਾਂ ਦੇ ਤਿਲਕਣ ਦੀਆਂ ਘਟਨਾਵਾਂ ਕਾਰਨ ‘ਇੰਟਰ-ਸਟੇਟ 80’ ਹਾਈਵੇਅ ਨੂੰ ਅਸਥਾਈ ਤੌਰ ’ਤੇ ਬੰਦ ਕੀਤਾ ਗਿਆ। ਖੇਤਰ ਵਿੱਚ ਹੋਣ ਵਾਲੇ ਕਈ ਪ੍ਰੋਗਰਾਮ ਸ਼ੁੱਕਰਵਾਰ ਸ਼ਾਮ ਨੂੰ ਬਰਫੀਲੇ ਤੂਫਾਨ ਦੇ ਦਸਤਕ ਦੇਣ ਮਗਰੋਂ ਰੱਦ ਕਰਨੇ ਪਏ। ਪੂਰਬੀ ਨੇਬਰਾਸਕਾ ’ਚ ਸੜਕਾਂ ’ਤੇ ਜੰਮੀ ਬਰਫ ਕਾਰਨ ਵਾਪਰੇ ਹਾਦਸੇ ਵਿੱਚ ਇੱਕ ਔਰਤ ਦੀ ਜਾਨ ਚਲੀ ਗਈ। ਕਈ ਥਾਵਾਂ ’ਤੇ 96 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਕਾਰਨ ਸਾਂ ਫਰਾਂਸਿਸਕੋ ਵਿੱਚ ਪਹਿਲੀ ਵਾਰ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ। -ਏਪੀ