For the best experience, open
https://m.punjabitribuneonline.com
on your mobile browser.
Advertisement

ਟੁਕੜੇ ਟੁਕੜੇ ਔਰਤ ਅਤੇ ਸੰਘਰਸ਼ ਦੀਆਂ ਕਹਾਣੀਆਂ

12:08 PM Mar 23, 2024 IST
ਟੁਕੜੇ ਟੁਕੜੇ ਔਰਤ ਅਤੇ ਸੰਘਰਸ਼ ਦੀਆਂ ਕਹਾਣੀਆਂ
Advertisement

ਡਾ. ਮਨਦੀਪ ਕੌਰ ਰਾਏ

20ਵੀਂ ਸਦੀ ਦੀਆਂ ਤਰਕਾਲਾਂ ਜਿਹੀਆਂ ਦੇ ਵਰ੍ਹਿਆਂ ਵਿੱਚ ਮੇਰਾ ਜਨਮ ਮਾਝੇ ਦੇ ਚਿੜੀ ਦੇ ਪਹੁੰਚੇ ਜਿੱਡੇ ਪਿੰਡ ਵਿੱਚ ਹੋਇਆ ਜਿਸ ਦਾ ਨਾਂ ਤੇ ਅਤਾ-ਪਤਾ ਅੱਜ ਵੀ ਓਨਾ ਹੀ ਅਣਗੌਲਿਆ ਜਿਹਾ ਹੈ ਜਿੰਨਾ ਉਹਨਾਂ ਸਮਿਆਂ ਵਿੱਚ ਸੀ। ਅੱਜ ਵੀ ਉਸ ਪਿੰਡ ਨੂੰ ਕੋਈ ਬੱਸ ਨਹੀਂ ਜਾਂਦੀ। ਜਿੱਥੋਂ ਤੱਕ ਮੈਨੂੰ ਯਾਦ ਹੈ, ਜਦ ਮੈਂ ਹੋਸ਼ ਸੰਭਾਲੀ ਤਾਂ ਮੇਰੀ ਉਂਗਲੀ ਉਸ ਔਰਤ ਦੇ ਹੱਥ ਵਿੱਚ ਸੀ ਜੋ ਕਿੰਨੀ ਮਹਾਨ ਸੀ, ਉਸ ਦਾ ਅਹਿਸਾਸ ਮੈਨੂੰ ਉਸ ਦੇ ਇਸ ਦੁਨੀਆ ਤੋਂ ਤੁਰ ਜਾਣ ਬਾਅਦ ਹੋਇਆ। ਮੇਰੀ ਦਾਦੀ ਜਿ਼ਮੀਦਾਰਾਂ ਦੀ ਨੂੰਹ ਹੋਣ ਦੇ ਬਾਵਜੂਦ ਖੇਤੀ ਦਾ ਸਾਰਾ ਕੰਮ ਹੱਥੀਂ ਕਰਦੀ ਸੀ। ਵਾਢੀਆਂ ਦੇ ਦਿਨਾਂ ਵਿੱਚ ਮਰਦ ਸੀਰੀਆਂ ਤੇ ਕਿਰਤੀਆਂ ਨਾਲ ਖੇਤਾਂ ਵਿੱਚ ਖੜ੍ਹੀ ਉਹ ਇਕੱਲੀ ਔਰਤ ਅੱਜ ਵੀ ਉਹਨਾਂ ਨਾਲ ਭਰੀਆਂ ਚੁਕਾਉਂਦੀ, ਨੱਕੇ ਮੋੜਦੀ ਤੇ ਕਦੀ ਕਦਾਈਂ ਗੱਡੇ ’ਤੇ ਜਿਣਸ ਲੱਦੀ ਖੇਤਾਂ ਵਿੱਚੋਂ ਪਿੰਡ ਨੂੰ ਜਾਂਦੀ ਯਾਦ ਆਉਂਦੀ ਹੈ। ਇਸ ਦਾ ਕਾਰਨ ਇਹ ਸੀ ਕਿ ਉਸ ਨੂੰ ਆਪਣੇ ਪਤੀ ਵੱਲੋਂ ਮੁਕਲਾਵੇ ਵਾਲੀ ਰਾਤ ਹੀ ਫਰਮਾਨ ਜਾਰੀ ਹੋਇਆ ਸੀ: “ਦੇਖ! ਤੇਰੇ ’ਤੇ ਕੋਈ ਪਾਬੰਦੀ ਨਹੀਂ। ਮੈਂ ਬਿਮਾਰ ਰਹਿੰਦਾ ਹਾਂ। ਘਰ ਤੇ ਕਬੀਲਦਾਰੀ ਦਾ ਬੋਝ ਨਹੀਂ ਢੋਅ ਸਕਦਾ। ਤੂੰ ਦੇਖ ਲੈ ਇੱਥੇ ਰਹਿਣਾ ਕਿ ਨਹੀਂ। ਜੇ ਜਾਣਾ ਚਾਹੇਂ ਤਾਂ ਬੜੀ ਖੁਸ਼ੀ ਨਾਲ ਜਾ ਸਕਦੀ ਹੈਂ।” ਆਖ਼ਰੀ ਬੋਲ ਉਸ ਨੂੰ ਉਸ ਉੱਪਰ ਕੀਤੇ ਜਾ ਰਹੇ ਕਿਸੇ ਵੱਡੇ ਅਹਿਸਾਨ ਵਾਂਗ ਸੁਣਾਏ ਗਏ ਸਨ।
ਬਸ ਉਹ ਦਿਨ ਤੇ ਆਹ ਦਿਨ, ਉਸ ਨੇ ਆਪਣੇ ਅੰਦਰ ਦੀ ਔਰਤ ਨੂੰ ਮਾਰ ਲਿਆ ਤੇ ਮਰਦਾਂ ਵਾਂਗ ਖੇਤੀਬਾੜੀ ਤੇ ਘਰ ਦੀ ਕਬੀਲਦਾਰੀ ਸੰਭਾਲ ਲਈ। ਉਹਦੇ ਹੱਥਾਂ ਵਿੱਚ ਕਦੀ ਮੈਂ ਚੂੜੀਆਂ ਜਾਂ ਛਾਪਾਂ ਛੱਲੇ ਨਹੀਂ ਸੀ ਦੇਖੇ ਤੇ ਨਾ ਹੀ ਪੈਰਾਂ ਵਿੱਚ ਝਾਂਜਰਾਂ ਪਰ ਉਸ ਦੇ ਅੰਦਰ ਦੱਬੇ ਰਹਿ ਗਏ ਇਹ ਚਾਅ ਮੇਰੇ ਬਚਪਨ ਤੇ ਜਵਾਨੀ ਦੀਆਂ ਰੀਝਾਂ ਪੂਰੀਆਂ ਕਰਦਿਆਂ ਪ੍ਰਗਟ ਜ਼ਰੂਰ ਹੋ ਜਾਂਦੇ ਸਨ। ਮੈਨੂੰ ਯਾਦ ਹੈ ਉਸ ਦਾ ਘਰ ਦੇ ਮਰਦਾਂ ਤੋਂ ਚੋਰੀ ਮੈਨੂੰ ਚੂੜੀਆਂ ਚੜ੍ਹਾ ਕੇ ਤੇ ਚਾਂਦੀ ਦੀਆਂ ਝਾਂਜਰਾਂ ਘੜਵਾ ਕੇ ਦੇਣਾ। ਉਹ ਮੇਰੀ ਉਂਗਲੀ ਫੜ ਕੇ ਉਸ ਵੇਲੇ ਖੇਤਾਂ ਦੀਆਂ ਵੱਟਾਂ ’ਤੇ ਚੱਲਣਾ ਤੇ ਖਾਲ਼ਾਂ ਟੱਪਣਾ ਸਿਖਾਉਂਦੀ, ਅਚੇਤ ਹੀ ਮੈਨੂੰ ਜ਼ਿੰਦਗੀ ਦੀਆਂ ਔਜੜ ਰਾਹਾਂ ’ਤੇ ਤੁਰਨਾ ਸਿਖਾ ਗਈ।
ਸ਼ਾਇਦ ਆਪਣੇ ਲਾਡਲੇ ਪੁੱਤਰ ਦੀ ਪਹਿਲੀ ਔਲਾਦ ਹੋਣ ਕਾਰਨ ਉਸ ਦਾ ਮੇਰੇ ਨਾਲ ਬਹੁਤ ਮੋਹ ਸੀ। ਨੇੜਲਿਆਂ ਘਰਾਂ ਵਿੱਚ ਲੋਹੜੀ ਮੰਗਣ ਆਈਆਂ ਕੁੜੀਆਂ ਨੂੰ ਸੁਨੇਹਾ ਲਾਉਂਦੀ- ‘ਮੇਰੀ ਪੋਤੀ ਜਮਾਤ ਵਿੱਚੋਂ ਪਹਿਲੇ ਨੰਬਰ ’ਤੇ ਆਈ ਹੈ। ਮੇਰੇ ਘਰੋਂ ਵੀ ਗੀਤ ਗਾ ਕੇ ਲੋਹੜੀ ਲੈ ਕੇ ਜਾਇਓ।’ ਉਹ ਖੁਦ ਚਾਹੇ ਪੜ੍ਹੀ-ਲਿਖੀ ਨਹੀਂ ਸੀ ਪਰ ਉਸ ਦੇ ਮਨ ਵਿੱਚ ਪੜ੍ਹਾਈ ਦੀ ਕਦਰ ਬਹੁਤ ਸੀ। ਆਪਣੇ ਸੀਮਤ ਵਸੀਲਿਆਂ ਦੇ ਬਾਵਜੂਦ ਆਪਣੇ ਬੱਚਿਆਂ ਨੂੰ ਪੈਰਾਂ ’ਤੇ ਖੜ੍ਹਾ ਕਰਨ ਵਿੱਚ ਕਾਮਯਾਬ ਰਹੀ ਤੇ ਉਸੇ ਦੀ ਮਿਹਨਤ ਸਦਕਾ ਸਾਡੇ ਪਰਿਵਾਰ ਨੇ ਪੱਛੜੇ ਜਿਹੇ ਪਿੰਡ ਵਿੱਚੋਂ ਉੱਠ ਕੇ ਸ਼ਹਿਰ ਵਿੱਚ ਘਰ ਬਣਾ ਲਿਆ ਤਾਂ ਜੋ ਅਗਲੀ ਪੀੜ੍ਹੀ ਨੂੰ ਪੜ੍ਹਾਈ ਲਿਖਾਈ ਵਿੱਚ ਔਖ ਨਾ ਆਵੇ।
ਅੰਤ ਸਮੇਂ ਉਸ ਨੇ ਬੜੇ ਸਕੂਨ ਭਰੇ ਮਾਹੌਲ ਵਿੱਚ ਆਖ਼ਰੀ ਸਾਹ ਲਿਆ ਜਿਵੇਂ ਕੋਈ ਰੂਹ ਤੋਂ ਰੱਜਿਆ ਪੁੱਜਿਆ ਇਸ ਜਹਾਨ ਤੋਂ ਜਾਂਦਾ ਹੈ।
ਉਸ ਦੇ ਚਲੇ ਜਾਣ ਬਾਅਦ ਮੇਰੀ ਜ਼ਿੰਦਗੀ ਦੇ ਮੰਚ ’ਤੇ ਅਗਲਾ ਕਿਰਦਾਰ ਮੇਰੀ ਮਾਂ ਦਾ ਸੀ। ਹਾਂ! ਮੇਰੀ ਮਾਂ ਜਿਸ ਦੀ ਹੋਂਦ ਦਾਦੀ ਦੇ ਹੁੰਦਿਆਂ ਕਿਸੇ ਨੇ ਗ਼ੌਲੀ ਹੀ ਨਹੀਂ ਸੀ। ਸ਼ਾਇਦ ਉਸ ਨੇ ਖੁਦ ਨੇ ਵੀ ਨਹੀਂ। ਜਿਸ ਤਰ੍ਹਾਂ ਵੱਡੇ ਰੁੱਖ ਥੱਲੇ ਛੋਟਾ ਰੁੱਖ ਬਹੁਤਾ ਵਧ ਫੁੱਲ ਨਹੀਂ ਸਕਦਾ, ਇਸੇ ਤਰ੍ਹਾਂ ਦਾਦੀ ਦਾ ਮਿਹਨਤੀ ਜੁੱਸਾ ਤੇ ਖੁੱਲ੍ਹ ਡੁੱਲ੍ਹਾ ਸੁਭਾਅ, ਭੋਲੇ ਸੁਭਾਅ ਦੀ ਤੇ ਸੋਹਲ ਜਿਹੀ ਮਾਂ ’ਤੇ ਹਾਵੀ ਰਿਹਾ। ਦਾਦੀ ਦੇ ਤੁਰ ਜਾਣ ਬਾਅਦ ਉਸ ਦੀ ਖਾਲੀ ਥਾਂ ਲੈ ਸਕਣਾ ਮਾਂ ਲਈ ਵੱਡੀ ਚੁਣੌਤੀ ਸੀ ਕਿਉਂਕਿ ਦੋਵਾਂ ਦੀ ਮਿੱਟੀ ਤੇ ਤਾਸੀਰ ਵੱਖੋ-ਵੱਖਰੀ ਸੀ। ਜਿੱਥੇ ਦਾਦੀ ਮਸ਼ਾਲ ਬਣ ਕੇ ਰਾਹ ਦਸੇਰੀ ਬਣਦੀ ਰਹੀ ਉੱਥੇ ਮਾਂ ਦਾ ਵਜੂਦ ਮੋਮਬੱਤੀ ਵਾਂਗ ਸੀ ਜਿਸ ਵਿੱਚ ਦੂਜਿਆਂ ਨੂੰ ਰੌਸ਼ਨੀ ਦੇਣ ਲਈ ਆਪਣੇ ਵਜੂਦ ਨੂੰ ਮਨਫ਼ੀ ਕਰਦੇ ਜਾਣਾ ਸ਼ਾਮਿਲ ਸੀ। ਘਰ ਵਿੱਚ ਹਰ ਚੀਜ਼ ਨੂੰ ਉਸ ਦੀ ਥਾਂ ’ਤੇ ਸਜਾ ਕੇ ਰੱਖਦਿਆਂ ਤੇ ਘਰ ਦੇ ਇਕੱਲੇ-ਇਕੱਲੇ ਜੀ ਦੀ ਹਰ ਜ਼ਰੂਰਤ ਨੂੰ ਬਿਨਾਂ ਕਹੇ ਸਮੇਂ ਸਿਰ ਪੂਰਾ ਕਰਦਿਆਂ ਪਤਾ ਹੀ ਨਾ ਲੱਗਿਆ ਕਿਹੜੇ ਵੇਲ਼ੇ ਮਾਂ ਘਰ ਦਾ ਧੁਰਾ ਹੋ ਗਈ। ਜਦ ਸਾਡੇ ਵਿੱਚੋਂ ਕੋਈ ਅੱਵਲ ਆਉਣ ’ਤੇ ਸਟੇਜ ਤੋਂ ਇਨਾਮ ਜਾਂ ਕੋਈ ਹੋਰ ਮਾਣ ਸਨਮਾਨ ਪ੍ਰਾਪਤ ਕਰ ਰਿਹਾ ਹੁੰਦਾ ਤਾਂ ਉਸ ਦੇ ਪਿੱਛੇ ਮਾਂ ਦੀ ਮਿਹਨਤ ਹੁੰਦੀ। ਉਹ ਖੁਦ ਕਦੀ ਵੀ ਅਜਿਹੇ ਸਮਾਗਮ ਵਿੱਚ ਹਾਜ਼ਰ ਨਾ ਹੁੰਦੀ ਪਰ ਉਹ ਗ਼ੈਰ-ਹਾਜ਼ਰ ਹੁੰਦੀ ਹੋਈ ਵੀ ਹਾਜ਼ਰ ਹੁੰਦੀ। ਉਸ ਦੇ ਹੁੰਦਿਆਂ ਘਰ ਵਿੱਚ ਕਿਸੇ ਨੂੰ ਕੈਲੰਡਰ ਜਾਂ ਅਲਾਰਮ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ। ਉਸ ਨੇ ਆਪਣੇ ਆਪ ਨੂੰ ਸਾਡੇ ਸਾਰਿਆਂ ਦੀ ਜ਼ਰੂਰਤ ਅਨੁਸਾਰ ਢਾਲ ਲਿਆ। ਮੈਨੂੰ ਨਹੀਂ ਯਾਦ ਕਿ ਉਸ ਦੀ ਆਪਣੀ ਕੋਈ ਵੱਖਰੀ ਪਸੰਦ ਜਾਂ ਜ਼ਰੂਰਤ ਰਹੀ ਹੋਵੇ।
ਇਸ ਦੇ ਨਾਲ ਹੀ ਮੈਨੂੰ ਯਾਦ ਆਉਂਦੀ ਹੈ ਮਾਝੇ ਦੀ ਨਾਮਵਰ ਵਕੀਲ ਨਵਜੋਤ ਕੌਰ ਚੱਬਾ ਜਿਸ ਨੂੰ ਮਿਲਦਿਆਂ ਮੈਨੂੰ ਕਦੀ ਮਾਂ ਵਰਗੇ ਤੇ ਕਦੀ ਬਹੁਤ ਅਜ਼ੀਜ਼ ਸਹੇਲੀ ਵਰਗੇ ਆਪਣੇਪਨ ਦਾ ਅਹਿਸਾਸ ਹੁੰਦਾ ਹੈ। ਉਸ ਨੇ ਬਹੁਤ ਸਾਰੀਆਂ ਆਲੋਚਨਾਵਾਂ ਤੇ ਅਸਫਲਤਾਵਾਂ ਵਿੱਚੋਂ ਲੰਘਦਿਆਂ ਜਿਸ ਤਰ੍ਹਾਂ ਆਪਣੇ ਆਪ ਨੂੰ ਕਾਬਲ ਵਕੀਲ ਤੇ ਸਮਾਜਿਕ ਕਾਰਕੁਨ ਦੇ ਰੂਪ ਵਿੱਚ ਦੁਨੀਆ ਸਾਹਮਣੇ ਉਭਾਰਿਆ, ਉਹ ਆਪਣੀ ਮਿਸਾਲ ਆਪ ਹੈ। ਇਸ ਸਭ ਕੁਝ ਤੋਂ ਵੀ ਪਹਿਲਾਂ ਉਹ ਸੁਹਿਰਦ ਇਨਸਾਨ ਹੈ ਜਿਸ ਅੰਦਰ ਮਾਨਵਤਾ ਦੀ ਭਲਾਈ ਲਈ ਕੋਮਲ ਦਿਲ ਧੜਕਦਾ ਹੈ। ਲੱਗਦਾ ਹੈ ਜਿਵੇਂ ਉਸ ਦੀ ਕਵਿਤਰੀ ਮਾਂ ਦਰਸ਼ਨ ਕੌਰ ਆਪਣੇ ਅੰਦਰ ਦੀ ਸਾਰੀ ਦੀ ਸਾਰੀ ਸੰਵੇਦਨਾ ਉਹਦੀ ਝੋਲੀ ਪਾ ਗਈ ਹੋਵੇ। ਜਦ ਉਹ ਇੰਨੇ ਮਰਦਾਂ ਵਿੱਚ ਘਿਰੀ ਹੋਈ ਕਤਲ ਕੇਸਾਂ ਵਾਲੇ ਮੁਕੱਦਮੇ (ਜਿਹਨਾਂ ਵਿੱਚ ਉਸ ਦੀ ਖਾਸ ਮੁਹਾਰਤ ਮੰਨੀ ਜਾਂਦੀ ਹੈ) ਲੜ ਰਹੀ ਹੁੰਦੀ ਹੈ ਤਾਂ ਮੈਂ ਹੈਰਾਨ ਹੁੰਦੀ ਹਾਂ ਕਿ ਉਹ ਫੁੱਲਾਂ ਜਿਹੇ ਸੋਹਲ ਦਿਲ ਦੀ ਮਾਲਕ ਅਜਿਹੇ ਹਿੰਸਾਤਮਕ ਮਸਲਿਆਂ ਨਾਲ ਕਿਸ ਤਰ੍ਹਾਂ ਨਜਿੱਠ ਲੈਂਦੀ ਹੈ ਪਰ ਇਹ ਉਸ ਦੀ ਕਲਾ ਹੈ। ਇਸ ਤਰ੍ਹਾਂ ਵਿਚਰਦਿਆਂ ਮਰਦ ਸਮਾਜ ਵੱਲੋਂ ਆਚਰਨ ’ਤੇ ਚੁੱਕੇ ਸਵਾਲਾਂ ਦੇ ਜਵਾਬ ਵਿੱਚ ਸਫ਼ਾਈਆਂ ਦੇ ਕੇ ਆਪਣੇ ਆਪ ਨੂੰ ਸਤੀ ਸਵਿੱਤਰੀ ਸਾਬਤ ਕਰਨ ਵਿੱਚ ਸਮਾਂ ਨਸ਼ਟ ਕਰਨ ਦੀ ਥਾਂ ਉਹ ਆਪਣੇ ਹੀ ਅੰਦਾਜ਼ ਅਨੁਸਾਰ ਕੰਮ ਵਿੱਚ ਮਸਤ ਰਹਿੰਦੀ ਹੈ ਤੇ ਜ਼ੁਬਾਨ ਦੀ ਥਾਂ ਆਪਣੇ ਕੰਮ ਨਾਲ ਹੀ ਜਵਾਬ ਦੇਣ ਵਿੱਚ ਵਿਸ਼ਵਾਸ ਰੱਖਦੀ ਹੈ। ਭਾਰਤ ਦੀ ਜੇਲ੍ਹ ਵਿੱਚ ਜਨਮੀ ਬੱਚੀ ਹਿਨਾ ਨੂੰ ਉਸ ਦੇ ਦੇਸ਼ ਪਾਕਿਸਤਾਨ ਪਹੁੰਚਾਉਣ ਦੀ ਉਸ ਦੀ ਪਹਿਲਕਦਮੀ ਨੇ ਉਸ ਨੂੰ ਕੌਮਾਂਤਰੀ ਪੱਧਰ ’ਤੇ ਹਰਮਨ ਪਿਆਰੀ ਬਣਾ ਦਿੱਤਾ।
ਤੁਰਦਿਆਂ-ਤੁਰਦਿਆਂ ਮੇਰੇ ਕਦਮ ਪੰਜਾਬੀ ਸਾਹਿਤ ਦੀ ਉਸ ਮਹਾਨ ਔਰਤ ਦੇ ਘਰ ਵੱਲ ਹੋ ਤੁਰੇ ਜਿਸ ਦੀ ਸਵੈ-ਜੀਵਨੀ ਪੜ੍ਹਦਿਆਂ ਕਈ ਵਾਰ ਮਨ ਵਿੱਚ ਖਿਆਲ ਆਇਆ ਕਿ ਕਿਸ ਮਿੱਟੀ ਦੀ ਬਣੀ ਹੋਈ ਹੈ ਇਹ ਔਰਤ ਜੋ ਵਿੰਗੀਆਂ ਟੇਢੀਆਂ ਪਗਡੰਡੀਆਂ ’ਤੇ ਚੱਲਦੀ ਕਦੀ ਅੱਕਦੀ ਥੱਕਦੀ ਨਹੀਂ। ਇਹ ਬਚਿੰਤ ਕੌਰ ਹੈ ਜਿਸ ਦੇ ਜੰਮਣ ’ਤੇ ਸਜ਼ਾ ਵਜੋਂ ਉਸ ਦੀ ਮਾਂ ਨੂੰ ਡੰਗਰਾਂ ਵਾਲੇ ਕੋਠੇ ਵਿੱਚ ਜਣੇਪਾ ਕੱਟਣ ਲਈ ਮਜਬੂਰ ਕਰ ਦਿੱਤਾ ਗਿਆ। ਛੋਟੀ ਉਮਰੇ ਵਿਆਹ ਦਿੱਤੇ ਜਾਣ ਕਾਰਨ ਉਹ 14 ਸਾਲ ਦੀ ਉਮਰ ਵਿੱਚ ਆਪਣੇ ਪਹਿਲੇ ਬੱਚੇ ਦੀ ਮਾਂ ਬਣ ਗਈ ਸੀ ਤੇ ਅਗਲੇ ਕਈ ਵਰ੍ਹੇ ਉਸ ਨੇ ਆਪਣੇ ਪਰਿਵਾਰ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਲੋਕਾਂ ਦੇ ਘਰਾਂ ’ਚ ਦੁੱਧ ਪਾਉਣ ਤੇ ਸੇਲਜ ਗਰਲ ਬਣ ਕੇ ਘਰੋ-ਘਰੀ ਜਾਣ ਸਮੇਤ ਹਰ ਛੋਟਾ ਵੱਡਾ ਕੰਮ ਕੀਤਾ। ਬਹੁਤ ਮਿਹਨਤ ਅਤੇ 30 ਤੋਂ ਵੱਧ ਵਾਰੀ ਇੰਟਰਵਿਊ ਦੇਣ ਮਗਰੋਂ ਉਸ ਨੂੰ ਸਰਕਾਰੀ ਨੌਕਰੀ ਹਾਸਲ ਹੋਈ। ਆਪਣੀ ਸਾਰੀ ਪੜ੍ਹਾਈ ਉਸ ਨੇ ਆਪਣੇ ਬੱਚਿਆਂ ਦੇ ਨਾਲ-ਨਾਲ ਉਹਨਾਂ ਦੇ ਸਕੂਲਾਂ ਵਿੱਚ ਕੀਤੀ। ਮਰਦ ਸਮਾਜ ਦਾ ਦਿੱਤਾ ਉਸ ਨੇ ਬਥੇਰਾ ਸੰਤਾਪ ਹੰਢਾਇਆ। ਅੱਜ ਜਦੋਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ 72 ਦੇ ਕਰੀਬ ਪੁਸਤਕਾਂ ਪਾ ਕੇ ਅਨੇਕ ਤਰ੍ਹਾਂ ਦੇ ਮਾਣ ਸਨਮਾਨ ਹਾਸਲ ਕਰਦਿਆਂ ਸਾਰੀਆਂ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋ ਕੇ ਬੈਠੀ ਹੈ ਤਾਂ 84 ਵਰ੍ਹਿਆਂ ਦੀ ਹੋ ਚੁੱਕੀ ਹੈ। ਉਮਰ ਦੇ ਇਸ ਪੜਾਅ ’ਤੇ ਅੱਖਾਂ ਦੀ ਰੌਸ਼ਨੀ ਘੱਟ ਜਾਣ ਕਾਰਨ ਡਾਕਟਰ ਦੀ ਸਲਾਹ ਅਨੁਸਾਰ ਕਾਗਜ਼ ਕਲਮ ਦੀ ਦੁਨੀਆਂ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖਣੀ ਪੈ ਰਹੀ ਹੈ ਤਾਂ ਉਹ ਥੋੜ੍ਹੀ ਜਿਹੀ ਉਦਾਸ ਨਜ਼ਰ ਆਉਂਦੀ ਹੈ। ਉਸ ਦੇ ਮਨ ਅੰਦਰ ਇਹ ਝੋਰਾ ਰਹਿੰਦਾ ਹੈ ਕਿ ਹੁਣ ਉਹ ਕੁਝ ਲਿਖ ਪੜ੍ਹ ਕਿਉਂ ਨਹੀਂ ਸਕਦੀ, ਕੋਈ ਕੰਮ ਕਾਰ ਕਿਉਂ ਨਹੀਂ ਕਰ ਸਕਦੀ। ਉਸ ਦੇ ਮੂੰਹੋਂ ਅਜਿਹੇ ਸਵਾਲ ਸੁਣਦਿਆਂ ਜੀਅ ਕਰਦਾ ਹੁੰਦਾ ਹੈ ਕਿ ਉਸ ਨੂੰ ਕਹਾਂ- “ਬੱਸ ਵੀ ਕਰ ਹੁਣ। ਜਿੰਨੀ ਪੀੜ ਤੂੰ ਇੱਕੋ ਜਨਮ ਵਿੱਚ ਹੰਢਾ ਆਈ ਹੈਂ, ਇੰਨੀ ਤਾਂ ਕੋਈ ਆਮ ਔਰਤ ਚਾਰ ਜਨਮਾਂ ਵਿੱਚ ਵੀ ਨਹੀਂ ਹੰਢਾਉਂਦੀ। ਹੁਣ ਤੇਰਾ ਸਰੀਰ ਤੇ ਤੇਰੀ ਰੂਹ ਆਰਾਮ ਮੰਗਦੇ ਹਨ।” ਉਂਝ, ਉਮਰ ਦੇ ਵਰ੍ਹਿਆਂ ਦਾ ਇਹ ਫਾਸਲਾ ਮੈਨੂੰ ਮੂੰਹ ਭਰ ਕੇ ਇਹ ਗੱਲ ਕਹਿਣ ਤੋਂ ਵਰਜ ਲੈਂਦਾ ਹੈ।
ਤੇ ਅਖ਼ੀਰ ਵਿੱਚ ਮੈਂ ਉਸ ਔਰਤ ਦਾ ਨਾਮ ਲੈਣਾ ਕਿਵੇਂ ਭੁੱਲ ਸਕਦੀ ਹਾਂ ਜਿਸ ਦੀ ਕਵਿਤਾ ਪੜ੍ਹਦਿਆਂ ਅਖਬਾਰਾਂ ਰਸਾਲਿਆਂ ਵਿਚੋਂ ਕੱਟ-ਕੱਟ ਆਪਣੀ ਡਾਇਰੀਨੁਮਾ ਕਾਪੀ ਵਿੱਚ ਜੋੜਦੀ ਰਹਿੰਦੀ ਸੀ। ਇਹ ਸਕੂਲ ਵਾਲੇ ਦਿਨਾਂ ਦੀਆਂ ਗੱਲਾਂ ਹਨ। ਮੈਂ ਬੜੀ ਰੀਝ ਨਾਲ ਸੁਖਵਿੰਦਰ ਅੰਮ੍ਰਿਤ ਦੀ ਅਗਲੀ ਪੁਸਤਕ ਨੂੰ ਉਡੀਕਦੀ:
ਮਰਦ ਮਾਇਨੇ ਹਕੂਮਤ/ਔਰਤ ਮਾਇਨੇ ਬੇਵਸੀ
ਝਾਂਜਰ ਮਾਇਨੇ ਬੇੜੀ/ਚੂੜੀ ਮਾਇਨੇ ਹੱਥ ਘੜੀ
ਉਸ ਦੀਆਂ ਇਹਨਾਂ ਪੰਕਤੀਆਂ ਨੇ ਮੇਰੀ ਜਿ਼ੰਦਗੀ ਵਿੱਚੋਂ ਚੂੜੀਆਂ ਤੇ ਝਾਂਜਰਾਂ ਹਮੇਸ਼ਾ ਲਈ ਮਨਫ਼ੀ ਕਰ ਦਿੱਤੀਆਂ ਸਨ। ਸੁਖਵਿੰਦਰ ਅੰਮ੍ਰਿਤ ਦੇ ਗੀਤਾਂ ਵਾਲੀਆਂ ਕਾਪੀਆਂ ਕਦੇ ਚੁੱਲ੍ਹੇ ਵਿੱਚ ਸਾੜੀਆਂ ਜਾਂਦੀਆਂ ਪਰ ਉਸ ਦੇ ਸਿਦਕ ਤੇ ਸਿਰੜ ਨੇ ਉਹਨਾਂ ਕਾਪੀਆਂ ਨੂੰ ਚੁੱਲ੍ਹਿਆਂ ਤੋਂ ਚੁੱਕ ਕੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀ ਦੇ ਸਿਲੇਬਸ ਤੱਕ ਅਪੜਾ ਦਿੱਤਾ। ਉਸ ਨੇ ਆਪਣੇ ਨਾਲ ਹੋਈ-ਬੀਤੀ ਦੀ ਸਾਰੀ ਤਪਸ਼ ਕਾਗਜ਼ਾਂ ਹਵਾਲੇ ਕਰ ਦਿੱਤੀ। ਇੰਨੀ ਪ੍ਰਸਿੱਧੀ ਤੋਂ ਬਾਅਦ ਵੀ ਉਹਦੇ ਅੰਦਰ ਵੱਡੇ ਲੇਖਕਾਂ ਵਾਲੀ ਕੋਈ ਮਿਜ਼ਾਜ ਨਹੀਂ ਦਿਸਦੀ। ਉਹ ਕਿਸੇ ਸ਼ਾਂਤ ਵਹਿੰਦੀ ਝੀਲ ਵਾਂਗ ਮਹਿਸੂਸ ਹੁੰਦੀ ਹੈ ਜਿਹੜੀ ਚਾਹੇ ਕਿੰਨੇ ਵੀ ਪੱਥਰਾਂ ’ਚੋਂ ਲੰਘ ਕੇ ਆਈ ਹੋਵੇ ਪਰ ਦੇਖਣ ਵਾਲੇ ਦੀ ਨਿਗ੍ਹਾ ਨੂੰ ਹਮੇਸ਼ਾ ਠਾਰਦੀ ਹੈ।
ਇਉਂ ਜਿ਼ੰਦਗੀ ਦੇ ਰਾਹਾਂ ’ਤੇ ਤੁਰਦਿਆਂ ਟੁਕੜਿਆਂ ਵਿੱਚ ਮਿਲੀਆਂ ਇਹਨਾਂ ਮਹਾਨ ਔਰਤਾਂ ਨੂੰ ਮੈਂ ਆਪਣੇ ਅੰਦਰ ਕਿਤੇ ਗਹਿਰਾ ਸੰਭਾਲ ਕੇ ਰੱਖ ਲਿਆ ਹੋਇਆ ਹੈ। ਇਹਨਾਂ ਦੇ ਸੰਘਰਸ਼ ਦੀਆਂ ਕਹਾਣੀਆਂ ਮੇਰੇ ਅੰਦਰ ਵੀ ਜਿਊਣ ਦਾ ਜਜ਼ਬਾ ਭਰਦੀਆਂ ਤੇ ਕੁਝ ਚੰਗਾ ਕਰਨ ਲਈ ਪ੍ਰੇਰਦੀਆਂ ਰਹਿੰਦੀਆਂ ਹਨ। ਅੰਗਿਆਰਾਂ ਦੀ ਕਿਸਮ ਚਾਹੇ ਕੋਈ ਵੀ ਹੋਵੇ, ਉਹਨਾਂ ਦੀ ਤਾਸੀਰ ਹਮੇਸ਼ਾ ਅੱਗ ਹੀ ਹੁੰਦੀ ਹੈ, ਦੁੱਖ ਦੇਣਾ ਹੀ ਹੁੰਦੀ ਹੈ। ਉਹ ਅੰਗਿਆਰ ਹੀ ਕੀ ਹੋਏ ਜਿਨ੍ਹਾਂ ਵਿੱਚ ਸੇਕ ਨਾ ਹੋਇਆ। ਹਾਂ, ਇੰਨਾ ਫ਼ਰਕ ਜ਼ਰੂਰ ਹੈ ਕਿ ਇਹਨਾਂ ਦੀਆਂ ਪ੍ਰੇਰਨਾ ਹੁਣ ਮੇਰੇ ਕੂਲ਼ੇ ਪੈਰਾਂ ਨੂੰ ਸੇਕ ਮਹਿਸੂਸ ਨਹੀਂ ਹੋਣ ਦਿੰਦੀ।
ਸ਼ਾਲਾ! ਇਹ ਇਸੇ ਤਰ੍ਹਾਂ ਜਿਉਂਦੀਆਂ ਵੱਸਦੀਆਂ ਰਹਿਣ।

Advertisement

ਸੰਪਰਕ: 70878-61470

Advertisement
Author Image

sukhwinder singh

View all posts

Advertisement
Advertisement
×