For the best experience, open
https://m.punjabitribuneonline.com
on your mobile browser.
Advertisement

ਚੌਥਾ ਟੈਸਟ: ਇੰਗਲਿਸ਼ ਸਪਿੰਨਰਾਂ ਦੀ ਫਿਰਕੀ ਵਿੱਚ ਫਸਿਆ ਭਾਰਤ

07:41 AM Feb 25, 2024 IST
ਚੌਥਾ ਟੈਸਟ  ਇੰਗਲਿਸ਼ ਸਪਿੰਨਰਾਂ ਦੀ ਫਿਰਕੀ ਵਿੱਚ ਫਸਿਆ ਭਾਰਤ
ਇੰਗਲੈਂਡ ਦੇ ਬੱਲੇਬਾਜ਼ ਓਲੀ ਰੌਬਿਨਸਨ ਦੀ ਵਿਕਟ ਲੈਣ ਮਗਰੋਂ ਖੁਸ਼ੀ ਸਾਂਝੀ ਕਰਦੇ ਹੋਏ ਭਾਰਤੀ ਖਿਡਾਰੀ। -ਫੋਟੋ: ਏਐੱਨਆਈ
Advertisement

ਰਾਂਚੀ, 24 ਫਰਵਰੀ
ਸਪਿੰਨਰ ਸ਼ੋਏਬ ਬਸ਼ੀਰ (84 ਦੌੜਾਂ ’ਤੇ ਚਾਰ ਵਿਕਟਾਂ) ਅਤੇ ਟੌਮ ਹਾਰਟਲੀ (47 ਦੌੜਾਂ ’ਤੇ ਦੋ ਵਿਕਟਾਂ) ਨੇ ਭਾਰਤੀ ਬੱਲੇਬਾਜ਼ਾਂ ਨੂੰ ਆਪਣੀ ਫਿਰਕੀ ’ਚ ਫਸਾ ਕੇ ਅੱਜ ਇੱਥੇ ਲੜੀ ਦੇ ਚੌਥੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਇੰਗਲੈਂਡ ਨੂੰ ਲੀਡ ਦਿਵਾਉਣ ਵੱਲ ਵਧਾਇਆ। ਇੰਗਲੈਂਡ ਦੀ ਪਹਿਲੀ ਪਾਰੀ ਦੇ 353 ਦੌੜਾਂ ਦੇ ਜਵਾਬ ’ਚ ਭਾਰਤ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਸੱਤ ਵਿਕਟਾਂ ’ਤੇ 219 ਦੌੜਾਂ ਬਣਾ ਲਈਆਂ ਹਨ। ਇਸ ਤਰ੍ਹਾਂ ਭਾਰਤ ਹਾਲੇ ਵੀ ਇੰਗਲੈਂਡ ਤੋਂ 134 ਦੌੜਾਂ ਪਿੱਛੇ ਹੈ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਛੱਡ ਕੇ ਭਾਰਤ ਦੇ ਬੱਲੇਬਾਜ਼ਾਂ ਨੂੰ ਸੰਘਰਸ਼ ਕਰਨਾ ਪਿਆ। ਜੈਸਵਾਲ ਨੇ 117 ਗੇਂਦਾਂ ’ਤੇ 73 ਦੌੜਾਂ ਬਣਾਈਆਂ।
ਇਕ ਸਮੇਂ ਭਾਰਤ ਦਾ ਸਕੋਰ ਸੱਤ ਵਿਕਟਾਂ ’ਤੇ 177 ਦੌੜਾਂ ਸੀ ਪਰ ਇਸ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ (58 ਗੇਂਦਾਂ ’ਤੇ ਨਾਬਾਦ 30 ਦੌੜਾਂ) ਅਤੇ ਕੁਲਦੀਪ ਯਾਦਵ (72 ਗੇਂਦਾਂ ’ਤੇ ਨਾਬਾਦ 17 ਦੌੜਾਂ) ਨੇ ਬਾਕੀ ਬਚੇ 17.4 ਓਵਰਾਂ ਵਿਚ ਕੋਈ ਵਿਕਟ ਨਹੀਂ ਡਿੱਗਣ ਦਿੱਤੀ। ਭਾਰਤ ਨੇ ਪਹਿਲੇ ਸੈਸ਼ਨ ਵਿੱਚ ਕਪਤਾਨ ਰੋਹਿਤ ਸ਼ਰਮਾ (02) ਅਤੇ ਦੂਜੇ ਸੈਸ਼ਨ ਵਿੱਚ ਸ਼ੁਭਮਨ ਗਿੱਲ (38), ਰਜਤ ਪਾਟੀਦਾਰ (17) ਅਤੇ ਰਵਿੰਦਰ ਜਡੇਜਾ (12) ਦੀਆਂ ਵਿਕਟਾਂ ਗੁਆ ਦਿੱਤੀਆਂ। ਬਸ਼ੀਰ ਨੇ ਦੂਜੇ ਸੈਸ਼ਨ ਵਿੱਚ ਇੰਗਲੈਂਡ ਲਈ ਤਿੰਨੋਂ ਵਿਕਟਾਂ ਲਈਆਂ। ਜੈਸਵਾਲ, ਸਰਫਰਾਜ਼ ਖਾਨ (14) ਅਤੇ ਰਵੀਚੰਦਰਨ ਅਸ਼ਵਿਨ (01) ਤੀਜੇ ਸੈਸ਼ਨ ਵਿੱਚ ਪਵੇਲੀਅਨ ਪਰਤੇ। ਇਸ ਤੋਂ ਪਹਿਲਾਂ ਜੋਅ ਰੂਟ ਦੀ ਨਾਬਾਦ 122 ਦੌੜਾਂ ਦੀ ਪਾਰੀ ਦੀ ਮਦਦ ਨਾਲ ਇੰਗਲੈਂਡ ਨੇ 353 ਦੌੜਾਂ ਬਣਾਈਆਂ ਸਨ। ਉਸ ਨੇ ਓਲੀ ਰੌਬਿਨਸਨ (58) ਨਾਲ ਅੱਠਵੀਂ ਵਿਕਟ ਲਈ 102 ਦੌੜਾਂ ਦੀ ਭਾਈਵਾਲੀ ਕੀਤੀ। -ਪੀਟੀਆਈ

Advertisement

ਜੈਸਵਾਲ 600 ਤੋਂ ਵੱਧ ਦੌੜਾਂ ਬਣਾਉਣ ਵਾਲਾ ਪੰਜਵਾਂ ਭਾਰਤੀ ਬਣਿਆ

ਰਾਂਚੀ: ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅੱਜ ਇੱਥੇ ਇੰਗਲੈਂਡ ਖ਼ਿਲਾਫ਼ ਚੌਥੇ ਮੈਚ ਦੇ ਦੂਜੇ ਦਿਨ ਇੱਕ ਟੈਸਟ ਲੜੀ ’ਚ 600 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲਾ ਪੰਜਵਾਂ ਭਾਰਤੀ ਬਣ ਗਿਆ। ਪਿਛਲੇ ਸਾਲ ਵੈਸਟਇੰਡੀਜ਼ ਦੌਰੇ ’ਤੇ ਡੈਬਿਊ ਕਰਨ ਵਾਲੇ ਖੱਬੇ ਹੱਥੇ ਦੇ ਬੱਲੇਬਾਜ਼ ਜੈਸਵਾਨ ਨੇ ਮੌਜੂਦਾ ਪੰਜ ਮੈਚ ਦੀ ਟੈਸਟ ਲੜੀ ਵਿੱਚ ਆਪਣੀ ਸੱਤਵੀਂ ਪਾਰੀ ਦੌਰਾਨ ਇਹ ਪ੍ਰਾਪਤੀ ਆਖ਼ਰੀ ਸੈਸ਼ਨ ’ਚ ਸ਼ੋਇਬ ਬਸ਼ੀਰ ਦੀ ਗੇਂਦ ’ਤੇ ਨਾਬਾਦ 55 ਦੌੜਾਂ ਸਦਕਾ ਕੁੱਲ 618 ਦੌੜਾਂ ਬਣਾ ਕੇ ਹਾਸਲ ਕੀਤੀ। ਜੈਸਵਾਲ ਨੇ ਮੌਜੂਦਾ ਲੜੀ ਦੇ ਦੂਜੇ ਅਤੇ ਤੀਜੇ ਟੈਸਟ ਵਿੱਚ ਦੋ ਦੋਹਰੇ ਸੈਂਕੜੇ ਲਗਾਏ ਹਨ। ਇਸ ਤਰ੍ਹਾਂ 22 ਸਾਲ ਦਾ ਇਹ ਖਿਡਾਰੀ ਇੱਕ ਟੈਸਟ ਲੜੀ ਵਿੱਚ 600 ਤੋਂ ਵੱਧ ਦੌੜਾਂ ਬਣਾਉਣ ਦੇ ਕਾਰਨਾਮੇ ’ਚ ਭਾਰਤ ਦੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ, ਵਿਰਾਟ ਕੋਹਲੀ, ਰਾਹੁਲ ਦ੍ਰਾਵਿੜ ਅਤੇ ਦਿਲੀਪ ਸਰਦੇਸਾਈ ਨਾਲ ਸ਼ਾਮਲ ਹੋ ਗਿਆ। ਸਾਬਕਾ ਭਾਰਤੀ ਕਪਤਾਨ ਗਾਵਸਕਰ, ਕੋਹਲੀ ਅਤੇ ਦ੍ਰਾਵਿੜ ਨੇ ਆਪਣੇ ਕਰੀਅਰ ਵਿੱਚ ਇੱਕ ਟੈਸਟ ਲੜੀ ’ਚ ਦੋ ਵਾਰ 600 ਤੋਂ ਵੱਧ ਦੌੜਾਂ ਬਣਾਈਆਂ। ਇਸੇ ਤਰ੍ਹਾਂ ਸਰਦੇਸਾਈ ਨੇ ਇਹ ਪ੍ਰਾਪਤੀ 1970-71 ਵਿੱਚ ਵੈਸਟਇੰਡੀਜ਼ ’ਚ ਹੋਈ ਲੜੀ ਦੌਰਾਨ ਹਾਸਲ ਕੀਤੀ ਸੀ। ਗਾਵਸਕਰ ਨੇ 1970-71 ਦੀ ਇਸ ਲੜੀ ਵਿੱਚ ਹੀ ਚਾਰ ਸੈਂਕੜੇ ਅਤੇ ਤਿੰਨ ਨੀਮ ਸੈਂਕੜਿਆਂ ਨਾਲ 774 ਦੌੜਾਂ ਬਣਾ ਕੇ ਇੱਕ ਟੈਸਟ ਲੜੀ ਵਿੱਚ ਕਿਸੇ ਭਾਰਤੀ ਬੱਲੇਬਾਜ਼ ਦਾ ਸਰਵੋਤਮ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਸੀ। ਗਾਵਸਕਰ ਹੀ ਇਕਲੌਤਾ ਭਾਰਤੀ ਹੈ, ਜੋ ਇੱਕ ਟੈਸਟ ਲੜੀ ਵਿੱਚ ਦੋ ਮੌਕਿਆਂ ’ਤੇ 700 ਤੋਂ ਵੱਧ ਦੌੜਾਂ ਬਣਾ ਸਕਿਆ ਹੈ। ‘ਲਿਟਲ ਮਾਸਟਰ’ ਨੇ 1978-79 ਵਿੱਚ ਵੈਸਟਇੰਡੀਜ਼ ਦੇ ਭਾਰਤ ਦੌਰੇ ’ਤੇ ਚਾਰ ਸੈਂਕੜੇ ਅਤੇ ਇੱਕ ਨੀਮ ਸੈਂਕੜੇ ਨਾਲ ਛੇ ਟੈਸਟ ਵਿੱਚ 732 ਦੌੜਾਂ ਬਣਾਈਆਂ ਸੀ। ਇੱਕ ਟੈਸਟ ਲੜੀ ਵਿੱਚ ਸਰਵੋਤਮ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਆਸਟਰੇਲੀਆ ਦੇ ਮਹਾਨ ਬੱਲੇਬਾਜ਼ ਡਾਨ ਬ੍ਰੈਡਮੈਨ ਦੇ ਨਾਮ ਹੈ, ਜਿਸ ਨੇ 1930 ਵਿੱਚ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ’ਚ ਚਾਰ ਸੈਂਕੜਿਆਂ ਨਾਲ 974 ਦੌੜਾਂ ਬਣਾਈਆਂ ਸੀ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×