ਮਰਨ ਵਰਤ ਦਾ ਚੌਥਾ ਦਿਨ: ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਤੇ ਤੇਜਸਵੀ ਤੋਂ ਸਾਥ ਮੰਗਿਆ
ਪਟਨਾ, 5 ਜਨਵਰੀ
ਬਿਹਾਰ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਟਨਾ ਦੇ ਗਾਂਧੀ ਮੈਦਾਨ ਵਿਚ ਮਰਨ ਵਰਤ ਉੱਤੇ ਬੈਠੇ ਜਨ ਸਵਰਾਜ ਪਾਰਟੀ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦਾ ਸਾਥ ਮੰਗਿਆ ਹੈ। ਆਪਣੇ ਮਰਨ ਵਰਤ ਦੇ ਚੌਥੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸ਼ੋਰ ਨੇ ਕਿਹਾ, ‘‘ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਅੰਦੋਲਨ ਗੈਰਸਿਆਸੀ ਹੈ ਤੇ ਮੇਰੀ ਪਾਰਟੀ ਦੇ ਬੈਨਰ ਹੇਠ ਨਹੀਂ ਹੋ ਰਿਹਾ। ਬੀਤੀ ਰਾਤ ਨੌਜਵਾਨਾਂ ਨੇ ‘ਯੁਵਾ ਸੱਤਿਆਗ੍ਰਹਿ ਸਮਿਤੀ’ ਨਾਂ ਦੀ 51 ਮੈਂਬਰੀ ਕਮੇਟੀ ਬਣਾਈ ਹੈ; ਜੋ ਇਸ ਅੰਦੋਲਨ ਨੂੰ ਆਪਣੇ ਹੱਥਾਂ ਵਿਚ ਲੈ ਲਏਗੀ, ਜਿਸ ਦਾ ਪ੍ਰਸ਼ਾਂਤ ਕਿਸ਼ੋਰ ਇਕ ਹਿੱਸਾ ਹੈ। ਰਾਹੁਲ ਗਾਂਧੀ, ਜਿਨ੍ਹਾਂ ਕੋਲ 100 ਐੱਮਪੀ ਹਨ ਤੇ ਤੇਜਸਵੀ ਯਾਦਵ ਜਿਨ੍ਹਾਂ ਕੋਲ 70 ਤੋਂ ਵੱਧ ਵਿਧਾਇਕ ਹਨ, ਦਾ ਹਮਾਇਤ ਦੇਣ ਲਈ ਸਵਾਗਤ ਹੈ।’’ ਕਿਸ਼ੋਰ ਨੇ ਕਿਹਾ, ‘‘ਇਹ ਆਗੂ ਸਾਡੇ ਨਾਲੋਂ ਕਿਤੇ ਵੱਡੇ ਹਨ। ਉਹ ਗਾਂਧੀ ਮੈਦਾਨ ਉੱਤੇ ਪੰਜ ਲੱਖ ਲੋਕਾਂ ਦਾ ਇਕੱਠ ਕਰ ਸਕਦੇ ਹਨ...ਤੇ ਇਹੀ ਉਹ ਸਮਾਂ ਹੈ। ਨੌਜਵਾਨਾਂ ਦਾ ਭਵਿੱਖ ਦਾਅ ਉੱਤੇ ਹੈ। ਅਸੀਂ ਬੇਰਹਿਮ ਨਿਜ਼ਾਮ ਦਾ ਸਾਹਮਣਾ ਕਰ ਰਹੇ ਹਾਂ, ਜਿਸ ਨੇ ਪਿਛਲੇ ਤਿੰਨ ਸਾਲਾਂ ਵਿਚ 87 ਵਾਰ ਲਾਠੀਚਾਰਜ ਦੇ ਹੁਕਮ ਦਿੱਤੇ ਹਨ।’’ ਪੀਟੀਆਈ