ਚੌਥਾ ਦਰਜਾ ਕਾਮਿਆਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 10 ਜੂਨ
ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ, ਜ਼ਿਲ੍ਹਾ ਪਟਿਆਲਾ ਦੇ ਆਗੂਆਂ ਨੇ ਅੱਜ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਸਰਕਾਰ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਰੈਗੂਲਰ ਕਰਨ ਦੀ ਨੀਤੀ ਵਿਚ ਕਈ ਸਾਰੀਆਂ ਸ਼ਰਤਾਂ ਲਗਾ ਕੇ ਬਹੁਤ ਸਾਰੇ ਵਰਗਾਂ ਦੇ ਕਾਮਿਆਂ ਨੂੰ ਪੱਕੇ ਹੋਣ ਤੋਂ ਦੂਰ ਕਰ ਦਿੱਤਾ ਗਿਆ ਹੈ।
ਅੱਜ ਸੂਬਾ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਆਗੂਆਂ ਨੇ ਕਈ ਫ਼ੈਸਲੇ ਕੀਤੇ। ਜ਼ਿਲ੍ਹਾ ਕਮੇਟੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਨੀਤੀ 2023 ਵਿੱਚ ਆਊਟ ਸੋਰਸਡ, ਪਾਰਟ ਟਾਈਮ ਤੇ ਮਲਟੀਟਾਸਕ ਵਰਗਾਂ ਦੇ ਕਰਮੀਆਂ ਨੂੰ ਸ਼ਾਮਲ ਨਹੀਂ ਕੀਤਾ, ਰੈਗੂਲਾਈਜੇਸ਼ਨ ਨੀਤੀ 2023 ਵਿੱਚ ਢੇਰ ਸਾਰੀਆਂ ਸ਼ਰਤਾਂ ਲਗਾਉਣ ‘ਤੇ ਕਾਮੇ ਨਾਰਾਜ਼ ਹਨ। ਉਨ੍ਹਾਂ ਇਸ ਨੀਤੀ ਨੂੰ ਸਰਲ ਕਰਨ ਦੀ ਮੰਗ ਕੀਤੀ । ਮੁਲਾਜ਼ਮ, ਪੈਨਸ਼ਨਰਾਂ ਦੀਆਂ ਮੰਗਾਂ ਅਤੇ ਆਊਟ ਸੋਰਸ ਕਰਮੀਆਂ ਦੀ ਠੇਕੇਦਾਰਾਂ/ਠੇਕਾ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਤੇ ਆਊਟ ਸੋਰਸ ਕਰਮੀਆਂ ਨੂੰ ਵਿਭਾਗਾਂ ਵਿੱਚ ਖਪਾਉਣਾ, ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ 18 ਅਕਤੂਬਰ 2021 ਦੀ ਰੋਸ਼ਨੀ ਵਿੱਚ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿੱਚ ਚੌਥਾ ਦਰਜਾ ਕਰਮਚਾਰੀਆਂ ਦੀ ਰੈਗੂਲਰ ਭਰਤੀ ਕਰਨ ਅਤੇ ਵੱਖ-ਵੱਖ ਵਿਭਾਗ ਦੇ ਸਾਲ 2020 ਵਿੱਚ ਕੀਤੇ ਗਏ ਪੁਨਰ ਗਠਨ ਦੌਰਾਨ ਖ਼ਤਮ ਕੀਤੀਆਂ ਅਸਾਮੀਆਂ ਨੂੰ ਸੁਰਜੀਤ ਕਰਨ ਦੀਆਂ ਹਦਾਇਤਾਂ ਲਾਗੂ ਕਰਨ ਤੇ ਮੰਗਾਂ ਸਬੰਧੀ ਵੀ ਸਰਕਾਰ ਨੂੰ ਘੇਰਿਆ। ਇਸ ਮੌਕੇ ਫ਼ੈਸਲਾ ਕੀਤਾ ਕਿ ਮਰਹੂਮ ਆਗੂ ਕਾਮਰੇਡ ਸੱਜਣ ਸਿੰਘ ਦੀ ਬਰਸੀ 15 ਜੂਨ ਨੂੰ ਜ਼ਿਲ੍ਹਾ ਸਦਰ ਮੁਕਾਮਾਂ ‘ਤੇ ਮਨਾਈ ਜਾਵੇਗੀ। ਪਟਿਆਲਾ ਵਿਚਲੇ ਮੁਲਾਜ਼ਮ ਇਸ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੰਗ ਦਿਵਸ ਮਨਾਉਗੇ। ਇਸ ਮੌਕੇ ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਗੁਰਦਰਸ਼ਨ ਸਿੰਘ, ਨਾਰੰਗ ਸਿੰਘ, ਸੂਰਜ ਪਾਲ ਯਾਦਵ, ਇੰਦਰਪਾਲ, ਅਸ਼ੋਕ ਕੁਮਾਰ ਬਿੱਟੂ, ਜਗਤਾਰ ਲਾਲ ਅਤੇ ਦਰਸ਼ਨ ਘੱਗਾ ਨੇ ਸੰਬੋਧਨ ਕੀਤਾ।