ਮੂਰਤੀ ਜਲ ਪ੍ਰਵਾਹ ਕਰਨ ਆਏ ਚਾਰ ਨੌਜਵਾਨ ਬਿਆਸ ’ਚ ਰੁੜੇ
ਦਵਿੰਦਰ ਸਿੰਘ ਭੰਗੂ
ਰਈਆ, 1 ਸਤੰਬਰ
ਇੱਥੇ ਬਾਅਦ ਦੁਪਹਿਰ ਬਿਆਸ ਦਰਿਆ ਵਿੱਚ ਮੂਰਤੀ ਜਲ ਪ੍ਰਵਾਹ ਕਰਨ ਆਏ ਜਲੰਧਰ ਦੇ ਚਾਰ ਨੌਜਵਾਨ ਪਾਣੀ ਵਿੱਚ ਰੁੜ ਗਏ। ਮ੍ਰਿਤਕਾਂ ਦੀ ਪਛਾਣ ਜਲੰਧਰ ਦੇ ਅਰਬਨ ਐਸਟੇਟ ਦੇ ਵਸਨੀਕ ਰਣਜੀਤ, ਉਸ ਦੇ ਸਕੇ ਭਰਾ ਗੋਲੂ ਅਤੇ ਧੀਰਜ ਤੇ ਅੰਕਿਤ ਵਜੋਂ ਹੋਈ ਹੈ। ਸਾਰਿਆਂ ਦੀ ਉਮਰ 17-18 ਸਾਲ ਹੈ। ਥਾਣਾ ਬਿਆਸ ਮੁਖੀ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਤਿੰਨ-ਚਾਰ ਵਜੇ ਸੂਚਨਾ ਮਿਲੀ ਸੀ ਕਿ ਜਲੰਧਰ ਦੇ 40-50 ਵਿਅਕਤੀ ਬਿਆਸ ਦਰਿਆ ਵਿੱਚ ਮੂਰਤੀ ਜਲ ਪ੍ਰਵਾਹ ਕਰਨ ਆਏ ਸਨ। ਇਸ ਦੌਰਾਨ ਜਦੋਂ ਇਨ੍ਹਾਂ ’ਚੋਂ ਚਾਰ ਨੌਜਵਾਨ ਮੂਰਤੀ ਜਲ ਪ੍ਰਵਾਹ ਕਰਨ ਲੱਗੇ ਤਾਂ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਏ, ਜਿਨ੍ਹਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਉੱਥੇ ਮੌਜੂਦ ਚਾਰ-ਪੰਜ ਗ਼ੋਤਾਖ਼ੋਰਾ ਵੱਲੋਂ ਉਨ੍ਹਾਂ ਦੀ ਕਾਫੀ ਭਾਲ ਕੀਤੀ ਗਈ ਪਰ ਉਨ੍ਹਾਂ ਹੱਥ ਕੁੱਝ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹਰੀਕੇ ਹੈੱਡ ਵਰਕਸ ਅਤੇ ਬਾਬਾ ਬਕਾਲਾ ਸਾਹਿਬ ਦੇ ਐੱਸਡੀਐੱਮ ਨੂੰ ਸੂਚਿਤ ਕਰ ਦਿੱਤਾ ਗਿਆ ਹੈ।