ਚਾਰ ਨੌਜਵਾਨਾਂ ਨੇ ਜੂਆ ਖੇਡ ਰਹੇ ਜੁਆਰੀਆਂ ਨੂੰ ਲੁੱਟਿਆ
ਪੱਤਰ ਪ੍ਰੇਰਕ
ਜਲੰਧਰ, 26 ਅਗਸਤ
ਇੱਥੇ ਸੋਢਲ ਰੋਡ ’ਤੇ ਸਥਿਤ ਜੇਐੱਮਪੀ ਫੈਕਟਰੀ ਦੇ ਸਾਹਮਣੇ ਜੂਆ ਖੇਡ ਰਹੇ ਵਿਅਕਤੀਆਂ ਨੂੰ ਪਿਸਤੌਲ ਦਿਖਾ ਕੇ ਨਕਦੀ ਲੁੱਟ ਲਈ। ਜ਼ਿਕਰਯੋਗ ਹੈ ਕਿ ਐਤਵਾਰ ਦੇਰ ਰਾਤ ਕਰੀਬ 20 ਦੇ ਕਰੀਬ ਨੌਜਵਾਨ ਥੜ੍ਹੇ ’ਤੇ ਜੂਆ ਖੇਡ ਰਹੇ ਸਨ। ਇਸ ਦੌਰਾਨ ਦੋ ਮੋਟਰਸਾਈਕਲਾਂ ਉੱਪਰ ਚਾਰ ਨੌਜਵਾਨ ਥੜ੍ਹੇ ’ਤੇ ਪਹੁੰਚੇ ਅਤੇ ਆਉਂਦੇ ਹੀ ਚਾਰਾਂ ਨੇ ਪਿਸਤੌਲਾਂ ਕੱਢ ਲਈਆਂ। ਉਨ੍ਹਾਂ ਨੌਜਵਾਨਾਂ ਨੇ ਜੂਆ ਖੇਡ ਰਹੇ ਨੌਜਵਾਨਾਂ ਨੂੰ ਧਮਕੀ ਦਿੱਤੀ ਕਿ ਜੇਕਰ ਕਿਸੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂ ਪੈਸੇ ਨਾ ਦਿੱਤੇ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਜੂਆ ਖੇਡ ਰਹੇ ਸਾਰੇ ਨੌਜਵਾਨਾਂ ਨੇ ਆਪੋ-ਆਪਣੀਆਂ ਜੇਬਾਂ ’ਚੋਂ ਸਾਰੇ ਪੈਸੇ ਕੱਢ ਕੇ ਉਨ੍ਹਾਂ ਨੂੰ ਦੇ ਦਿੱਤੇ। ਇਹ ਰਕਮ ਤਕਰੀਬਨ 2 ਲੱਖ ਰੁਪਏ ਦੇ ਕਰੀਬ ਸਨ। ਇਨ੍ਹਾਂ ’ਚੋਂ ਇਕ ਨੌਜਵਾਨ ਜਿਸ ਦੀ ਜੇਬ ’ਚ 60 ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਵੀ ਲੁਟੇਰੇ ਲੁੱਟ ਕੇ ਲੈ ਗਏ।
ਇਸ ਬਾਰੇ ਥਾਣਾ ਅੱਠ ਦੇ ਮੁਖੀ ਇੰਸਪੈਕਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਵੀ ਲੁੱਟ ਦੀ ਸ਼ਿਕਾਇਤ ਨਹੀਂ ਕੀਤੀ, ਫਿਰ ਵੀ ਉਨ੍ਹਾਂ ਨੇ ਡਿਊਟੀ ਅਫ਼ਸਰ ਸਬ ਇੰਸਪੈਕਟਰ ਬਲਜੀਤ ਸਿੰਘ ਨੂੰ ਮੌਕੇ ’ਤੇ ਭੇਜ ਕੇ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਤੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਜਾਵੇਗੀ ਤੇ ਉਸ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।