For the best experience, open
https://m.punjabitribuneonline.com
on your mobile browser.
Advertisement

ਗਲਵਾਨ ਝੜਪ ਦੇ ਚਾਰ ਸਾਲ

07:34 AM Jun 17, 2024 IST
ਗਲਵਾਨ ਝੜਪ ਦੇ ਚਾਰ ਸਾਲ
Advertisement

ਭਾਰਤ ਤੇ ਚੀਨ ਦੀਆਂ ਸੈਨਾਵਾਂ ਨੂੰ ਗਲਵਾਨ ’ਚ ਆਹਮੋ-ਸਾਹਮਣੇ ਹੋਇਆਂ ਚਾਰ ਸਾਲ ਬੀਤ ਚੁੱਕੇ ਹਨ ਪਰ ਪੰਜ ਦਹਾਕਿਆਂ ’ਚ ਪਹਿਲੀ ਵਾਰ ਹੋਈ ਅਜਿਹੀ ਝੜਪ ਦਾ ਪਰਛਾਵਾਂ ਅਜੇ ਵੀ ਦੋਵਾਂ ਮੁਲਕਾਂ ਦੇ ਰਣਨੀਤਕ ਸਬੰਧਾਂ ’ਤੇ ਹੈ ਅਤੇ ਇਨ੍ਹਾਂ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਵੀ ਕਰ ਰਿਹਾ ਹੈ। ਪੂਰਬੀ ਲੱਦਾਖ ’ਚ 15 ਜੂਨ, 2020 ਨੂੰ ਹੋਈ ਸਿੱਧੀ ਝੜਪ ’ਚ ਭਾਰਤ ਦੇ 20 ਫ਼ੌਜੀ ਜਵਾਨ ਸ਼ਹੀਦ ਹੋ ਗਏ ਸਨ। ਜਦੋਂਕਿ ਪੇਈਚਿੰਗ ਨੇ ਕਿਹਾ ਸੀ ਕਿ ਇਸ ਦੇ ਸਿਰਫ਼ ਚਾਰ ਸੈਨਿਕਾਂ ਨੇ ਜਾਨ ਗੁਆਈ ਹੈ। ਹਾਲਾਂਕਿ ਪੱਛਮੀ ਖੋਜੀਆਂ ਮੁਤਾਬਿਕ ਇਸ ਸਿੱਧੀ ਟੱਕਰ ਵਿੱਚ ਚੀਨ ਦੇ 40 ਸੈਨਿਕ ਜਾਨ ਤੋਂ ਹੱਥ ਧੋ ਬੈਠੇ ਸਨ। ਸਰਹੱਦ ’ਤੇ ਬਣੇ ਜਮੂਦ, ਖ਼ਾਸ ਤੌਰ ’ਤੇ ਸੰਵੇਦਨਸ਼ੀਲ ਇਲਾਕਿਆਂ ’ਚ ਉਪਜੇ ਟਕਰਾਅ ਦਾ ਹੱਲ ਹਾਲੇ ਤੱਕ ਨਹੀਂ ਨਿਕਲ ਸਕਿਆ ਹੈ ਤੇ ਸਰਹੱਦੀ ਵਿਵਾਦ ਕਾਇਮ ਹੈ। ਲੜੀਵਾਰ ਸੈਨਿਕ ਤੇ ਕੂਟਨੀਤਕ ਰਾਬਤਿਆਂ ’ਚੋਂ ਵੀ ਜ਼ਿਆਦਾ ਕੁਝ ਨਹੀਂ ਨਿਕਲ ਸਕਿਆ ਹੈ। ਹੁਣ ਅਜਿਹੀ ਧਾਰਨਾ ਬਣਦੀ ਜਾ ਰਹੀ ਹੈ ਕਿ ਦੋਵੇਂ ਪਾਸੇ ਫ਼ੌਜੀ ਤਾਇਨਾਤੀ ਸਥਾਈ ਤੌਰ ’ਤੇ ਰਹਿਣ ਵਾਲੀ ਹੈ। ਚੀਨ ਵੱਲੋਂ ਨਿਰੰਤਰ ਹਮਲਾਵਰ ਪਹੁੰਚ ਰੱਖਣ ਦੇ ਮੱਦੇਨਜ਼ਰ ਭਾਰਤ ਨੇ ਚੁਣੌਤੀ ਦਾ ਟਾਕਰਾ ਕਰਨ ਲਈ ਭਾਰੇ ਹਥਿਆਰ ਤਾਇਨਾਤ ਕੀਤੇ ਹਨ; ਪੂਰੀ ਅਸਲ ਕੰਟਰੋਲ ਰੇਖਾ ਦੇ ਨਾਲ ਜ਼ਮੀਨੀ ਤੇ ਹਵਾਈ ਸੰਪਰਕ ਵਿੱਚ ਵਾਧਾ ਦੇਖਿਆ ਗਿਆ ਹੈ। ਭਰੋਸੇ ’ਚ ਹੋਰ ਕਮੀ ਆਈ ਹੈ ਜਦੋਂਕਿ ਇਸ ’ਚ ਕਿਸੇ ਦਾ ਵੀ ਲਾਭ ਨਹੀਂ ਹੈ।
ਪੇਈਚਿੰਗ ਵੱਲੋਂ ਸਰਹੱਦੀ ਵਿਵਾਦ ਤੋਂ ਪਾਸੇ ਰਿਸ਼ਤੇ ਸੁਖਾਵੇਂ ਬਣਾਉਣ ਦੇ ਦਿੱਤੇ ਸੱਦੇ ਦੇ ਜਵਾਬ ’ਚ ਨਵੀਂ ਦਿੱਲੀ ਨੇ ਆਪਣਾ ਰੁਖ਼ ਕਾਇਮ ਰੱਖਦਿਆਂ ਕਿਹਾ ਹੈ ਕਿ ਸਰਹੱਦ ਦੇ ਨਾਲ ਅਪਰੈਲ 2020 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕੀਤੇ ਬਿਨਾਂ ਰਿਸ਼ਤੇ ਆਮ ਨਹੀਂ ਹੋ ਸਕਦੇ। ਕੀ ਅੱਗੇ ਵਧਣ ਦਾ ਕੋਈ ਰਾਹ ਹੈ? ਇਸ ਤਰ੍ਹਾਂ ਦੇ ਸਖ਼ਤ ਰੁਖ਼ ਵਿਚਾਲੇ ਇਹ ਕਲਪਨਾ ਕਰਨਾ ਮੁਸ਼ਕਿਲ ਹੈ ਕਿ ਪੇਈਚਿੰਗ ਆਪਣੇ ਲੜਾਕੂ ਪੈਂਤੜੇ ਤੇ ਬਿਆਨਬਾਜ਼ੀ ਨੂੰ ਮੱਧਮ ਕਰੇਗਾ। ਸਰਹੱਦੀ ਤਣਾਅ ਕਾਰਨ ਅਹਿਮ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਉਸਾਰੂ ਸੰਵਾਦ ਦੀ ਵੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਭਾਰਤ ਕੋਲ ਸੀਮਤ ਬਦਲ ਹਨ। ਇਸ ਨੂੰ ਆਪਣੀ ਰੱਖਿਆ ਕਤਾਰ ਮਜ਼ਬੂਤ ਕਰਨ, ਚੀਨੀ ਦਰਾਮਦ ’ਤੇ ਨਿਰਭਰਤਾ ਘਟਾਉਣ ਅਤੇ ਆਪਣੀ ਡਿਜੀਟਲ ਖ਼ੁਦਮੁਖਤਿਆਰੀ ਦੀ ਰਾਖੀ ਕਰਨ ਦੇ ਰਾਹ ਉਤੇ ਤੁਰਦੇ ਰਹਿਣਾ ਪਏਗਾ।
ਚੀਨ ਵੱਲੋਂ 18 ਮਹੀਨਿਆਂ ਬਾਅਦ ਨਵੀਂ ਦਿੱਲੀ ’ਚ ਕੀਤੀ ਰਾਜਦੂਤ ਦੀ ਨਿਯੁਕਤੀ ਸੁਝਾਉਂਦੀ ਹੈ ਕਿ ਗੁਆਂਢੀ ਮੁਲਕ ਤਣਾਅ ਘੱਟ ਕਰਨ ਲਈ ਸ਼ਾਇਦ ਨਵੀਂ ਸ਼ੁਰੂਆਤ ਦੀ ਸੰਭਾਵਨਾ ਤਲਾਸ਼ਣ ਦਾ ਚਾਹਵਾਨ ਹੈ। ਪਰ ਤਜਰਬਾ ਕਹਿੰਦਾ ਹੈ ਕਿ ਭਾਰਤ ਕਿਸੇ ਵੀ ਕੀਮਤ ’ਤੇ ਚੌਕਸੀ ’ਚ ਢਿੱਲ ਨਹੀਂ ਵਰਤ ਸਕਦਾ।

Advertisement

Advertisement
Author Image

Advertisement
Advertisement
×