For the best experience, open
https://m.punjabitribuneonline.com
on your mobile browser.
Advertisement

ਮਹਿੰਦਰਾ ਏਜੰਸੀ ਵਿੱਚ ਅੱਗ ਲੱਗਣ ਕਾਰਨ ਚਾਰ ਗੱਡੀਆਂ ਸੜੀਆਂ

11:12 AM Apr 14, 2024 IST
ਮਹਿੰਦਰਾ ਏਜੰਸੀ ਵਿੱਚ ਅੱਗ ਲੱਗਣ ਕਾਰਨ ਚਾਰ ਗੱਡੀਆਂ ਸੜੀਆਂ
ਸੰਗਰੂਰ ’ਚ ਮਹਿੰਦਰਾ ਏਜੰਸੀ ਵਿੱਚ ਅੱਗ ਲੱਗਣ ਕਾਰਨ ਸੜੀਆਂ ਗੱਡੀਆਂ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਅਪਰੈਲ
ਇੱਥੇ ਪਾਤੜਾਂ ਰੋਡ ’ਤੇ ਸਥਿਤ ਮਹਿੰਦਰਾ ਫੋਰ ਵੀਲ੍ਹਰ ਏਜੰਸੀ ਵਿੱਚ ਬਾਅਦ ਦੁਪਹਿਰ ਅੱਗ ਲੱਗਣ ਕਾਰਨ ਕਰੀਬ ਤਿੰਨ/ਚਾਰ ਗੱਡੀਆਂ ਸੜ ਗਈਆਂ ਜਦੋਂ ਕਿ ਇੱਕ/ਦੋ ਗੱਡੀਆਂ ਨੂੰ ਅੱਗ ਦਾ ਸੇਕ ਲੱਗਿਆ ਹੈ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ’ਤੇ ਪੁੱਜੀਆਂ ਜਿਨ੍ਹਾਂ ਵੱਲੋਂ ਕਰੀਬ ਅੱਧੇ ਘੰਟੇ ਦੀ ਜਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਕਈ ਗੱਡੀਆਂ ਅੱਗ ਦੀ ਭੇਟ ਚੜ੍ਹ ਚੁੱਕੀਆਂ ਸਨ। ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਸਪੱਸ਼ਟ ਨਹੀਂ ਹੈ ਪਰ ਮੁੱਢਲੇ ਤੌਰ ’ਤੇ ਸ਼ਾਟ ਸ਼ਰਕਟ ਹੋਣਾ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੱਜ ਬਾਅਦ ਦੁਪਹਿਰ ਕਰੀਬ ਢਾਈ ਵਜੇ ਮਹਿੰਦਰਾ ਏਜੰਸੀ ’ਚ ਅਚਾਨਕ ਅੱਗ ਲੱਗ ਗਈ ਅਤੇ ਏਜੰਸੀ ਵਿੱਚ ਤੁਰੰਤ ਭਾਜੜਾਂ ਪੈ ਗਈਆਂ। ਅੱਗ ਏਜੰਸੀ ਦੀ ਬੇਸਮੈਂਟ ਵਿੱਚ ਲੱਗੀ ਜਿਥੇ ਕੁਝ ਗਾਹਕ ਆਪਣੀਆਂ ਗੱਡੀਆਂ ਦਾ ਕੰਮ ਕਰਾਉਣ ਲਈ ਪੁੱਜੇ ਹੋਏ ਸਨ। ਮਾਲੇਰਕੋਟਲਾ ਤੋਂ ਪੁੱਜੇ ਮੁਹੰਮਦ ਜ਼ਮੀਲ ਨੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਹੀ ਉਨ੍ਹਾਂ ਨੇ ਏਜੰਸੀ ’ਚੋਂ ਐਕਸ.ਯੂ.ਵੀ.-700 ਗੱਡੀ ਲਈ ਸੀ ਜਿਸ ਦੇ ਸੀਟ ਕਵਰ ਦਾ ਕੰਮ ਕਰਾਉਣ ਲਈ ਆਇਆ ਸੀ। ਬੇਸਮੈਂਟ ਵਿੱਚ ਕੰਮ ਚੱਲ ਰਿਹਾ ਸੀ ਅਤੇ ਉਹ ਉੱਪਰ ਬੈਠੇ ਸਨ ਤਾਂ ਬੇਸਮੈਂਟ ਵਿੱਚ ਅੱਗ ਲੱਗਣ ਕਾਰਨ ਭਾਜੜਾਂ ਪੈ ਗਈਆਂ। ਉਸ ਦੀ ਗੱਡੀ ਵੀ ਅੱਗ ਦੀ ਭੇਟ ਚੜ੍ਹ ਗਈ। ਮੌਕੇ ’ਤੇ ਜਾ ਰਹੇ ਬਠਿੰਡਾ ਦੇ ਇੱਕ ਰਾਹਗੀਰ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਦੇਖ ਉਹ ਏਜੰਸੀ ਰੁਕ ਗਏ ਅਤੇ ਜਦੋ-ਜਹਿਦ ਕਰਦਿਆਂ ਦੋ ਗੱਡੀਆਂ ਬਾਹਰ ਕੱਢਣ ਵਿੱਚ ਸਫ਼ਲ ਹੋਏ। ਕੰਪਨੀ ਦੇ ਕਮਰਸ਼ੀਅਲ ਵਹੀਕਲ ਮੈਨੇਜਰ ਜੌਲੀ ਅਨੁਸਾਰ ਅੱਗ ਲੱਗਣ ਕਾਰਨ ਦੋ/ਤਿੰਨ ਗੱਡੀਆਂ ਗਾਹਕਾਂ ਦੀਆਂ ਸੜ ਗਈਆਂ ਜਦੋਂ ਕਿ ਕੰਪਨੀ ਦੀਆਂ ਇੱਕ/ਦੋ ਗੱਡੀਆਂ ਵੀ ਅੱਗ ਦਾ ਸ਼ਿਕਾਰ ਹੋਈਆਂ ਹਨ ਜਦੋਂ ਕਿ ਬਾਕੀ ਗੱਡੀਆਂ ਨੂੰ ਬਚਾ ਲਿਆ ਗਿਆ ਹੈ। ਫਾਇਰ ਬ੍ਰਿਗੇਡ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 3 ਵਜੇ ਸੂਚਨਾ ਮਿਲੀ ਸੀ ਤਾਂ ਉਹ ਤੁਰੰਤ ਦੋ ਫਾਇਰ ਬ੍ਰਿਗੇਡ ਗੱਡੀਆਂ ਲੈ ਕੇ ਮੌਕੇ ’ਤੇ ਪੁੱਜ ਗਏ ਅਤੇ ਇੱਕ ਹੋਰ ਗੱਡੀ ਭਵਾਨੀਗੜ੍ਹ ਤੋਂ ਮੰਗਵਾ ਲਈ। ਤਿੰਨ ਫਾਇਰ ਬਰੀਗੇਡ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਤਿੰਨ/ਚਾਰ ਗੱਡੀਆਂ ਸੜ ਗਈਆਂ ਸਨ। ਮੌਕੇ ’ਤੇ ਪੁੱਜੇ ਡੀਐਸਪੀ ਹਰਬੰਸ ਸਿੰਘ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×