ਕੈਨੇਡਾ ਦਾ ਜਾਅਲੀ ਵੀਜ਼ਾ ਦੇਣ ਦੇ ਦੋਸ਼ ਹੇਠ ਚਾਰ ਟਰੈਵਲ ਏਜੰਟ ਗ੍ਰਿਫ਼ਤਾਰ
ਨਵੀਂ ਦਿੱਲੀ, 8 ਅਕਤੂਬਰ
ਦਿੱਲੀ ਪੁਲੀਸ ਵੱਲੋਂ ਕੈਨੇਡਾ ਦਾ ਜਾਅਲੀ ਵੀਜ਼ਾ ਦੇ ਕੇ ਲੋਕਾਂ ਨੂੰ ਠੱਗਣ ਵਾਲੇ ਗਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕਰਦੇ ਹੋਏ ਦੋ ਔਰਤਾਂ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੌਰਵ (28), ਨਿਤਿਨ ਸ਼ਰਮਾ (33), ਸਰਬਜੀਤ ਕੌਰ (29) ਅਤੇ ਗਗਨਦੀਪ ਕੌਰ (32) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ 28 ਸਤੰਬਰ ਨੂੰ ਕੁਲਦੀਪ (21) ਨਾਮ ਦਾ ਇਕ ਵਿਅਕਤੀ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜਿਆ ਸੀ। ਉਸ ਕੋਲ ਭਾਰਤੀ ਪਾਸਪੋਰਟ ਸੀ ਅਤੇ ਉਹ ਕੈਨੇਡਾ ਲਈ ਰਵਾਨਾ ਹੋਣ ਵਾਲਾ ਸੀ। ਉਸ ਤੋਂ ਪਹਿਲਾਂ ਦਸਤਾਵੇਜ਼ਾਂ ਦੀ ਕੀਤੀ ਗਈ ਜਾਂਚ ਦੌਰਾਨ ਉਸ ਦੇ ਪਾਸਪੋਰਟ ’ਤੇ ਕੈਨੇਡਾ ਦਾ ਜਾਅਲੀ ਵਿਜ਼ਟਰ ਵੀਜ਼ਾ ਲੱਗਿਆ ਪਾਇਆ ਗਿਆ। ਕੁਲਦੀਪ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਸਾਂਝੇ ਦੋਸਤ ਰਾਹੀਂ ਸੰਦੀਪ ਨਾਮ ਦੇ ਏਜੰਟ ਨੂੰ ਮਿਲਿਆ ਸੀ। ਸੰਦੀਪ ਨੇ 18 ਲੱਖ ਰੁਪਏ ਵਿੱਚ ਉਸ ਨੂੰ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾਉਣ ਅਤੇ ਉਸ ਲਈ ਕੈਨੇਡਾ ਵਿੱਚ ਇਕ ਨੌਕਰੀ ਦਾ ਪ੍ਰਬੰਧ ਕਰਨ ਭਰੋਸਾ ਦਿੱਤਾ ਸੀ। ਕੁਲਦੀਪ ਨੇ ਏਜੰਟ ਨੂੰ ਐਡਵਾਂਸ ਵਜੋਂ ਪੰਜ ਲੱਖ ਰੁਪਏ ਦੇ ਦਿੱਤੇ ਸਨ ਅਤੇ ਬਾਕੀ ਰਕਮ ਕੈਨੇਡਾ ਪੁੱਜਣ ’ਤੇ ਦੇਣ ਦਾ ਫੈਸਲਾ ਹੋਇਆ ਸੀ। ਸੰਦੀਪ ਨੂੰ ਹਰਿਆਣਾ ਦੇ ਕੈਥਲ ਤੋਂ ਕਾਬੂ ਕੀਤਾ ਗਿਆ ਸੀ। ਉਸ ਦੇ ਸਾਥੀਆਂ ਗੌਰਵ, ਨਿਤਿਨ, ਸਰਬਜੀਤ ਕੌਰ ਤੇ ਗਗਨਦੀਪ ਕੌਰ ਦੀ ਵੀ ਮਾਮਲੇ ਵਿੱਚ ਸ਼ਮੂਲੀਅਤ ਸਾਹਮਣੇ ਆਈ।’’ ਪੁੱਛ ਪੜਤਾਲ ਦੌਰਾਨ ਜਾਂਚ ਟੀਮ ਨੂੰ ਇਹ ਵੀ ਪਤਾ ਲੱਗਾ ਕਿ ਸਰਬਜੀਤ ਤੇ ਸਿਮਰਨਪ੍ਰੀਤ ਕੈਨੇਡਾ ਦਾ ਵੀਜ਼ਾ ਲਗਵਾ ਕੇ ਦੇਣ ਦੀ ਗਾਰੰਟੀ ਦੇ ਦਾਅਵਿਆਂ ਵਾਲੀਆਂ ਵੀਡੀਓਜ਼ ਆਪਣੇ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਪਾਉਂਦੀਆਂ ਸਨ। -ਪੀਟੀਆਈ