ਕਾਲਕਾ ਤੋਂ ਸ਼ਿਮਲਾ ਦੀ ਥਾਂ ਤਾਰਾ ਦੇਵੀ ਵਿਚਕਾਰ ਚੱਲਣਗੀਆਂ ਚਾਰ ਰੇਲਗੱਡੀਆਂ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 1 ਜੂਨ
ਅੰਬਾਲਾ ਰੇਲਵੇ ਡਿਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਜਸ਼ਨਜੀਤ ਸਿੰਘ ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ ਉੱਤਰੀ ਰੇਲਵੇ ਵੱਲੋਂ ਬੁਨਿਆਦੀ ਰੇਲ ਢਾਂਚੇ ਨੂੰ ਪੱਕਾ ਅਤੇ ਸੁਰੱਖਿਅਤ ਬਣਾਉਣ ਲਈ ਰੇਲਵੇ ਪ੍ਰਸ਼ਾਸਨ ਵੱਲੋਂ ਕਾਲਕਾ-ਸ਼ਿਮਲਾ ਰੇਲ ਸੈਕਸ਼ਨ ਤੇ ਜਤੋਗ-ਸਮਰ ਹਿੱਲ ਸਟੇਸ਼ਨਾਂ ਵਿਚਕਾਰ ਪੁਲ ਸੰਖਿਆ-800 ਨੂੰ ਹਟਾਉਣ ਅਤੇ ਦੁਬਾਰਾ ਰੱਖਣ ਲਈ 30 ਮਈ ਤੋਂ 12 ਜੂਨ ਤੱਕ 14 ਦਿਨਾਂ ਦਾ ਬਲਾਕ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ। ਨਤੀਜੇ ਵਜੋਂ ਕਾਲਕਾ ਤੋਂ ਸ਼ਿਮਲਾ ਆਉਣ-ਜਾਣ ਵਾਲੀਆਂ ਗੱਡੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਚਾਰ ਗੱਡੀਆਂ ਕਾਲਕਾ ਤੋਂ ਸ਼ਿਮਲਾ ਦੀ ਥਾਂ ਤਾਰਾ ਦੇਵੀ ਵਿਚਕਾਰ ਚਲਾਈਆਂ ਜਾਣਗੀਆਂ। ਇਨ੍ਹਾਂ ਵਿਚ ਗੱਡੀ ਨੰਬਰ 52457, 52459, 52455 ਅਤੇ 52451 ਸ਼ਾਮਲ ਹਨ।
ਸੀਨੀਅਰ ਡੀਸੀਐੱਮ ਨੇ ਦੱਸਿਆ ਕਿ ਰੇਲ ਪ੍ਰਸ਼ਾਸਨ ਨੇ ਯਾਤਰੀਆਂ ਦੀ ਸਹੂਲਤ ਲਈ ਤਾਰਾ ਦੇਵੀ ਤੋਂ ਅੱਗੇ ਸ਼ਿਮਲਾ ਜਾਣ ਅਤੇ ਆਉਣ ਲਈ ਹਿਮਾਚਲ ਪਰਿਵਹਨ ਨਿਗਮ ਨਾਲ ਤਾਲਮੇਲ ਕਾਇਮ ਕੀਤਾ ਹੈ। ਗੱਡੀਆਂ ਦੇ ਟਾਈਮ ਟੇਬਲ ਅਨੁਸਾਰ ਤਾਰਾ ਦੇਵੀ ਅਤੇ ਸ਼ਿਮਲਾ ਵਿਚਕਾਰ ਨਿਗਮ ਦੀਆਂ ਦੋ ਬੱਸਾਂ ਚਲਾਈਆਂ ਗਈਆਂ ਹਨ ਜਿਸ ਲਈ ਪ੍ਰਤੀ ਯਾਤਰੀ ਕਿਰਾਇਆ 22 ਰੁਪਏ ਰੱਖਿਆ ਗਿਆ ਹੈ। ਇਹ ਬੱਸਾਂ ਤਾਰਾ ਦੇਵੀ ਸਟੇਸ਼ਨ ਦੇ ਨੇੜੇ ਕੌਮੀ ਮਾਰਗ ’ਤੇ ਉਪਲਬਧ ਰਹਿਣਗੀਆਂ ਅਤੇ ਆਈਐਸਬੀਟੀ ਸ਼ਿਮਲਾ ਤੱਕ ਚੱਲਣਗੀਆਂ।