ਚਾਰ ਟਰੈਫਿਕ ਮੁਲਾਜ਼ਮ ਬਰਖ਼ਾਸਤ ਕੀਤੇ
ਪੱਤਰ ਪ੍ਰੇਰਕ
ਪੰਚਕੂਲਾ, 3 ਫਰਵਰੀ
ਡੀਸੀਪੀ ਸੁਮੇਰ ਪ੍ਰਤਾਪ ਸਿੰਘ ਨੇ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਿਨਾਂ ਰਾਤ ਵੇਲੇ ਨਾਕੇ ਲਗਾ ਕੇ ਵਾਹਨ ਚਾਲਕਾਂ ਤੋਂ ਪੈਸੇ ਵਸੂਲਣ ਦੇ ਦੋਸ਼ ਵਿੱਚ ਚਾਰ ਐਸਪੀਓ (ਸਪੈਸ਼ਲ ਪੁਲੀਸ ਅਫ਼ਸਰ) ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਡਿਊਟੀ ਤੋਂ ਬਾਅਦ ਚਾਰੇ ਪੁਲੀਸ ਮੁਲਾਜ਼ਮ ਰਾਤ ਸਮੇਂ ਚਲਾਨ ਕੱਟਣ ਵਾਲੀ ਮਸ਼ੀਨ ਨਾਲ ਸਿਸਵਾਂ-ਮੰਡਵਾਲਾ ਰੋਡ ’ਤੇ ਨਾਕਾ ਲਗਾ ਕੇ ਵਾਹਨਾਂ ਨੂੰ ਰੋਕਦੇ ਸਨ। ਚੈਕਿੰਗ ਦੌਰਾਨ ਨਾਕਾਬੰਦੀ ਦੀ ਸੂਚਨਾ ਮਿਲਣ ’ਤੇ ਪੁਲੀਸ ਕਮਿਸ਼ਨਰ ਸਬਿਾਸ ਕਬੀਰਾਜ ਨੇ ਮਾਮਲੇ ਦੀ ਜਾਂਚ ਕੀਤੀ। ਜਾਂਚ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਡੀਸੀਪੀ ਨੇ ਐਸਪੀਓ ਸੁਰੇਸ਼, ਬਲਿੰਦਰ, ਅਨਿਲ ਅਤੇ ਕੁਲਬੀਰ ਨੂੰ ਬਰਖ਼ਾਸਤ ਕਰਨ ਦਾ ਹੁਕਮ ਜਾਰੀ ਕੀਤਾ ਹੈ।
ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਡੀਸੀਪੀ ਨੇ ਕਿਹਾ ਕਿ ਬਿਨਾਂ ਉੱਚ ਅਧਿਕਾਰੀਆਂ ਦੇ ਹੁਕਮਾਂ ਤੋਂ ਜ਼ਿਲ੍ਹੇ ਵਿੱਚ ਵਾਹਨਾਂ ਦੀ ਚੈਕਿੰਗ ਲਈ ਕੋਈ ਨਾਕਾ ਨਾ ਲਗਾਇਆ ਜਾਵੇ। ਜੇ ਬਿਨਾਂ ਮਨਜ਼ੂਰੀ ਤੋਂ ਨਾਕਾ ਲਗਾਇਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲੀਸ ਕਮਿਸ਼ਨਰ ਸਬਿਾਸ ਕਬੀਰਾਜ ਨੇ ਪਿਛਲੇ ਕਾਫ਼ੀ ਸਮੇਂ ਤੋਂ ਚਲਾਨ ਆਨਲਾਈਨ ਕੀਤਾ ਹੋਇਆ ਹੈ। ਇਸੇ ਕਾਰਨ ਨਾਕੇ ਲਗਾ ਕੇ ਵਾਹਨਾਂ ਨੂੰ ਰੋਕਣ ਦੀ ਮਨਾਹੀ ਕੀਤੀ ਗਈ ਸੀ।