ਸਿੰਜਾਈ ਮੰਤਰੀ ਖ਼ਿਲਾਫ਼ ਸੜਕਾਂ ’ਤੇ ਨਿਕਲੇ ਦਰਜਾ ਚਾਰ ਮੁਲਾਜ਼ਮ
ਸਰਬਜੀਤ ਸਿੰਘ ਭੰਗੂ
ਪਟਿਆਲਾ 20 ਅਗਸਤ
ਪੁਨਰਗਠਨ ਦੇ ਨਾਮ ’ਤੇ ਜਲ ਸਰੋਤ ਵਿਭਾਗ ’ਚੋਂ ਤੀਜਾ ਅਤੇ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਹਜ਼ਾਰਾਂ ਅਸਾਮੀਆਂ ਖ਼ਤਮ ਕਰਨ ਦੇ ਮੁਲਾਜ਼ਮ ਵਰਗ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਕੜੀ ਵਜੋਂ ਚੌਥਾ ਦਰਜਾ ਮੁਲਾਜ਼ਮਾਂ ਨੇ ਅੱਜ ਪੰਦਰਾਂ ਜ਼ਿਲ੍ਹਿਆਂ ਵਿੱਚ ਵਿਭਾਗ ਦੇ ਸਰਕਲ ਅਤੇ ਮੰਡਲ ਦਫ਼ਤਰਾਂ ਸਮੇਤ ਡੈਮਾਂ ’ਤੇ ਸਿੰਜਾਈ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਪੁਨਰਗਠਨ ਕਮੇਟੀ ਦੇ ਅਧਿਕਾਰੀਆਂ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ। ਇਸ ਸਬੰਧੀ ਪਟਿਆਲਾ ’ਚ ਚੱੱਲ ਰਹੇ ਪੱੱਕੇੇ ਮੋਰਚੇ ਵਾਲ਼ੇ ਕੈਂਪ ਅੱਗੇ ਡੀ.ਸੀ ਦਫ਼ਤਰ ਤੱਕ ਮਾਰਚ ਕੀਤਾ ਗਿਆ। ਇਸ ਦੌਰਾਨ ਮੋਢਿਆਂ ’ਤੇ ਚੁੱਕ ਕੇ ਲਿਆਂਦੇ ਗਏ ਪੁਤਲੇ ਸਾੜਦਿਆਂ ਮੁਲਾਜ਼ਮਾਂ ਨੇ ਜੇਲ੍ਹ ਰੋਡ ’ਤੇ ਆਵਾਜਾਈ ਠੱਪ ਕਰਕੇ ਮੰਤਰੀ ਖ਼ਿਲਾਫ਼ ਜ਼ੋਰਦਾਰ ਪਿੱਟ ਸਿਆਪਾ ਵੀ ਕੀਤਾ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ‘ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ’ ਅਤੇ ‘ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ’ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਸਮੇਤ ਸੱਜਣ ਸਿੰਘ, ਜਗਦੀਸ਼ ਸਿੰਘ ਚਹਿਲ, ਰਣਜੀਤ ਸਿੰਘ ਰਾਣਵਾਂ ਅਤੇ ਬਲਕਾਰ ਸਿੰਘ ਵਲਟੋਹਾ ਨੇ ਵਿਭਾਗ ਦੇ ਪੁਨਰਗਠਨ ਦੇ ਫੈਸਲੇ ’ਤੇ ਮੁੜ ਤੋਂ ਵਿਚਾਰ ਕਰਨ ’ਤੇ ਜ਼ੋਰ ਦਿੱਤਾ ਪੰਜਾਬ ਵਿਚਲੇ ਇਨ੍ਹਾਂ ਧਰਨਿਆਂ ਨੂੰ ਸੰਬੋਧਨ ਕਰਦਿਆਂ, ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕਰੋਨਾ ਦੀ ਆੜ ’ਚ ਸਰਕਾਰ ਨਿੱਤ ਦਿਨ ਮੁਲਾਜ਼ਮ ਮਾਰੂ ਫੈਸਲੇ ਕਰ ਰਹੀ ਹੈ। ਪਟਿਆਲਾ ਵਿਚਲੇ ਧਰਨੇ ਨੂੰ ਸੰਬੋਧਨ ਕਰਦਿਆਂ, ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਪੁਨਰਗਠਨ ਸਮੇਂ ਵਿਭਾਗ ਦੀਆਂ 24000 ਅਸਾਮੀਆਂ ਨੂੰ ਘਟਾ ਕੇ 15606 ਕਰ ਦਿੱਤਾ ਗਿਆ ਹੈ ਜਦਕਿ ਮਈ 2019 ਦੌਰਾਨ 17499 ਅਸਾਮੀਆਂ ’ਤੇ ਅਧਿਕਾਰੀ ਤੇ ਕਰਮਚਾਰੀ ਕੰਮ ਕਰ ਰਹੇ ਸਨ। ਪਰੰਤੂ ਪੁਨਰਗਠਨ ਰਿਪੋਰਟ ਵਿੱਚ 1893 ਅਸਾਮੀਆਂ ਦਾ ਕੋਈ ਜ਼ਿਕਰ ਹੀ ਨਹੀਂ ਹੈ। ਮੌਤ ਦੇ ਕੇਸਾਂ ਵਿੱਚ ਤਰਸ ਦੇ ਆਧਾਰ ’ਤੇ ਨਿਯੁਕਤੀਆਂ ਦੀ ਵਿਵਸਥਾ ਵੀ ਸਮਾਪਤ ਹੋ ਗਈ ਹੈ। ਇਸ ਮੌਕੇ ਸੂਰਜ ਪਾਲ ਯਾਦਵ, ਗੁਰਦਰਸ਼ਨ ਸਿੰਘ, ਕਾਕਾ ਸਿੰਘ, ਬਲਜਿੰਦਰ ਸਿੰਘ, ਦੀਪ ਚੰਦ ਹੰਸ, ਜਗਮੋਹਨ ਨੋਲੱਖਾ, ਪ੍ਰੀਤਮ ਚੰਦ ਠਾਕੁਰ, ਕੁਲਦੀਪ ਸਕਰਾਲੀ, ਕੇਸਰ ਸਿੰਘ ਸੈਣੀ, ਬੂਟਾ ਸਿੰਘ ਰੰਧਾਵਾ, ਕੁਲਦੀਪ ਸਿੰਘ ਰਾਇਵਾਲ, ਰਾਮ ਪ੍ਰਸਾਦ ਸਹੋਤਾ, ਰਤਨ ਸਿੰਘ, ਰਾਮ ਲਾਲ ਰਾਮਾ, ਅਮਰਜੀਤ ਧਾਲੀਵਾਲ, ਪ੍ਰਕਾਸ਼ ਸਿੰਘ ਲੁਬਾਣਾ ਆਦਿ ਆਗੂ ਵੀ ਸ਼ਾਮਲ ਸਨ।