ਚਾਰ ਪ੍ਰਿੰਸੀਪਲ ਸਿੰਗਾਪੁਰ ਤੋਂ ਸਿਖਲਾਈ ਲੈ ਕੇ ਪਰਤੇ
ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਅਗਸਤ
ਇੱਥੋਂ ਦੇ ਸਰਕਾਰੀ ਸਕੂਲਾਂ ਦੇ ਚਾਰ ਪ੍ਰਿੰਸੀਪਲ ਸਿੰਗਾਪੁਰ ਵਿੱਚ ਇੰਟਰਨੈਸ਼ਨਲ ਅਕੈਡਮੀ ਆਫ਼ ਪ੍ਰਿੰਸੀਪਲਜ਼ ਵਿੱਚ ਅੰਤਰਰਾਸ਼ਟਰੀ ਅਧਿਆਪਕ ਸਿਖਲਾਈ ਵਿੱਚ ਹਿੱਸਾ ਲੈਣ ਮਗਰੋਂ ਅੱਜ ਇਥੇ ਪਰਤ ਆਏ ਹਨ। ਇਨ੍ਹਾਂ ਪ੍ਰਿੰਸੀਪਲਾਂ ਵਿੱਚ ਕਰਮਜੀਤ ਕੌਰ ਪ੍ਰਿੰਸੀਪਲ ਜੀਐੱਸਐੱਸਐੱਸ ਬੁਟਾਹਰੀ, ਬਲਬੀਰ ਕੌਰ ਪ੍ਰਿੰਸੀਪਲ ਜੀਐੱਸਐੱਸਐੱਸ ਜਗਰਾਉਂ ਪੁਲ, ਨਰਿੰਦਰ ਪਾਲ ਵਰਮਾ ਜੀਐੱਸਐੱਸਐੱਸ ਮਾਨਕੀ ਅਤੇ ਅਮਨਦੀਪ ਸਿੰਘ ਪ੍ਰਿੰਸੀਪਲ, ਜੀਐੱਸਐੱਸਐੱਸ ਬੋਪਾਰਾਏ ਸ਼ਾਮਲ ਹਨ।
ਇਹ ਪ੍ਰਿੰਸੀਪਲ 23 ਜੁਲਾਈ ਨੂੰ ਹਵਾਈ ਜਹਾਜ਼ ਰਾਹੀਂ ਸਿੰਗਾਪੁਰ ਪਹੁੰਚੇ ਸਨ। ਇਹ ਸਿਖਲਾਈ 24 ਤੋਂ 28 ਜੁਲਾਈ ਤੱਕ ਪੰਜ ਦਿਨਾਂ ਦੀ ਸੀ।
ਪ੍ਰਿੰਸੀਪਲ ਬਲਬੀਰ ਕੌਰ ਨੇ ਕਿਹਾ ਕਿ ਸਿੰਗਾਪੁਰ ਸਿੱਖਿਆ ਪ੍ਰਣਾਲੀ ਦੀ ਸਭ ਤੋਂ ਵੱਡੀ ਤਾਕਤ ਯੋਜਨਾਬੰਦੀ ਹੈ। ਉਨ੍ਹਾਂ ਦੀ ਯੋਜਨਾ ਭਵਿੱਖ ਦੀਆਂ ਜ਼ਰੂਰਤਾਂ ’ਤੇ ਅਧਾਰਤ ਹੈ ਅਤੇ ਉਹ ਉਸ ਅਨੁਸਾਰ ਆਪਣੇ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਦੇ ਹਨ। ਪ੍ਰਿੰਸੀਪਲ ਕਰਮਜੀਤ ਕੌਰ ਨੇ ਕਿਹਾ ਕਿ ਸਿੰਗਾਪੁਰ ਸਿਖਲਾਈ ਵਧੀਆ ਸਿੱਖਣ ਦਾ ਤਜਰਬਾ ਸੀ। ਉਹ ਆਪਣੇ ਸਕੂਲ ਵਿੱਚ ਸਿਖਲਾਈ ਤੋਂ ਪ੍ਰਾਪਤ ਸਭ ਤੋਂ ਵਧੀਆ ਅਭਿਆਸਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ। ਪ੍ਰਿੰਸੀਪਲ ਡਾ. ਨਰਿੰਦਰ ਵਰਮਾ ਨੇ ਕਿਹਾ ਕਿ ਉਹ ਸਿੰਗਾਪੁਰ ਸਿੱਖਿਆ ਪ੍ਰਣਾਲੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਪ੍ਰਿੰਸੀਪਲ ਅਮਨਦੀਪ ਸਿੰਘ ਨੇ ਕਿਹਾ ਕਿ ਅਸੀਂ ਸਿੰਗਾਪੁਰ ਦੀ ਅਕੈਡਮੀ ਤੋਂ ਪ੍ਰਾਪਤ ਕੀਤੇ ਗਿਆਨ ਅਤੇ ਅਕਾਦਮਿਕ ਰਣਨੀਤੀਆਂ ਨੂੰ ਹੋਰ ਪ੍ਰਸਾਰਿਤ ਕਰਾਂਗੇ। ਡੀਈਓ (ਸੈਕੰਡਰੀ) ਡਿੰਪਲ ਮਦਾਨ ਨੇ ਇਸ ਸਬੰਧੀ ਸਿੱਖਿਆ ਵਿਭਾਗ ਪੰਜਾਬ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਦਵਿੰਦਰ ਸਿੰਘ ਛੀਨਾ ਨੇ ਵਿਸ਼ਵ ਪੱਧਰ ’ਤੇ ਅਕਾਦਮਿਕ ਅਤੇ ਫੈਕਲਟੀ ਦੇ ਅਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਦੀ ਸ਼ਲਾਘਾ ਕੀਤੀ।