ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਦੋਸ਼ ਹੇਠ ਔਰਤ ਸਣੇ ਚਾਰ ਕਾਬੂ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਜਨਵਰੀ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕਰਦਿਆਂ 5 ਕਿਲੋ ਹੈਰੋਇਨ ਸਣੇ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਵਿੱਚ ਇਕ ਔਰਤ ਵੀ ਸ਼ਾਮਲ ਹੈ। ਡੀਜੀਪੀ ਗੌਰਵ ਯਾਦਵ ਨੇ ਅੱਜ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ (19) ਅਤੇ ਬਲਜੀਤ ਕੌਰ (32) ਦੋਵੇਂ ਵਾਸੀ ਪਿੰਡ ਮੁਠਿਆਂਵਾਲ ਜ਼ਿਲ੍ਹਾ ਤਰਨਤਾਰਨ, ਮਨਿੰਦਰ ਸਿੰਘ (34) ਵਾਸੀ ਭਿੱਖੀਵਿੰਡ, ਤਰਨ ਤਾਰਨ ਅਤੇ ਹਰਪ੍ਰੀਤ ਸਿੰਘ (26) ਵਾਸੀ ਪਿੰਡ ਲੋਧੀ ਗੁੱਜਰਾਂ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲੀਸ ਨੇ ਉਨ੍ਹਾਂ ਕੋਲੋਂ ਹੈਰੋਇਨ ਨਾਲ ਦੋ ਮੋਟਰਸਾਈਕਲ ਵੀ ਜ਼ਬਤ ਕੀਤੇ ਹਨ।
ਡੀਜੀਪੀ ਨੇ ਦੱਸਿਆ ਕਿ ਸਾਰੇ ਮੁਲਜ਼ਮ ਪਾਕਿਸਤਾਨ ਆਧਾਰਿਤ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਸਰਹੱਦ ਪਾਰੋਂ ਨਸ਼ਿਆਂ ਦੀ ਖੇਪ ਪ੍ਰਾਪਤ ਕਰਦੇ ਸਨ। ਜਾਂਚ ਤੋਂ ਪਤਾ ਲੱਗਾ ਹੈ ਕਿ ਡਰੋਨ ਦੀ ਵਰਤੋਂ ਕਰਕੇ ਖੇਪ ਅੱਗੇ ਪਹੁੰਚਾਈ ਜਾਂਦੀ ਰਹੀ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਨੇ ਸੂਹ ਮਿਲਣ ਤੋਂ ਬਾਅਦ ਗੁਰੂ ਕੀ ਵਡਾਲੀ ਇਲਾਕੇ ਵਿਚੋਂ ਇਕ ਜਨਵਰੀ ਨੂੰ 3 ਕਿਲੋ ਹੈਰੋਇਨ ਸਮੇਤ ਗੁਰਪ੍ਰੀਤ ਸਿੰਘ ਅਤੇ ਬਲਜੀਤ ਕੌਰ ਨੂੰ ਕਾਬੂ ਕੀਤਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਬਲਜੀਤ ਕੌਰ ਰਿਸ਼ਤੇਦਾਰ ਵਜੋਂ ਭੂਆ-ਭਤੀਜਾ ਹਨ। ਬਲਜੀਤ ਕੌਰ ਦੇ ਪਤੀ ਬਲਬੀਰ ਸਿੰਘ ਨੂੰ 2022 ਵਿੱਚ ਰਾਜਸਥਾਨ ਦੇ ਸ੍ਰੀ ਗੰਗਾਨਗਰ ਦੇ ਹਿੰਦੂਮਲਕੋਟ ਥਾਣੇ ਵੱਲੋਂ ਐਨਡੀਪੀਐਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿੱਥੋਂ ਉਸ ਕੋਲੋਂ 5 ਕਿਲੋ ਹੈਰੋਇਨ ਬਰਾਮਦ ਹੋਈ ਸੀ। ਉਹ ਇਸ ਸਮੇਂ ਰਾਜਸਥਾਨ ਦੀ ਕਰਨਪੁਰ ਜੇਲ੍ਹ ਵਿੱਚ ਬੰਦ ਹੈ। ਇਸ ਸਬੰਧੀ ਛੇਹਰਟਾ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ।
ਹੈਰੋਇਨ, ਅਫੀਮ ਤੇ ਡਰੱਗ ਮਨੀ ਸਣੇ ਛੇ ਗ੍ਰਿਫ਼ਤਾਰ
ਅੰਮ੍ਰਿਤਸਰ ਦੇ ਜ਼ਿਲ੍ਹਾ ਦਿਹਾਤੀ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਦੋ ਕਿਲੋ ਹੈਰੋਇਨ, 300 ਗ੍ਰਾਮ ਅਫੀਮ, ਸਾਢੇ ਚਾਰ ਲੱਖ ਰੁਪਏ ਦੀ ਡਰੱਗ ਬਣੀ ਅਤੇ ਕਾਰ ਬਰਾਮਦ ਕੀਤੀ ਹੈ। ਐਸਐਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਬਲਬੀਰ ਸਿੰਘ ਉਰਫ ਬੀਰਾ ਅਤੇ ਅਜੈ ਵਰਮਾ ਵਜੋਂ ਹੋਈ ਹੈ। ਇਸੇ ਮਾਮਲੇ ਵਿੱਚ ਸੁਖਦੇਵ ਸਿੰਘ ਉਰਫ ਸੁੱਖ ਵਾਸੀ ਅਟਾਰੀ, ਹਰਮਨ ਦੀਪ ਸਿੰਘ ਉਰਫ ਹਨੀ ਅਤੇ ਹਰਮਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਬਾਅਦ ਇਸ ਮਾਮਲੇ ਵਿਚ ਸੁਬੇਗ ਸਿੰਘ ਉਰਫ ਸ਼ੇਗਾ ਸਿੰਘ ਨੂੰ ਵੀ ਕਾਬੂ ਕੀਤਾ ਗਿਆ।