ਸੜਕ ਹਾਦਸੇ ਵਿੱਚ ਪਰਿਵਾਰ ਦੇ ਚਾਰ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 4 ਫਰਵਰੀ
ਇਥੋਂ ਦੀ ਪਟਿਆਲਾ ਸੜਕ ’ਤੇ ਟਰਾਈ ਸਿਟੀ ਕਾਰ ਏਜੰਸੀ ਦੇ ਸਾਹਮਣੇ ਦੋ ਕਾਰਾਂ ਦੀ ਟੱਕਰ ਹੋ ਗਈ। ਹਾਦਸੇ ਵਿੱਚ ਇਕ ਪਰਿਵਾਰ ਦੇ ਚਾਰ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਦੋ ਦੋ ਔਰਤਾਂ ਅਤੇ ਇਕ 20 ਸਾਲਾ ਦਾ ਕੁੜੀ ਵੀ ਸ਼ਾਮਲ ਹੈ। ਜ਼ਖ਼ਮੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਜ਼ਖ਼ਮੀ ਔਰਤ ਦੀ ਸ਼ਿਕਾਇਤ ’ਤੇ ਹਾਦਸੇ ਲਈ ਮੁਲਜ਼ਮ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਰੀਣਾ ਸਚਦੇਵਾ ਪਤਨੀ ਰਾਜੇਸ਼ ਸਚਦੇਵਾ ਵਾਸੀ ਜ਼ੀਰਕਪੁਰ ਨੇ ਦੱਸਿਆ ਕਿ ਉਹ ਆਪਣੀ ਗੱਡੀ ਐੱਮਜੀ ਐਸਟਰ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਜ਼ੀਰਕਪੁਰ ਆਪਣੇ ਘਰ ਆ ਰਹੇ ਸੀ। ਕਾਰ ਨੂੰ ਉਸ ਦਾ ਲੜਕਾ ਕਾਰਤਿਕ ਚਲਾ ਰਿਹਾ ਸੀ। ਗੱਡੀ ਵਿੱਚ ਉਸ ਦੀ ਨੂੰਹ ਨਵਨੀਤ ਕੌਰ ਤੇ 20 ਸਾਲਾ ਦੀ ਪੋਤੀ ਯੁਵਾਨੀ ਸਵਾਰ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦ ਉਹ ਪਟਿਆਲਾ ਸੜਕ ’ਤੇ ਉਕਤ ਕਾਰ ਏਜੰਸੀ ਦੇ ਸਾਹਮਣੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਚਾਲਕ ਦਾ ਅਚਾਨਕ ਸੰਤੁਲੜ ਵਿਗੜ ਗਿਆ ਜਿਸ ਨੇ ਡਿਵਾਈਡਰ ਨੂੰ ਪਾਰ ਕਰਦੇ ਹੋਏ ਉਨ੍ਹਾਂ ਦੀ ਕਾਰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਉਹ ਚਾਰੇ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਥੇ ਉਸ ਦੀ ਪੋਤੀ ਯੁਵਾਨੀ ਦੀ ਹਾਲਤ ਜ਼ਿਆਦਾ ਗੰਭੀਰ ਹੈ ਜੋ ਵੈਂਟੀਲੇਟਰ ’ਤੇ ਹੈ। ਹਾਦਸੇ ਮਗਰੋਂ ਉਨ੍ਹਾਂ ਦੀ ਗੱਡੀ ਵਿੱਚ ਪਿਆ ਇੱਕ ਮੋਬਾਈਲ ਅਤੇ ਲੈਪਟੌਪ ਵੀ ਗਾਇਬ ਹੈ। ਪੁਲੀਸ ਨੇ ਜ਼ਖ਼ਮੀ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।