ਹੁਲਕਾ ਵਿੱਚ ਡਾਇਰੀਆ ਦੇ ਚਾਰ ਨਵੇਂ ਮਾਮਲੇ
ਪੱਤਰ ਪ੍ਰੇਰਕ
ਬਨੂੜ, 25 ਜੁਲਾਈ
ਨਜ਼ਦੀਕੀ ਪਿੰਡ ਹੁਲਕਾ ਵਿੱਚ ਪਰਵਾਸੀ ਮਜ਼ਦੂਰਾਂ ਦੇ ਡਾਇਰੀਆ ਨਾਲ ਦੋ ਸਾਲਾਂ ਦੇ ਇੱਕ ਲੜਕੇ ਆਰਮਨ ਦੀ ਮੌਤ ਹੋਣ ਉਪਰੰਤ ਅੱਜ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਮ੍ਰਿਤਕ ਬੱਚੇ ਦਾ ਚਾਰ ਵਰ੍ਹਿਆਂ ਦਾ ਵੱਡਾ ਭਰਾ ਸਾਰਜਨ ਪਹਿਲਾਂ ਹੀ ਡਾਇਰੀਆ ਤੋਂ ਪੀੜਤ ਹੈ ਤੇ ਉਹ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਿਹੜੇ ਨਵੇਂ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ ਵਿੱਚ 35 ਸਾਲਾ ਉਰਮਿਲਾ, 15 ਸਾਲਾ ਮਾਲਤੀ ਅਤੇ 10 ਸਾਲਾ ਸ਼ੁਸ਼ਮਾ ਹੈ। ਇਨ੍ਹਾਂ ਤਿੰਨਾਂ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਬਨੂੜ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਾਇਆ ਹੈ, ਜਿੱਥੇ ਤਿੰਨਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਇੱਥੇ ਹੀ ਇੱਕ ਹੋਰ ਬੱਚਾ ਵੀ ਪੀੜਤ ਪਾਇਆ ਗਿਆ, ਜਿਸ ਨੂੰ ਮੌਕੇ ਤੇ ਦਵਾਈ ਦਿੱਤੀ ਗਈ। ਸਮੁੱਚੇ ਪੀੜਤ ਪਰਵਾਸੀ ਪਰਿਵਾਰ ਨਾਲ ਸਬੰਧਿਤ ਹਨ ਅਤੇ ਇਹ ਸਾਰੇ ਪਿੰਡ ਹੁਲਕਾ ਵਿਖੇ ਗੁਰਜੰਟ ਸਿੰਘ ਦੇ ਟਿਊਬਵੈੱਲ ਉੱਤੇ ਰਹਿੰਦੇ ਹਨ।
ਇਸੇ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਨੇ ਪਿੰਡ ਹੁਲਕਾ ਅਤੇ ਨੰਡਿਆਲੀ ਵਿਖੇ 100 ਦੇ ਕਰੀਬ ਘਰਾਂ ਦਾ ਸਰਵੇਖਣ ਕੀਤਾ। ਟੀਮ ਦੇ ਮੈਂਬਰਾਂ ਰਘਵੀਰ ਸਿੰਘ, ਰਚਨਾ ਕੰਬੋਜ, ਕਿਰਨ ਬਾਲਾ, ਆਮਨਾ, ਗੁਰਪ੍ਰੀਤ ਕੌਰ, ਮਨਜੋਤ ਸਿੰਘ ਨੇ ਦੱਸਿਆ ਕਿ ਦੋਵੇਂ ਪਿੰਡਾਂ ਵਿੱਚ ਹੋਰ ਕੋਈ ਵੀ ਮਰੀਜ਼ ਡਾਇਰੀਆ ਤੋਂ ਪੀੜਤ ਨਹੀਂ ਪਾਇਆ ਗਿਆ। ਉਨ੍ਹਾਂ ਪਿੰਡ ਵਿੱਚ ਓਆਰਐੱਸ, ਜ਼ਿੰਕ, ਕਲੋਰੀਨ ਆਦਿ ਵੰਡੀ।