ਵਾਹਨ ਚੋਰ ਗਰੋਹ ਦੇ ਚਾਰ ਮੈਂਬਰ ਕਾਬੂ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 5 ਸਤੰਬਰ
ਪੁਲੀਸ ਨੇ ਮੋਟਰਸਾਈਕਲ ਚੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਕਥਿਤ ਚੋਰੀ ਦੇ 22 ਦੋਪਹੀਆ ਵਾਹਨ ਬਰਾਮਦ ਕੀਤੇ ਹਨ। ਡੀਐਸਪੀ (ਇਨਵੈਸਟੀਗੇਸ਼ਨ) ਰਾਜੇਸ਼ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਇੱਥੇ ਦੱਸਿਆ ਕਿ ਸੀਆਈਏ-1 ਬਠਿੰਡਾ ਦੀ ਟੀਮ ਕੋਲ 2 ਸਤੰਬਰ ਨੂੰ ਮੁਖ਼ਬਰੀ ਹੋਈ ਸੀ ਕਿ ਬਲਵਿੰਦਰ ਸਿੰਘ ਉਰਫ਼ ਗੁਰੀ ਵਾਸੀ ਠੁੱਲੀਵਾਲ ਜ਼ਿਲ੍ਹਾ ਬਰਨਾਲਾ (ਹਾਲ ਆਬਾਦ ਭੁੱਚੋ ਮੰਡੀ) ਅਤੇ ਸੁਖਵਿੰਦਰ ਕੁਮਾਰ ਉਰਫ ਸ਼ਰਮਾ ਵਾਸੀ ਰਾਮਪੁਰਾ ਬਠਿੰਡਾ ਅਤੇ ਆਸ-ਪਾਸ ਦੇ ਖੇਤਰਾਂ ’ਚੋਂ ਐਕਟਿਵਾ/ਮੋਟਰਸਾਈਕਲ ਚੋਰੀ ਕਰ ਕੇ ਇਨ੍ਹਾਂ ਵਾਹਨਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੁਖ਼ਬਰੀ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ 2 ਸਤੰਬਰ ਨੂੰ ਹੀ ਬਲਵਿੰਦਰ ਉਰਫ਼ ਗੁਰੀ ਅਤੇ ਸੁਖਵਿੰਦਰ ਉਰਫ਼ ਸ਼ਰਮਾ ਨੂੰ ਪੁਲੀਸ ਨੇ ਕਾਬੂ ਕਰਕੇ ਉਨ੍ਹਾਂ ਪਾਸੋਂ 1 ਮੋਟਰਸਾਈਕਲ ਬਰਾਮਦ ਕਰਵਾਇਆ ਅਤੇ ਇਸ ਤੋਂ ਬਾਅਦ ਇਨ੍ਹਾਂ ਵੱਲੋਂ ਕੀਤੇ ਇੰਕਸ਼ਾਫ਼ ਦੇ ਆਧਾਰ ’ਤੇ ਭੁੱਚੋ ਮੰਡੀ ਦੇ ਇੱਕ ਮਕਾਨ ’ਚੋਂ 9 ਹੋਰ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਗਏ।
ਨਸ਼ੀਲੀਆਂ ਗੋਲ਼ੀਆਂ ਅਤੇ ਡਰੱਗ ਮਨੀ ਸਣੇ ਔਰਤ ਗ੍ਰਿਫ਼ਤਾਰ
ਡਥਾਣਾ ਕੈਨਾਲ ਕਲੋਨੀ ਬਠਿੰਡਾ ਦੀ ਪੁਲੀਸ ਨੇ ਇਕ ਔਰਤ ਨੂੰ 1700 ਨਸ਼ੀਲੀਆਂ ਗੋਲ਼ੀਆਂ ਅਤੇ 1.05 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਦੀ ਪਛਾਣ ਰਣਜੀਤ ਕੌਰ ਉਰਫ਼ ਰਾਣੀ ਵਾਸੀ ਲਾਲ ਸਿੰਘ ਨਗਰ ਬਠਿੰਡਾ ਦੱਸੀ ਗਈ ਹੈ। ਇਹ ਵੀ ਦੱਸਿਆ ਗਿਆ ਕਿ ਥਾਣਾ ਕੈਨਾਲ ਕਲੋਨੀ ਵਿੱਚ ਹੀ 17.8.2021 ਨੂੰ ਇਸ ਮਹਿਲਾ ਖ਼ਿਲਾਫ਼ 15 ਗ੍ਰਾਮ ਹੈਰੋਇਨ ਰੱਖਣ ਦੇ ਕਥਿਤ ਦੋਸ਼ ਤਹਿਤ ਪਰਚਾ ਦਰਜ ਹੋਇਆ ਸੀ।