ਫਿਰੌਤੀ ਮੰਗਣ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ
ਸਿਮਰਤ ਪਾਲ ਬੇਦੀ
ਜੰਡਿਆਲਾ ਗੁਰੂ, 24 ਨਵੰਬਰ
ਪੁਲੀਸ ਨੇ ਫਿਰੌਤੀਆਂ ਮੰਗਣ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ। ਐੱਸਐੱਚਓ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਜੰਡਿਆਲਾ ਗੁਰੂ ਸ਼ਹਿਰ ਵਿੱਚ ਵਪਾਰੀਆਂ, ਸਰਾਫ਼ਾਂ ਅਤੇ ਹੋਰ ਕਾਰੋਬਾਰੀਆਂ ਕੋਲੋਂ ਵਿਦੇਸ਼ ਵਿੱਚ ਬੈਠੇ ਫ਼ਿਰੌਤੀਆਂ ਮੰਗਣ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਸ਼ਹਿਰ ਵਿੱਚ ਭਾਂਡਿਆਂ ਦੇ ਦੁਕਾਨਦਾਰ ਹੀਰਾ ਲਾਲ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਅਣਪਛਾਤੇ ਨੰਬਰ ਤੋਂ ਫਿਰੌਤੀ ਦੇਣ ਬਾਰੇ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਨੇ ਆਪਣਾ ਨਾਂ ਹੈਪੀ ਜੱਟ ਦੱਸਿਆ ਸੀ। ਐੱਸਐੱਚਓ ਨੇ ਦੱਸਿਆ ਕਿ ਪੁਲੀਸ ਨੇ ਨਵੀਂ ਤਕਨੀਕ ਦੀ ਵਰਤੋਂ ਕਰਦਿਆਂ ਧਮਕੀ ਦੇਣ ਵਾਲੇ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਨਵਜੋਤ ਸਿੰਘ, ਲਵਪ੍ਰੀਤ ਸਿੰਘ, ਨਵਜੋਤ ਸਿੰਘ ਵਾਸੀਆਨ ਜੰਡਿਆਲਾ ਗੁਰੂ ਅਤੇ ਰਾਜਬੀਰ ਸਿੰਘ ਖਿਲਚੀਆਂ ਵਜੋਂ ਹੋਈ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਹੋਰ ਪੁੱਛ-ਪੜਤਾਲ ਕੀਤੀ ਜਾਵੇਗੀ।
ਟਰਾਂਸਪੋਰਟਰ ਦੀ ਨਕਦੀ ਲੈ ਕੇ ਭੱਜਿਆ ਨੌਕਰ ਕਾਬੂ
ਐੱਸਐੱਚਓ ਮੁਖ਼ਤਿਆਰ ਸਿੰਘ ਨੇ ਦੱਸਿਆ ਇਕ ਟਰਾਂਸਪੋਰਟਰ ਦੀ ਸ਼ਿਕਾਇਤ ’ਤੇ ਉਸ ਦੇ ਨੌਕਰ ਨੂੰ ਵੀ ਫੜਿਆ ਹੈ ਜੋ ਟਰਾਂਸਪੋਰਟਰ ਵੱਲੋਂ ਬੈਂਕ ਵਿੱਚ ਜਮ੍ਹਾਂ ਕਰਾਉਣ ਲਈ ਦਿੱਤੇ 8.50 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ ਸੀ। ਉਨ੍ਹਾਂ ਦੱਸਿਆ ਟਰਾਂਸਪੋਰਟਰ ਨੇ ਆਪਣੇ ਨੌਕਰ ਨੂੰ 8.50 ਲੱਖ ਅਤੇ ਚੈੱਕ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਦਿੱਤੇ ਸਨ। ਨੌਕਰ ਨੇ ਬੈਂਕ ਵਿੱਚ ਚੈੱਕ ਜਮ੍ਹਾਂ ਕਰਵਾ ਦਿੱਤੇ ਪਰ ਰੁਪਏ ਜਮ੍ਹਾਂ ਨਹੀਂ ਕਰਵਾਏ ਅਤੇ ਭੱਜ ਗਿਆ। ਉਨ੍ਹਾਂ ਦੱਸਿਆ ਪੁਲੀਸ ਨੇ ਡਿਜੀਟਲ ਤਰੀਕੇ ਨਾਲ ਛਾਣਬੀਣ ਕਰਦਿਆਂ ਨੌਕਰ ਨੂੰ ਫੜ ਕੇ ਉਸ ਕੋਲੋਂ 1.80 ਲੱਖ ਰੁਪਏ ਬਰਾਮਦ ਕਰ ਲਏ ਹਨ ਅਤੇ ਬਾਕੀ ਪੈਸੇ ਬਰਾਮਦ ਕਰਾਉਣ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।