ਜੱਗੂ ਭਗਵਾਨਪੁਰੀਆ ਗਰੋਹ ਦੇ ਚਾਰ ਮੈਂਬਰ ਕਾਬੂ
ਜਲੰਧਰ, 16 ਅਗਸਤ
ਜਲੰਧਰ ਦਿਹਾਤੀ ਪੁਲੀਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਗਰੋਹ ਦੇ ਚਾਰ ਮੈਂਬਰਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦਿਹਾਤੀ ਪੁਲੀਸ ਦੇ ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਸਰਤ ਕੰਠ ਉਰਫ ਸਾਬੀ, ਕਮਲਪ੍ਰੀਤ ਸਿੰਘ ਉਰਫ ਕੋਮਲ ਬਾਜਵਾ, ਪਰਦੀਪ ਕੁਮਾਰ ਉਰਫ ਗੋਰਾ ਅਤੇ ਗੁਰਮੀਤ ਰਾਜ ਉਰਫ ਜੁਨੇਜਾ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਚੀਨ ਦਾ ਬਣਿਆ 7.65 ਐੱਮਐੱਮ ਗਲੌਕ, ਦੋ ਪਿਸਤੌਲ ਅਤੇ ਇੱਕ ਰਿਵਾਲਵਰ ਬਰਾਮਦ ਕਰਨ ਸਮੇਤ ਦੋ ਵਾਹਨ ਜ਼ਬਤ ਕੀਤੇ ਹਨ। ਅਸਰਤ ਕੰਠ ਨੇ ਮੰਨਿਆ ਕਿ ਬਰਾਮਦ ਕੀਤੇ ਗਏ ਹਥਿਆਰ ਜੱਗੂ ਭਗਵਾਨਪੁਰੀਆ ਗੈਂਗ ਦੇ ਜਰਮਨੀ ਵਿੱਚ ਰਹਿੰਦੇ ਮੈਂਬਰ ਅਮਨ ਨੇ ਬਟਾਲਾ ਵਾਸੀ ਸੰਜੂ ਉਰਫ ਸਾਹਿਲ ਕੁਮਾਰ ਰਾਹੀਂ ਸਪਲਾਈ ਕੀਤੇ ਸਨ। ਸੰਜੂ ਇਸ ਵੇਲੇ ਜੇਲ੍ਹ ਵਿੱਚ ਹੈ। ਮੁਲਜ਼ਮਾਂ ਨੂੰ ਹੁਣ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ
ਜਿੱਥੇ ਪੁਲੀਸ ਇਸ ਗਰੋਹ ਦੀਆਂ ਕਾਰਵਾਈਆਂ ਅਤੇ ਕੌਮਾਂਤਰੀ ਸਬੰਧਾਂ ਬਾਰੇ ਹੋਰ ਡੂੰਘਾਈ ਨਾਲ ਜਾਂਚ ਕਰਨ ਲਈ ਰਿਮਾਂਡ ਦੀ ਮੰਗ ਕਰੇਗੀ।
ਪੰਜਾਬ ਪੁਲੀਸ ਵੱਲੋਂ ਨਾਜਾਇਜ਼ ਅਸਲੇ ਸਣੇ ਮੁਲਜ਼ਮ ਕਾਬੂ
ਐਸਏਐਸ ਨਗਰ (ਮੁਹਾਲੀ) ਦਰਸ਼ਨ ਸਿੰਘ ਸੋਢੀ
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐੱਸਐੱਸਓਸੀ) ਮੁਹਾਲੀ ਨੇ ਅੰਤਰਰਾਜੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਕੇ ਮੁਲਜ਼ਮ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ’ਚੋਂ .32 ਬੋਰ ਦੇ ਚਾਰ ਪਿਸਤੌਲ ਬਰਾਮਦ ਕੀਤੇ ਗਏ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਵਿਨੋਦ ਕੁਮਾਰ ਉਰਫ਼ ਰਾਹੁਲ ਵਾਸੀ ਗਿਆਸਪੁਰਾ (ਲੁਧਿਆਣਾ) ਵਜੋਂ ਹੋਈ ਹੈ। ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਹਥਿਆਰ ਸਪਲਾਈ ਕਰਨ ਵਾਲੇ ਨੂੰ ਭਾਗੋਮਾਜਰਾ ਟੌਲ ਪਲਾਜ਼ਾ ’ਤੇ ਗ੍ਰਿਫ਼ਤਾਰ ਕੀਤਾ ਗਿਆ।